15 ਅਗਸਤ ਨੂੰ ਲੈ ਕੇ ਪੁਲਸ ਨੇ ਚੌਕਸੀ ਹੋਰ ਵਧਾਈ, ਕੀਤੀ ਜਾ ਰਹੀ ਸਖ਼ਤ ਚੈਕਿੰਗ

Monday, Aug 12, 2024 - 03:10 PM (IST)

15 ਅਗਸਤ ਨੂੰ ਲੈ ਕੇ ਪੁਲਸ ਨੇ ਚੌਕਸੀ ਹੋਰ ਵਧਾਈ, ਕੀਤੀ ਜਾ ਰਹੀ ਸਖ਼ਤ ਚੈਕਿੰਗ

ਫਿਰੋਜ਼ਪੁਰ (ਕੁਮਾਰ) : 15 ਅਗਸਤ ਆਜ਼ਾਦੀ ਦਿਹਾੜੇ ਨੂੰ ਲੈ ਕੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ’ਚ ਐੱਸ. ਐੱਸ. ਪੀ. ਸੌਮਿਆ ਮਿਸ਼ਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਸ ਵੱਲੋਂ ਨਾਕਾਬੰਦੀ ਅਤੇ ਚੌਕਸੀ ਹੋਰ ਵਧਾ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਹੈੱਡਕੁਆਰਟਰ ਫਿਰੋਜ਼ਪੁਰ ਜੁਗਰਾਜ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ’ਚ ਇਸ ਸਮੇਂ 18 ਪੁਲਸ ਨਾਕੇ ਚੱਲ ਰਹੇ ਹਨ, ਜਿਨ੍ਹਾਂ ਵਿਚੋਂ ਕਈ ਸ਼ਿਫਟਿੰਗ ਨਾਕੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਡਾਰਕ ਜ਼ੋਨ ਖੇਤਰਾਂ ’ਚ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਂਦੀ ਹੈ ਅਤੇ ਜ਼ਿਲ੍ਹੇ ਭਰ ’ਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਜਨਤਕ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ’ਚ 24 ਘੰਟੇ ਪੁਲਸ ਦੀ ਗਸ਼ਤ ਜਾਰੀ ਹੈ ਅਤੇ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੀਆਂ ਸਬ-ਡਵੀਜ਼ਨਾਂ ਦੇ ਜੀ. ਓਜ਼ ਆਪੋ-ਆਪਣੇ ਖੇਤਰਾਂ ’ਚ ਲਾਏ ਜਾ ਰਹੇ ਨਾਕਿਆਂ ਦੀ ਸੁਪਰਵਿਜ਼ਨ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਥਾਂ ’ਤੇ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ ਤਾਂ ਉਹ ਤੁਰੰਤ ਪੁਲਸ ਕੰਟਰੋਲ ਰੂਮ ਜਾਂ ਪੁਲਸ ਅਧਿਕਾਰੀਆਂ ਦੇ ਦਿੱਤੇ ਗਏ ਨੰਬਰਾਂ ’ਤੇ ਸੂਚਿਤ ਕਰਨ। ਐੱਸ. ਪੀ. ਜੁਗਰਾਜ ਸਿੰਘ ਨੇ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨ ਲਈ ਜ਼ਿਲਾ ਫਿਰੋਜ਼ਪੁਰ ਪੁਲਸ ਵਚਨਬੱਧ ਹੈ ਅਤੇ ਪੁਲਸ ਵੱਲੋਂ ਸੁਰੱਖਿਆ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਡੀ. ਐੱਸ. ਪੀ. ਸਿਟੀ ਫਿਰੋਜ਼ਪੁਰ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।


author

Babita

Content Editor

Related News