ਪੰਜਾਬ ''ਚ ਨਾਕੇ ''ਤੇ ਗੱਡੀ ਰੋਕਦੇ BSF ਜਵਾਨ ਨਾਲ ਵਾਪਰ ਗਈ ਅਣਹੋਣੀ! ਹੈਰਾਨ ਕਰੇਗਾ ਪੂਰਾ ਮਾਮਲਾ

Tuesday, Sep 01, 2026 - 02:47 PM (IST)

ਪੰਜਾਬ ''ਚ ਨਾਕੇ ''ਤੇ ਗੱਡੀ ਰੋਕਦੇ BSF ਜਵਾਨ ਨਾਲ ਵਾਪਰ ਗਈ ਅਣਹੋਣੀ! ਹੈਰਾਨ ਕਰੇਗਾ ਪੂਰਾ ਮਾਮਲਾ

ਫਾਜ਼ਿਲਕਾ (ਸੁਨੀਲ ਨਾਗਪਾਲ): ਪਿੰਡ ਨੂਰਸ਼ਾਹ ਦੇ ਕੋਲ ਡਰੇਨ ਦੇ ਪੁਲ਼ 'ਤੇ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਬੀ.ਐੱਸ.ਐੱਫ. ਦੇ ਇਕ ਜਵਾਨ ਦੀ ਪੁਲ਼ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਜਵਾਨ ਇਕ ਵਾਹਨ ਨੂੰ ਰੋਕ ਕੇ ਉਸ ਦੀ ਚੈਕਿੰਗ ਕਰ ਰਿਹਾ ਸੀ। ਪੁਲ਼ ਦੇ ਇਕ ਪਾਸੇ ਰੇਲਿੰਗ ਨਾ ਹੋਣ ਕਾਰਨ ਜਵਾਨ ਅਚਾਨਕ ਹੇਠਾਂ ਡਿੱਗ ਗਿਆ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਬੀ.ਐੱਸ.ਐੱਫ. ਦੇ ਸਾਥੀ ਜਵਾਨ ਉਸ ਨੂੰ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ।

ਪਿੰਡ ਦੇ ਨਿਵਾਸੀ ਜਗੀਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੋਲ ਡਰੇਨ ਦੇ ਉੱਪਰ ਬਣੇ ਪੁਲ਼ ਦੇ ਇਕ ਪਾਸੇ ਲੰਮੇ ਸਮੇਂ ਤੋਂ ਰੇਲਿੰਗ ਨਹੀਂ ਹੈ। ਇਸ ਕਾਰਨ ਇੱਥੇ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਪ੍ਰਸ਼ਾਸਨ ਅਤੇ ਸਰਕਾਰ ਤੋਂ ਪੁਲ 'ਤੇ ਰੇਲਿੰਗ ਲਗਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਜਗੀਰ ਸਿੰਘ ਦੇ ਮੁਤਾਬਕ, ਬੀ.ਐੱਸ.ਐੱਫ. ਦੇ ਜਵਾਨ ਪੁਲ਼ 'ਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਇਕ ਵਾਹਨ ਨੂੰ ਰੋਕ ਕੇ ਚੈਕਿੰਗ ਕਰਦੇ ਸਮੇਂ ਬੀ.ਐੱਸ.ਐੱਫ. ਦਾ ਜਵਾਨ ਰੇਲਿੰਗ ਨਾ ਹੋਣ ਕਾਰਨ ਪੁਲ਼ ਤੋਂ ਹੇਠਾਂ ਡਿੱਗ ਗਿਆ। ਗੰਭੀਰ ਸੱਟਾਂ ਲੱਗਣ ਕਾਰਨ ਉਸਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਕਿਹਾ ਕਿ ਹੁਣ ਉਹ ਇਕੱਠੇ ਹੋ ਕੇ ਪ੍ਰਸ਼ਾਸਨ ਅਤੇ ਵਿਧਾਇਕ ਨਾਲ ਮੁਲਾਕਾਤ ਕਰਨਗੇ ਅਤੇ ਪੁਲ ਦੀ ਮੁਰੰਮਤ ਕਰਵਾਉਣ ਅਤੇ ਰੇਲਿੰਗ ਲਗਾਉਣ ਦੀ ਮੰਗ ਰੱਖਣਗੇ, ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦਾ ਹਾਦਸਾ ਦੁਬਾਰਾ ਨਾ ਵਾਪਰੇ।

ਮੋਗਾ ਦਾ ਰਹਿਣ ਵਾਲਾ ਸੀ ਲੱਖਾ ਸਿੰਘ

ਮ੍ਰਿਤਕ ਬੀ.ਐੱਸ.ਐੱਫ. ਜਵਾਨ ਦੀ ਪਛਾਣ ਮੋਗਾ ਦੇ ਰਹਿਣ ਵਾਲੇ ਲੱਖਾ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬੀ.ਐੱਸ.ਐੱਫ. ਦੀ 19ਵੀਂ ਬਟਾਲੀਅਨ ਵਿਚ ਏ.ਐੱਸ.ਆਈ. ਦੇ ਅਹੁਦੇ 'ਤੇ ਤਾਇਨਾਤ ਸੀ। ਸਰਕਾਰੀ ਹਸਪਤਾਲ ਦੇ ਡਾਕਟਰ ਪ੍ਰਤੀਕ ਨੇ ਦੱਸਿਆ ਕਿ ਬੀਤੀ ਰਾਤ ਬੀ.ਐੱਸ.ਐੱਫ. ਦੇ ਜਵਾਨ ਇਕ ਵਿਅਕਤੀ ਦੀ ਲਾਸ਼ ਹਸਪਤਾਲ ਲੈ ਕੇ ਪਹੁੰਚੇ ਸਨ। ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਹੋ ਸਕੇਗੀ। ਪੁਲਸ ਨੂੰ ਵੀ ਇਸ ਮਾਮਲੇ ਦੀ ਸੂਚਨਾ ਦਿੱਤੀ ਜਾ ਰਹੀ ਹੈ।
 


author

Anmol Tagra

Content Editor

Related News