ਸਿੱਖਿਆ ਮੰਤਰੀ ਵਲੋਂ ਮੈਰਿਟ ''ਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ
Thursday, May 09, 2019 - 08:51 AM (IST)

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ 'ਚ ਮੈਰਿਟ 'ਚ ਆਉਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਇੱਥੇ ਜਾਰੀ ਇੱਕ ਬਿਆਨ 'ਚ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਦਿੱਤੀ ਸੁਚੱਜੀ ਅਗਵਾਈ ਦੇ ਸਦਕਾ ਇਹ ਮੁਕਾਮ ਹਾਸਲ ਕੀਤਾ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਅਧਿਆਪਕਾਂ ਅਤੇ ਪ੍ਰਿੰਸੀਪਲ ਦੀ ਮਿਹਨਤ ਸਦਕਾ ਇਸ ਵਾਰ ਵਿਦਿਆਰਥੀਆਂ ਦੀ ਪਾਸ ਫੀਸਦੀ 85.56 ਫੀਸਦੀ ਰਹੀ ਹੈ, ਜਦੋਂਕਿ ਪਿਛਲੇ ਵਾਰ ਪਾਸ ਫੀਸਦੀ 57.50 ਫੀਸਦੀ ਰਹੀ ਸੀ ਜੋ ਕਿ ਇਕ ਵੱਡੀ ਪ੍ਰਾਪਤੀ ਹੈ। ਇਸ ਲਈ ਜਿੱਥੇ ਸਖ਼ਤ ਮਿਹਨਤ ਕਰਕੇ ਪਾਸ ਹੋਏ ਵਿਦਿਆਰਥੀ ਵਧਾਈ ਦੇ ਪਾਤਰ ਹਨ, ਉੱਥੇ ਨਾਲ ਹੀ ਅਧਿਆਕਕ ਅਤੇ ਪ੍ਰਿੰਸੀਪਲ ਸਾਹਿਬਾਨ ਵੀ ਵਧਾਈ ਦੇ ਪਾਤਰ ਹਨ।
ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸੈਸ਼ਨ ਦੇ ਸ਼ੁਰੂਆਤ ਤੋਂ ਹੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁਕਣਾ ਅਤੇ ਵਿਦਿਆਰਥੀਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ ਤਾਂ ਜੋ ਸਿੱਖਿਆ ਦੀ ਮਿਆਰ ਨੂੰ ਉੱਚਾ ਚੁਕਿਆ ਜਾ ਸਕੇ। ਇਸ ਕਾਰਜ ਦੀ ਨਿਗਰਾਨੀ ਲਈ ਪੰਜਾਬ ਰਾਜ ਨੂੰ 4 ਜੋਨਾਂ ਵਿੱਚ ਵੰਡ ਕੇ ਸਕੂਲ, ਬਲਾਕ ਅਤੇ ਜ਼ਿਲਾ ਪੱਧਰ 'ਤੇ ਲਗਾਤਾਰ ਨਿਗਰਾਨੀ ਕੀਤੀ ਗਈ ਜਿਸ ਵਿੱਚ ਜ਼ਿਲਾ ਸਿੱਖਿਆ ਅਫਸਰਾਂ ਦੀ ਅਹਿਮ ਭੂਮਿਕਾ ਸੀ। ਇਸ ਤੋਂ ਇਲਾਵਾ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਵਿਸ਼ੇਸ ਕਲਾਸਾਂ ਲਗਾਇਆਂ ਗਈਆਂ ਤਾਂ ਜੋ ਕਮਜ਼ੋਰ ਵਿਦਿਆਰਥੀ ਵੀ ਹੁਸ਼ਿਆਰ ਵਿਦਿਆਰਥੀਆਂ ਦੇ ਬਰਾਬਰੀ ਕਰ ਸਕਣ। ਇਸ ਤੋਂ ਇਲਾਵਾ ਸਾਰਾ ਸਾਲ ਹੈਡਕੁਆਟਰ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਜ਼ਿਲਿਆਂ 'ਚ ਅਚਨਚੇਤ ਚੈਕਿੰਗ ਦਾ ਕਾਰਜ ਵੀ ਚਲਦਾ ਰਿਹਾ।
ਉਨ੍ਹਾਂ ਆਸ ਪ੍ਰਗਟਾਈ ਕਿ ਆਉਂਦੇ ਸਾਲਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਤੀਜਾ 100 ਫੀਸਦੀ ਪਾਸ ਪ੍ਰਤੀਸ਼ਤਾਂ ਨੂੰ ਛੂਹੇਗਾ ਅਤੇ ਨਾਲ ਹੀ ਉਨ੍ਹਾਂ ਸਕੂਲ ਅਧਿਆਪਕਾਂ ਅਤੇ ਮੁੱਖੀਆਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਵੀ ਇਸੇ ਸਮਰਪਣ ਭਾਵਨਾ ਨਾਲ ਕੰਮ ਕਰਨਗੇ। ਉਨ੍ਹਾਂ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਵਧੀਆ ਰਿਜ਼ਲਟ ਆਉਣ 'ਤੇ ਵਧਾਈ ਦਿੱਤੀ ਹੈ।