ਮੰਤਰੀ ਓ. ਪੀ. ਸੋਨੀ ਨੇ ਫੂਡ ਤੇ ਡਰੱਗ ਪ੍ਰਬੰਧਨ ਮਹਿਕਮੇ ਦੇ ਅਧਿਕਾਰੀਆਂ ਨੂੰ ਦਿੱਤੀਆਂ ਇਹ ਖ਼ਾਸ ਹਦਾਇਤਾਂ

Friday, Oct 08, 2021 - 06:30 PM (IST)

ਮੰਤਰੀ ਓ. ਪੀ. ਸੋਨੀ ਨੇ ਫੂਡ ਤੇ ਡਰੱਗ ਪ੍ਰਬੰਧਨ ਮਹਿਕਮੇ ਦੇ ਅਧਿਕਾਰੀਆਂ ਨੂੰ ਦਿੱਤੀਆਂ ਇਹ ਖ਼ਾਸ ਹਦਾਇਤਾਂ

ਚੰਡੀਗੜ੍ਹ- ਪੰਜਾਬ ਦੇ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇਥੇ ਜ਼ਿਲ੍ਹਿਆਂ ਵਿਚ ਤਾਇਨਾਤ ਫੂਡ ਅਤੇ ਡਰੱਗ ਪ੍ਰਬੰਧਨ ਮਹਿਕਮੇ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਆਪਣੀਆਂ ਡਿਊਟੀਆਂ ਦਾ ਨਿਰਵਾਹ ਕਰਨ। ਅੱਜ ਇਥੇ ਹੈੱਡਕੁਆਰਟਰ ਅਤੇ ਫੀਲਡ ਦੇ ਅਧਿਕਾਰੀਆਂ ਨਾਲ ਪਹਿਲੀ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਵਿਚ ਤਾਇਨਾਤ ਫੂਡ ਬ੍ਰਾਂਚ ਦੇ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਸੂਬੇ ਦੇ ਲੋਕਾਂ ਨੂੰ ਉੱਚ ਗੁਣਵੱਤਾ ਵਾਲਾ ਖਾਦ ਪਦਾਰਥ ਯਕੀਨੀ ਤੌਰ ‘ਤੇ ਮਿਲੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਛੋਟੇ ਦੁਕਾਨਦਾਰਾਂ ਨੂੰ ਸੈਂਪਲਿੰਗ ਦੇ ਨਾਂ ‘ਤੇ ਤੰਗ ਨਾ ਕੀਤਾ ਜਾਵੇ। 

ਸੋਨੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਹੀਨਾਵਾਰ ਸੈਂਪਲਿੰਗ ਦੇ ਟਾਗਰੇਟ ਨੂੰ ਨਵੇਂ ਸਿਰੇ ਤੋਂ ਤੈਅ ਕਰਨ। ਉਨ੍ਹਾਂ ਫੂਡ ਅਧਿਕਾਰੀ ਨੂੰ ਕਿਹਾ ਕਿ ਸਿਰਫ਼ ਮਹੀਨਾਵਾਰ ਟਾਰਗੇਟ ਪੂਰਾ ਕਰਨ ਲਈ ਹੀ ਸੈਂਪਲਿੰਗ ਨਾ ਕਰਨ, ਸਗੋਂ ਲੋਕਾਂ ਨੂੰ ਘਟੀਆ ਗੁਣਵੱਤਾ ਦੇ ਖਾਦ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਨੱਥ ਪਾਉਣ ਲਈ ਅਜਿਹੇ ਦੁਕਾਨਦਾਰਾਂ ਦੀ ਸੈਂਪਲਿੰਗ ਨੂੰ ਯਕੀਨੀ ਬਨਾਉਣ। ਇਸ ਮੌਕੇ ਉਨ੍ਹਾਂ ਡਰੱਗ ਬ੍ਰਾਂਚ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸੂਬੇ ਵਿੱਚ ਕਿਸੇ ਵੀ ਪ੍ਰਕਾਰ ਦਾ ਮੈਡੀਕਲ ਨਸ਼ਾ ਨਾ ਵਿਕੇ।

ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਪੁੱਜਾ ਅਕਾਲੀ ਦਲ ਦਾ ਵਫ਼ਦ, ਬੀਬੀ ਬਾਦਲ ਨੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨਾਲ ਦੁੱਖ਼ ਕੀਤਾ ਸਾਂਝਾ

ਸੋਨੀ ਨੇ ਸੂਬੇ ਵਿੱਚ ਹੋਰ ਨਵੇਂ ਡੀ-ਐਡੀਕਸ਼ਨ ਸੈਂਟਰਾਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦੇਣ ‘ਤੇ ਰੋਕ ਲਗਾਉਂਦਿਆਂ ਕਿਹਾ ਕਿ ਉੱਚ ਅਧਿਕਾਰੀਆਂ ਸੂਬੇ ਦੇ ਸਾਰੇ ਡੀ-ਐਡੀਕਸ਼ਨ ਸੈਂਟਰਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਅਤੇ ਜੇਕਰ ਕੋਈ ਡੀ-ਐਡੀਕਸ਼ਨ ਸੈਂਟਰ ਗਲਤ ਕੰਮ ਕਰਦਾ ਪਾਇਆ ਜਾਂਦਾ ਹੈ ਤਾਂ ਉਹਨਾਂ ਵਿਰੁੱਧ ਨਿਯਮ ਅਨੁਸਾਰ ਬਣਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ। ਉਹਨਾਂ ਡਰੱਗ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਹਰ ਮਹੀਨੇ ਡੀ-ਐਡੀਕਸ਼ਨ ਸੈਂਟਰਾਂ ਦੀ ਜਾਂਚ ਕਰਕੇ ਰਿਪੋਰਟ ਕਰਨਗੇ। 

ਸੋਨੀ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਕਿਸੇ ਵੀ ਪ੍ਰਕਾਰ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭ੍ਰਿਸ਼ਟਾਚਾਰ ਸਬੰਧੀ ਜਿਸ ਵੀ ਅਧਿਕਾਰੀ/ਕਰਮਚਾਰੀ ਦੀ ਸ਼ਿਕਾਇਤ ਮਿਲੀ, ਉਸ ਵਿਰੁੱਧ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਦਾ ਕੋਈ ਅਧਿਕਾਰੀ/ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ, ਤਾਂ ਉਸ ਬਾਰੇ ਸੂਚਨਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ।

ਇਹ ਵੀ ਪੜ੍ਹੋ: ਵਿਦੇਸ਼ ਜਾਣ ਦੀ ਲਾਲਸਾ ਰਿਸ਼ਤਿਆਂ ’ਤੇ ਪਈ ਭਾਰੀ, ਦੋਸਤਾਂ ਨਾਲ ਮਿਲ ਕੇ ਪੁੱਤ ਨੇ ਕੀਤਾ ਪਿਤਾ ਦਾ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News