ਬਠਿੰਡਾ ਦੇ ਇਸ ਬਜ਼ੁਰਗ ਜੋੜੇ ਨੇ ਮਨਾਈ 100ਵੀਂ ਵਰ੍ਹੇਗੰਢ, ਉਮਰ ਜਾਣ ਹਰ ਕੋਈ ਹੈਰਾਨ

03/05/2018 9:24:33 AM

ਬਠਿੰਡਾ : ਇੱਥੋਂ ਦੇ ਪਿੰਡ ਹਰਰੰਗਪੁਰਾ 'ਚ ਇਕ ਬਜ਼ੁਰਗ ਜੋੜ ਨੇ ਆਪਣੇ ਵਿਆਹ ਦੀ 100ਵੀਂ ਵਰੇਗੰਢ ਬੜੀ ਧੂਮ-ਧਾਮ ਨਾਲ ਮਨਾਈ। ਜਦੋਂ ਇਨ੍ਹਾਂ ਦੀ ਉਮਰ ਬਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਹਰ ਕੋਈ ਹੈਰਾਨ ਰਹਿ ਗਿਆ। ਪਿੰਡ ਦੇ ਰਹਿਣ ਵਾਲੇ ਭਗਵਾਨ ਸਿੰਘ ਦੀ ਉਮਰ 120 ਸਾਲ, ਜਦੋਂ ਕਿ ਉਨ੍ਹਾਂ ਦੀ ਪਤਨੀ ਧਨ ਕੌਰ ਦੀ ਉਮਰ 122 ਸਾਲਾਂ ਦੀ ਹੈ। ਹਾਲਾਂਕਿ ਸਰਕਾਰੀ ਦਸਤਾਵੇਜ਼ਾਂ ਮੁਤਾਬਕ ਭਗਵਾਨ ਸਿੰਘ 118 ਸਾਲਾਂ ਦਾ ਹੈ। ਆਧਾਰ ਕਾਰਡ 'ਤੇ ਉਸ ਦੀ ਜਨਮ ਤਰੀਕ 1 ਜਨਵਰੀ, 1900 ਹੈ ਪਰ ਉਨ੍ਹਾਂ ਦੇ ਦਾਅਵੇ ਦੀ ਮੰਨੀਏ ਤਾਂ ਉਨ੍ਹਾਂ ਦਾ ਜਨਮ 1898 'ਚ ਹੋਇਆ ਅਤੇ ਉਨ੍ਹਾਂ ਦੀ ਪਤਨੀ ਧਨ ਕੌਰ ਦਾ ਜਨਮ 1896 'ਚ ਹੋਇਆ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਪੇਂਡੂ ਇਲਾਕਿਆਂ 'ਚ ਜਨਮ ਹੋਣ ਕਾਰਨ ਉਨ੍ਹਾਂ ਦੀ ਉਮਰ ਦਾ ਕੋਈ ਸਬੂਤ ਨਹੀਂ ਹੈ ਪਰ ਉਨ੍ਹਾਂ ਦੇ ਬੱਚਿਆਂ ਦੀ ਉਮਰ ਦੇਖ ਕੇ ਅਤੇ ਪਿੰਡ ਦੇ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਦਾ ਦਾਅਵਾ ਸਹੀ ਲੱਗਦਾ ਹੈ। ਭਗਵਾਨ ਸਿੰਘ ਅਤੇ ਧਨ ਕੌਰ ਦੀਆਂ 5 ਬੇਟੀਆਂ ਅਤੇ ਇਕ ਬੇਟਾ ਹੈ। ਸਭ ਤੋਂ ਵੱਡੀ ਬੇਟੀ ਦੀ ਉਮਰ 90 ਸਾਲਾਂ ਦੀ ਹੈ, ਜਦੋਂ ਕਿ ਸਭ ਤੋਂ ਛੋਟੇ ਬੇਟੇ ਦੀ ਉਮਰ 55 ਸਾਲ ਹੈ। ਫਿਲਹਾਲ ਜਾਗਰੂਕਤਾ ਦੀ ਕਮੀ ਹੋਣ ਕਾਰਨ ਉਕਤ ਜੋੜਾ 'ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ' 'ਚ ਨਾਮ ਦਰਜ ਨਹੀਂ ਕਰਵਾ ਸਕਿਆ ਹੈ।


Related News