ਪੰਜਾਬ ਦੇ ਇਨ੍ਹਾਂ ਅਧਿਕਾਰੀਆਂ ''ਤੇ ਸਖ਼ਤ ਕਾਰਵਾਈ! ਤਿੰਨ ਸਾਲ ਤੱਕ ਨਹੀਂ ਮਿਲੇਗੀ ਤਰੱਕੀ
Thursday, Jul 31, 2025 - 10:46 AM (IST)

ਪਟਿਆਲਾ : ਕਰਨਲ ਬਾਠ ਮਾਮਲੇ ਵਿਚ ਕਾਰਵਾਈ ਕਰਦਿਆਂ ਪਟਿਆਲਾ ਪੁਲਸ ਨੇ ਚਾਰ ਮੁਲਜ਼ਮ ਇੰਸਪੈਕਟਰਾਂ ਅਤੇ ਦੋ ਹੋਰ ਅਧਿਕਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈਆਂ ਦੀ ਸਿਫ਼ਾਰਸ਼ ਕੀਤੀ ਹੈ, ਇਸ ਸਿਫਾਰਸ਼ ਵਿਚ ਸੇਵਾ ਵਿਚ ਕਟੌਤੀ ਅਤੇ ਤਰੱਕੀਆਂ ’ਤੇ ਰੋਕ ਲਗਾਉਣ ਲਈ ਆਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਅਧਿਕਾਰੀਆਂ ਲਈ ਤਿੰਨ ਸਾਲ ਦੀ ਸੇਵਾ ਕਟੌਤੀ ਅਤੇ ਇਸ ਮਿਆਦ ਲਈ ਕੋਈ ਤਨਖਾਹ ਵਾਧਾ ਨਾ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਸਿਫਾਰਸ਼ ਮੁਤਾਬਕ ਮੁਲਜ਼ਮ ਪੁਲੀਸ ਅਧਿਕਾਰੀਆਂ ਨੂੰ ਤਿੰਨ ਸਾਲ ਤੱਕ ਕੋਈ ਤਰੱਕੀ ਨਹੀਂ ਮਿਲੇਗੀ ਅਤੇ ਉਨ੍ਹਾਂ ਦੀ ਤਨਖਾਹ ਵਿਚ ਵੀ ਕੋਈ ਵਾਧਾ ਨਹੀਂ ਹੋਵੇਗਾ। ਪੁਲਸ ਨੇ ਆਪਣੀ ਜਾਂਚ ਸਿਫ਼ਾਰਸ਼ਾਂ ਵਿਚ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਸਾਰੇ ਅਧਿਕਾਰੀ ਮੁਅੱਤਲ ਰਹਿਣਗੇ ਅਤੇ ਉਨ੍ਹਾਂ ਦੀ ਤਾਇਨਾਤੀ ਸਿਰਫ਼ ਪਟਿਆਲਾ ਤੋਂ ਬਾਹਰ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੁਲਾਜ਼ਮਾਂ 'ਤੇ ਕਾਰਵਾਈ, ਕਿਸੇ ਦਾ ਹੋਇਆ ਤਬਾਦਲਾ
ਇਥੇ ਇਹ ਖਾਸ ਤੌਰ "ਤੇ ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਹੀ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤੀ ਸੀ ਅਤੇ ਇਸ ਮਾਮਲੇ ਵਿਚ ਸੀਬੀਆਈ ਵੱਲੋਂ ਐੱਫਆਈਆਰ ਦਰਜ ਕੀਤੀ ਹੈ। ਇਸ ਘਟਨਾ ਨੂੰ ਚਾਰ ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਕਿਸੇ ਵੀ ਮੁਲਜ਼ਮ ਪੁਲਸ ਅਧਿਕਾਰੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਐੱਸਪੀ ਪੱਧਰ ਦੇ ਅਧਿਕਾਰੀ ਵੱਲੋਂ ਕੀਤੀ ਗਈ ਜਾਂਚ ਦੇ ਨਤੀਜਿਆਂ ਦੇ ਆਧਾਰ ’ਤੇ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਹੈ। ਯਾਦ ਰਹੇ ਇਸ ਮਾਮਲੇ ਵਿਚ ਪਟਿਆਲਾ ਪੁਲਸ ਨੇ ਪਹਿਲਾਂ ਤਿੰਨ ਇੰਸਪੈਕਟਰ ਹੈਰੀ ਬੋਪਾਰਾਏ, ਰੋਨੀ ਸਿੰਘ ਅਤੇ ਹਰਜਿੰਦਰ ਢਿੱਲੋਂ ਸਮੇਤ ਹੋਰ ਪੁਲੀਸ ਕਰਮਚਾਰੀਆਂ ਖਿਲਾਫ਼ 109, 310, 155(2), 117(2), 126(2), ਅਤੇ 351(2) ਤਹਿਤ ਐੱਫਆਈਆਰ ਦਰਜ ਕੀਤੀ ਸੀ। ਹਾਲਾਂਕਿ ਚੌਥੇ ਇੰਸਪੈਕਟਰ ਦਾ ਨਾਮ ਬਾਅਦ ਵਿਚ ਬੀਐੱਨਐੱਸ ਦੀਆਂ ਧਾਰਾਵਾਂ 299 ਅਤੇ 191 ਤਹਿਤ ਐਫਆਈਆਰ ਵਿਚ ਜੋੜਿਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਦਰਿਆ "ਚ ਅਚਾਨਕ ਵਧਿਆ ਪਾਣੀ, ਕਈ ਪਿੰਡਾਂ ਦਾ ਸੰਪਰਕ ਟੁੱਟਾ, ਸਕੂਲੋਂ ਵਾਪਸ ਮੁੜੇ ਵਿਦਿਆਰਥੀ
ਕੀ ਹੈ ਮਾਮਲਾ
ਇਹ ਘਟਨਾ 13 ਅਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਉਦੋਂ ਵਾਪਰੀ ਸੀ, ਜਦੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦਾ ਪੁੱਤਰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਨੇੜੇ ਇਕ ਸੜਕ ਕਿਨਾਰੇ ਢਾਬੇ ’ਤੇ ਮੌਜੂਦ ਸਨ। ਪਰਿਵਾਰ ਨੇ ਦਾਅਵਾ ਕੀਤਾ ਕਿ ਜਦੋਂ ਉਹ ਆਪਣੀ ਕਾਰ ਦੇ ਬਾਹਰ ਖੜ੍ਹੇ ਖਾਣਾ ਖਾ ਰਹੇ ਸਨ ਤਾਂ ਕੁਝ ਸਾਦੇ ਕੱਪੜਿਆਂ ਵਿਚ ਪੁਲਸ ਅਧਿਕਾਰੀ ਉਨ੍ਹਾਂ ਕੋਲ ਆਏ ਅਤੇ ਕਰਨਲ ਨੂੰ ਆਪਣੀ ਗੱਡੀ ਹਟਾਉਣ ਲਈ ਕਿਹਾ ਤਾਂ ਜੋ ਉਹ ਆਪਣੀ ਗੱਡੀ ਖੜ੍ਹੀ ਕਰ ਸਕਣ। ਇਸ ਗੱਲ ਤੋਂ ਬਾਅਦ ਬਹਿਸ ਹੋ ਗਈ ਅਤੇ ਇਕ ਦਰਜਨ ਤੋਂ ਵੱਧ ਪੁਲਸ ਕਰਮਚਾਰੀਆਂ ਨੇ ਕਥਿਤ ਤੌਰ ’ਤੇ ਕਰਨਲ ਅਤੇ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ ਕੀਤੀ ਸੀ।
ਇਹ ਵੀ ਪੜ੍ਹੋ : ਪੰਜਾਬ ਰਾਜ ਬਿਜਲੀ ਵਿਭਾਗ ਨੂੰ ਲੈ ਕੇ ਵੱਡੀ ਖ਼ਬਰ, ਬਿਜਲੀ ਕੁਨੈਕਸ਼ਨ 'ਚ ਹੋ ਗਿਆ ਵੱਡਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e