ਪਾਤੜਾਂ ਦੇ ਸੁਦਰਸ਼ਨ ਹਸਪਤਾਲ ''ਚ ਚੋਰਾਂ ਨੇ ਕੱਟਿਆ ਬਜ਼ੁਰਗ ਦਾ ਗਲਾ

Thursday, Feb 08, 2018 - 06:53 AM (IST)

ਪਾਤੜਾਂ ਦੇ ਸੁਦਰਸ਼ਨ ਹਸਪਤਾਲ ''ਚ ਚੋਰਾਂ ਨੇ ਕੱਟਿਆ ਬਜ਼ੁਰਗ ਦਾ ਗਲਾ

ਸ਼ੁਤਰਾਣਾ/ਪਾਤੜਾਂ  (ਅਡਵਾਨੀ) - ਬੀਤੀ ਰਾਤ ਸ਼ਹਿਰ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਦੋ ਚੋਰ ਸੁਦਰਸ਼ਨ ਹਸਪਤਾਲ 'ਚ ਡਾਕਟਰ ਦੇ ਘਰ ਵਿਚ ਕੰਧ ਟੱਪ ਕੇ ਦਾਖਲ ਹੋ ਗਏ। ਚੋਰਾਂ ਵੱਲੋਂ ਚੋਰੀ ਕਰਨ ਸਮੇਂ ਖੜਾਕਾ ਹੋਇਆ ਤਾਂ ਘਰ ਵਿਚ ਸੁੱਤੀ ਬਜ਼ੁਰਗ ਔਰਤ ਉਠ ਕੇ ਚੋਰਾਂ ਨਾਲ ਭਿੜ ਪਈ। ਚੋਰਾਂ ਨੇ ਉਸ ਨੂੰ ਚੁੱਪ ਕਰਵਾਉਣ ਲਈ ਉਸ 'ਤੇ ਚਾਕੂ ਨਾਲ ਵਾਰ ਕਰਦਿਆਂ ਉਸ ਦਾ ਮੂੰਹ ਦਬਾ ਕੇ ਗਲਾ ਕੱਟ ਦਿੱਤਾ। ਚੀਕਾਂ ਦੀ ਆਵਾਜ਼ ਸੁਣ ਕੇ ਘਰ ਦੇ ਸਾਰੇ ਮੈਂਬਰ ਉਠ ਗਏ, ਜਿਸ ਕਰ ਕੇ ਚੋਰ ਛੱਤ ਤੋਂ ਛਾਲਾਂ ਮਾਰ ਕੇ ਦੌੜਨ ਵਿਚ ਸਫਲ ਹੋ ਗਏ। ਗੰਭੀਰ ਹਾਲਤ 'ਚ ਬਜ਼ੁਰਗ ਔਰਤ ਨੂੰ ਤੁਰੰਤ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸ ਨੂੰ ਬਚਾਉਣ ਲਈ ਆਪ੍ਰੇਸ਼ਨ ਚੱਲ ਰਿਹਾ ਹੈ। ਇਸ ਸਮੇਂ ਬਜ਼ੁਰਗ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੀ ਹੈ। ਹਸਪਤਾਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਖਰਾਬ ਹੋਣ ਕਾਰਨ ਪੁਲਸ ਲਈ ਤਫਤੀਸ਼ ਵਿਚ ਕਾਫੀ ਮੁਸ਼ਕਲ ਆ ਰਹੀ ਹੈ। ਸ਼ਹਿਰ 'ਚ ਅਜਿਹੀ ਘਟਨਾ ਦੇ ਪਹਿਲੀ ਵਾਰ ਵਾਪਰਨ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।


Related News