ਪਹਿਲੇ ਦਿਨ 559 ਮੁਸਾਫਰਾਂ ਨੇ ਕੀਤਾ ਘਰੇਲੂ ਉਡਾਨ ''ਚ ਸਫਰ
Monday, May 25, 2020 - 11:27 PM (IST)
ਚੰਡੀਗੜ੍ਹ, (ਲਲਨ)— ਕੋਰੋਨਾ ਮਹਾਂਮਾਰੀ ਕਾਰਨ 67 ਦਿਨਾਂ ਤੋਂ ਬੰਦ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਸੋਮਵਾਰ ਨੂੰ ਘਰੇਲੂ ਉਡਾਨਾਂ ਦਾ ਸੰਚਾਲਨ ਸ਼ੁਰੂ ਹੋਇਆ। ਟ੍ਰਾਈਸਿਟੀ ਦੇ 559 ਮੁਸਾਫ਼ਰਾਂ ਨੇ ਸਫਰ ਕੀਤਾ। ਇਨ੍ਹਾਂ 'ਚ ਮੁੰਬਈ ਜਾਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਸੀ। ਚੰਡੀਗੜ੍ਹ ਏਅਰਪੋਰਟ ਤੋਂ ਧਰਮਸ਼ਾਲਾ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਨਿੱਜੀ ਕਾਰਨਾਂ ਕਰ ਕੇ ਰੱਦ ਰਹੀ। ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫਸਰ ਪ੍ਰਿੰਸ ਨੇ ਦੱਸਿਆ ਕਿ ਸੋਮਵਾਰ ਨੂੰ 7 ਫਲਾਈਟਾਂ ਅਪਰੇਟ ਹੋਈਆਂ ਹਨ, ਜਦੋਂਕਿ ਕੁਝ ਉਡਾਨਾਂ ਹਫ਼ਤੇ 'ਚ 5 ਦਿਨ ਹਨ।
ਸਾਰੇ ਮੁਸਾਫਰਾਂ ਦੀ ਮੈਡੀਕਲ ਜਾਂਚ ਹੋਈ
ਚੰਡੀਗੜ੍ਹ ਇੰਟਰਨੈਸ਼ਨਲ ਏਰਅਰਪੋਰਟ 'ਤੇ ਪਹਿਲੀ ਉਡਾਨ ਮੁੰਬਈ ਤੋਂ ਆਈ। ਇੰਡੀਗੋ 495 ਦੀ ਫਲਾਈਟ 'ਚ ਮੁੰਬਈ ਤੋਂ 142 ਮੁਸਾਫ਼ਰ ਆਏ। ਇਸ ਉਡਾਨ ਤੋਂ 38 ਮੁਸਾਫ਼ਰ ਮੁੰਬਈ ਲਈ ਰਵਾਨਾ ਹੋਏ। ਇਸ ਤੋਂ ਇਲਾਵਾ ਇੰਡੀਗੋ ਦੀ ਦਿੱਲੀ ਦੀ ਉਡਾਨ ਰਾਹੀਂ 67 ਮੁਸਾਫ਼ਰ ਆਏ ਅਤੇ 71 ਮੁਸਾਫ਼ਰ ਗਏ। ਇੰਡੀਗੋ ਦੀ ਬੈਂਗਲੁਰੂ ਦੀ ਉਡਾਨ ਰਾਹੀਂ 122 ਮੁਸਾਫ਼ਰ ਆਏ ਅਤੇ 54 ਮੁਸਾਫ਼ਰ ਗਏ। ਏਅਰ ਏਸ਼ੀਆ ਦੀ ਬੈਂਗਲੁਰੂ ਦੀ ਫਲਾਈਟ ਰਾਹੀਂ 88 ਮੁਸਾਫ਼ਰ ਆਏ ਅਤੇ 39 ਮੁਸਾਫ਼ਰ ਗਏ। ਉਥੇ ਹੀ, ਵਿਸਤਾਰਾ ਦੀ ਦਿੱਲੀ ਤੋਂ ਆਉਣ ਵਾਲੀ ਉਡਾਨ 'ਚ 31 ਮੁਸਾਫ਼ਰ ਆਏ ਅਤੇ 25 ਗਏ। ਏਅਰਪੋਰਟ 'ਤੇ ਸਾਰੇ ਮੁਸਾਫਰਾਂ ਦੀ ਮੈਡੀਕਲ ਜਾਂਚ ਕੀਤੀ ਗਈ।