ਜਲੰਧਰ: ਕਰੋੜਾਂ ਦੀ ਠੱਗੀ ਦੇ ਮਾਮਲੇ ''ਚ ਆਇਆ ਨਵਾਂ ਮੋੜ, ਫਾਈਨਾਂਸਰ ''ਤੇ ਲੱਗੇ ਇਹ ਦੋਸ਼

Wednesday, Sep 30, 2020 - 11:25 AM (IST)

ਜਲੰਧਰ: ਕਰੋੜਾਂ ਦੀ ਠੱਗੀ ਦੇ ਮਾਮਲੇ ''ਚ ਆਇਆ ਨਵਾਂ ਮੋੜ, ਫਾਈਨਾਂਸਰ ''ਤੇ ਲੱਗੇ ਇਹ ਦੋਸ਼

ਜਲੰਧਰ (ਜ. ਬ.)— ਗੋਲਡ ਕਿੱਟੀ ਦੇ ਨਾਂ 'ਤੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਮਲੇ 'ਚ ਹੁਣ ਨਵਾਂ ਮੋੜ ਆ ਗਿਆ ਹੈ। ਰੀਅਲ ਅਸਟੇਟ ਦਾ ਕਾਰੋਬਾਰ ਕਰਨ ਵਾਲੇ ਇਕ ਵਿਅਕਤੀ ਨੇ ਪੀ. ਪੀ. ਆਰ. ਮਾਲ ਦੇ ਹੀ ਫਾਈਨਾਂਸਰ 'ਤੇ ਕੰਪਨੀ ਦੇ ਮਾਲਕਾਂ ਦੇ ਪੈਸੇ ਮਿਲੀਭੁਗਤ ਨਾਲ ਇਨਵੈਸਟ ਕਰਨ ਦੇ ਦੋਸ਼ ਲਾਏ ਹਨ ਅਤੇ ਉਸ ਦੀ ਭੂਮਿਕਾ ਦੀ ਜਾਂਚ ਕਰਨ ਲਈ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ। ਕਮਿਸ਼ਨਰ ਨੇ ਉਕਤ ਸ਼ਿਕਾਇਤ ਜਾਂਚ ਲਈ ਡੀ. ਸੀ. ਪੀ. ਨੂੰ ਭੇਜ ਦਿੱਤੀ ਹੈ।

ਸ਼ਿਕਾਇਤਕਰਤਾ ਜਤਿੰਦਰ ਨਈਅਰ ਨੇ ਦੱਸਿਆ ਕਿ ਉਹ ਪੀ. ਪੀ. ਆਰ. ਮਾਲ ਵਿਚ ਹੀ ਰੀਅਲ ਅਸਟੇਟ ਦਾ ਕੰਮ ਕਰਦੇ ਹਨ। ਕੁਝ ਸਮਾਂ ਪਹਿਲਾਂ ਕੰਪਨੀ ਦੇ ਸੀ. ਈ. ਓ. ਗੁਰਮਿੰਦਰ ਸਿੰਘ ਅਤੇ ਫਾਈਨਾਂਸਰ ਨੇ ਉਨ੍ਹਾਂ ਨਾਲ ਮੀਟਿੰਗ ਕੀਤੀ ਸੀ। ਉਦੋਂ ਗੁਰਮਿੰਦਰ ਸਿੰਘ ਨੇ ਫਾਈਨਾਂਸਰ ਦੀ ਪਛਾਣ ਕਰਵਾਉਂਦਿਆਂ ਦੱਸਿਆ ਸੀ ਕਿ ਉਹ ਉਨ੍ਹਾਂ ਦੇ ਪੈਸੇ ਵੱਖ-ਵੱਖ ਥਾਵਾਂ 'ਤੇ ਇਨਵੈਸਟ ਕਰਵਾਉਂਦਾ ਹੈ ਅਤੇ ਪ੍ਰਾਪਰਟੀ ਦਿਵਾਉਣ ਦਾ ਕੰਮ ਵੀ ਉਹੀ ਵੇਖਦਾ ਹੈ। ਜਤਿੰਦਰ ਨਈਅਰ ਨੇ ਦਾਅਵਾ ਕੀਤਾ ਕਿ ਵ੍ਹਿਜ਼ ਪਾਵਰ ਕੰਪਨੀ ਦੇ ਤਿੰਨਾਂ ਮਾਲਕਾਂ ਦੀ ਪ੍ਰਾਪਰਟੀ ਦੀ ਡਿਟੇਲ ਦਾ ਵੀ ਇਸ ਫਾਈਨਾਂਸਰ ਨੂੰ ਪਤਾ ਹੈ। ਸ਼ਿਕਾਇਤ 'ਚ ਫਾਈਨਾਂਸਰ 'ਤੇ ਇਹ ਵੀ ਦੋਸ਼ ਲਾਇਆ ਗਿਆ ਕਿ ਮਾਰਕੀਟ 'ਚ ਉਸ ਨੇ ਇਕ ਐਸੋਸੀਏਸ਼ਨ ਬਣਾਈ ਹੋਈ ਹੈ, ਜਿਸ ਦੇ ਬੈਨਰ ਹੇਠ ਦੁਕਾਨਦਾਰਾਂ ਅਤੇ ਉਨ੍ਹਾਂ ਦੇ ਕਲਾਈਂਟਸ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਉਥੇ ਹੀ ਫਾਈਨਾਂਸਰ ਸੰਦੀਪ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਖੁਦ 'ਤੇ ਲਾਏ ਦੋਸ਼ਾਂ ਨੂੰ ਗਲਤ ਦੱਸਿਆ।

PunjabKesari

ਉਨ੍ਹਾਂ ਕਿਹਾ ਕਿ ਉਹ ਆਪਣਾ ਪੋਰਟਲ ਚਲਾਉਂਦੇ ਹਨ, ਜਿਸ 'ਚ ਅਕਸਰ ਪੀ. ਪੀ. ਆਰ. ਮਾਲ ਮਾਰਕੀਟ ਵਿਚ ਹੋਣ ਵਾਲੀਆਂ ਗਲਤ ਗੱਲਾਂ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਪੀ. ਪੀ. ਆਰ. ਮਾਰਕੀਟ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਬਾਥਰੂਮ ਵੀ ਵਿਕ ਰਹੇ ਹਨ। ਇਸ ਵਿਰੁੱਧ ਉਨ੍ਹਾਂ ਆਵਾਜ਼ ਉਠਾਈ ਸੀ ਪਰ ਕੁਝ ਲੋਕ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲ ਈ ਝੂਠੀਆਂ ਸ਼ਿਕਾਇਤਾਂ ਦੇ ਰਹੇ ਹਨ। ਉਹ ਹਰ ਤਰ੍ਹਾਂ ਦੀ ਜਾਂਚ ਕਰਵਾਉਣ ਲਈ ਤਿਆਰ ਹਨ।

ਸੰਦੀਪ ਨੇ ਕਿਹਾ ਕਿ ਤਾਲਾਬੰਦੀ ਤੋਂ ਪਹਿਲਾਂ ਉਨ੍ਹਾਂ ਦੀ ਕਿੱਟੀ ਚੱਲਦੀ ਸੀ, ਜਿਸ ਕਾਰਨ ਉਹ ਕੰਪਨੀ ਦੇ ਮਾਲਕ ਰਣਜੀਤ ਸਿੰਘ ਨੂੰ ਜਾਣਦੇ ਸਨ। ਦੂਜੇ ਪਾਸੇ ਕੰਪਨੀ ਦੇ ਡਿਸਟਰੀਬਿਊਟਰਾਂ ਨੇ ਆਰ. ਟੀ. ਏ. ਪਾ ਕੇ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਅਤੇ ਉਸ ਦੇ ਤਿੰਨਾਂ ਮਾਲਕਾਂ ਵੱਲੋਂ ਖਰੀਦੀਆਂ ਗਈਆਂ ਕਾਰਾਂ ਦੀ ਜਾਣਕਾਰੀ ਮੰਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀ ਧਿਰ ਦੀ ਇਕ ਹਾਂਡਾ ਸਿਟੀ ਕਾਰ ਵੀ ਖੜ੍ਹੀ ਹੈ, ਜਿਸ ਨੂੰ ਪੁਲਸ ਨੇ ਜ਼ਬਤ ਨਹੀਂ ਕੀਤਾ। ਉਨ੍ਹਾਂ ਦੇ ਨਾਂ 'ਤੇ ਹੋਰ ਗੱਡੀਆਂ ਵੀ ਹੋ ਸਕਦੀਆਂ ਹਨ, ਜੋ ਉਨ੍ਹਾਂ ਲੋਕਾਂ ਦੇ ਪੈਸਿਆਂ ਨਾਲ ਖਰੀਦੀਆਂ ਹਨ।

ਸੀ. ਪੀ. ਨੂੰ ਸ਼ਿਕਾਇਤ ਦੇ ਕੇ ਕੇਸ ਦੀ ਦੋਬਾਰਾ ਜਾਂਚ ਦੀ ਕੀਤੀ ਮੰਗ
ਇਸ ਮਾਮਲੇ 'ਚ ਸੀ. ਬੀ. ਆਈ. ਜਾਂਚ ਦੀ ਮੰਗ ਕਰ ਚੁੱਕੇ ਡਿਸਟਰੀਬਿਊਟਰਾਂ ਨੇ ਹੁਣ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਕੇਸ ਦੀ ਦੇਬਾਰਾ ਜਾਂਚ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਹ ਫਰਾਡ 300 ਕਰੋੜ ਤੋਂ ਵੀ ਜ਼ਿਆਦਾ ਹੈ ਪਰ ਪੁਲਸ ਨੇ ਇਸ ਨੂੰ ਐੱਫ. ਆਈ. ਆਰ. 'ਚ 25 ਕਰੋੜ ਅਤੇ ਪੇਸ਼ ਕੀਤੇ ਚਲਾਨ 'ਚ ਸਿਰਫ 7.83 ਕਰੋੜ ਦੱਸਿਆ ਹੈ। ਸ਼ਿਕਾਇਤ 'ਚ ਕਿਹਾ ਗਿਆ ਕਿ ਕਈ ਅਜਿਹੇ ਤੱਥ ਹਨ, ਜਿਨ੍ਹਾਂ ਨੂੰ ਪੁਲਸ ਨੇ ਜਾਂਚ ਦੇ ਘੇਰੇ ਵਿਚ ਸ਼ਾਮਲ ਨਹੀਂ ਕੀਤਾ।


author

shivani attri

Content Editor

Related News