ਕਾ. ਲੈਨਿਨ ਦੇ ਬੁੱਤ ਨੂੰ ਤੋੜਨ ਦਾ ਵਿਰੋਧ ਵੱਖ-ਵੱਖ ਥਾਵਾਂ ''ਤੇ ਫੂਕੇ ਪੁਤਲੇ

Thursday, Mar 08, 2018 - 12:09 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਤ੍ਰਿਪੁਰਾ 'ਚ ਮਹਾਨ ਕ੍ਰਾਂਤੀਵਾਦੀ ਕਾਮਰੇਡ ਲੈਨਿਨ ਦੇ ਬੁੱਤ ਨੂੰ ਤੋੜਨ ਦਾ ਵਿਰੋਧ ਪ੍ਰਗਟਾਉਂਦੇ ਹੋਏ ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਜ਼ਿਲਾ ਇਕਾਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ।
ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਰਮੇਸ਼ ਬਾਲੀ, ਜ਼ਿਲਾ ਪ੍ਰਧਾਨ ਡਾ. ਸੁਰਿੰਦਰਪਾਲ ਸਿੰਘ ਜੈਨਪੁਰੀ ਤੇ ਜ਼ਿਲਾ ਜਨਰਲ ਸਕੱਤਰ ਡਾ. ਬਲਕਾਰ ਕਟਾਰੀਆ ਨੇ ਕਿਹਾ ਕਿ ਕੇਂਦਰ 'ਚ ਸੱਤਾਧਾਰੀ ਭਾਜਪਾ ਦੀ ਸਰਕਾਰ ਦੀ ਸ਼ਹਿ 'ਤੇ ਦੇਸ਼ 'ਚ ਘੱਟ ਗਿਣਤੀ ਭਾਈਚਾਰੇ 'ਤੇ ਲਗਾਤਾਰ ਹਮਲੇ ਹੋ ਰਹੇ ਹਨ, ਜੋ ਕਿ ਦੇਸ਼ ਦੇ ਲੋਕਤੰਤਰ ਲਈ ਖਤਰਨਾਕ ਹੈ । ਉਨ੍ਹਾਂ ਨੇ ਭਾਜਪਾ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇਕ ਸਾਜ਼ਿਸ਼ ਤਹਿਤ ਇਸ ਤਰ੍ਹਾਂ ਦਾ ਮਾਹੌਲ ਦੇਸ਼ 'ਚ ਬਣਾਇਆ ਜਾ ਰਿਹਾ ਹੈ । ਇਹੀ ਕਾਰਨ ਹੈ ਡਾ. ਅੰਬੇਡਕਰ ਤੇ ਕਾ. ਲੈਨਿਨ ਦੇ ਬੁੱਤਾਂ ਨੂੰ ਤੋੜਿਆ ਜਾ ਰਿਹਾ ਹੈ । ਇਸ ਮੌਕੇ ਅੰਮ੍ਰਿਤਪਾਲ, ਅਨੁਪਿੰਦਰ ਸਿੰਘ, ਜਗੀਰ ਸਿੰਘ, ਪਵਨ ਕੁਮਾਰ, ਅਸ਼ੋਕ ਕੁਮਾਰ, ਰਣਜੀਤ ਸਿੰਘ ਤੇ ਸੁਰਜੀਤ ਸਿੰਘ ਆਦਿ ਮੌਜੂਦ ਸਨ ।  
ਰੂਪਨਗਰ,  (ਵਿਜੇ)-ਤ੍ਰਿਪੁਰਾ 'ਚ ਵਿਧਾਨ ਸਭਾ ਦੇ ਨਤੀਜੇ ਆਉਣ ਤੋਂ ਬਾਅਦ ਸੀ.ਪੀ.ਆਈ.ਐੱਮ. ਅਤੇ ਖੱਬੇ ਪੱਖੀ ਮੋਰਚੇ ਦੇ ਵਰਕਰਾਂ 'ਤੇ ਹਮਲਾ ਕਰਨ ਅਤੇ ਪਾਰਟੀ ਦਫਤਰਾਂ ਨੂੰ ਅੱਗ ਲਾਏ ਜਾਣ ਦੀ ਕਾਰਵਾਈ ਦਾ ਇੱਥੇ ਸਖਤ ਵਿਰੋਧ ਕੀਤਾ ਗਿਆ। ਇਸ ਸਬੰਧੀ ਪਾਰਟੀ ਦੇ ਇਕ ਵਫਦ ਨੇ ਐੱਸ.ਡੀ.ਐੱਮ. ਰੂਪਨਗਰ ਹਰਜੋਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਇਸ ਮਾਮਲੇ 'ਚ ਕਾਰਵਾਈ ਲਈ ਗੁਹਾਰ ਲਾਈ।
ਵਫਦ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ 'ਚ ਤ੍ਰਿਪੁਰਾ ਦੇ ਗਵਰਨਰ ਨੇ ਆਪਣੀ ਸੰਵਿਧਾਨਕ ਭੂਮਿਕਾ ਨਹੀਂ ਨਿਭਾਈ ਅਤੇ ਉਨ੍ਹਾਂ ਨੂੰ ਤੁਰੰਤ ਵਾਪਸ ਬੁਲਾ ਲਿਆ ਜਾਵੇ। ਸੀ.ਪੀ.ਐੱਮ. ਵਰਕਰਾਂ ਨੇ ਰਾਸ਼ਟਰਪਤੀ ਤੋਂ ਉਕਤ ਧੱਕੇਸ਼ਾਹੀ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਵਫਦ 'ਚ ਕਾਮਰੇਡ ਗੁਰਦੀਪ ਸਿੰਘ ਬਾਗੀ, ਮਾ. ਦਲੀਪ ਸਿੰਘ ਘਨੌਲਾ, ਪਵਨ ਕੁਮਾਰ, ਜਰਨੈਲ ਸਿੰਘ ਜੈਲੀ ਸੈਂਫਲਪੁਰ, ਰਾਮ ਸਿੰਘ, ਨਰਿੰਦਰ ਸ਼ਰਮਾ, ਤਰਲੋਚਨ ਸਿੰਘ, ਸੋਮਰਾਜ, ਜਗਦੀਸ਼ ਸਿੰਘ, ਗੁਰਮੁੱਖ ਸਿੰਘ, ਗੁਰਬਚਨ ਸਿੰਘ, ਮਿੱਠੂ, ਗੁਰਸੇਵ ਸਿੰਘ, ਅੰਜਨਾ ਕੁਮਾਰੀ, ਸੁੱਚਾ ਸਿੰਘ, ਵਿਜੇ ਕੁਮਾਰ, ਮਨਜੀਤ ਸਿੰਘ, ਜਗਤ ਸਿੰਘ ਅਤੇ ਗੁਰਮੇਲ ਸਿੰਘ ਮੌਜੂਦ ਸਨ।
ਨੰਗਲ, (ਸੈਣੀ)- ਕਮਿਊਨਿਸਟ ਪਾਰਟੀ ਦੇ ਵਰਕਰਾਂ ਵੱਲੋਂ ਤ੍ਰਿਪੁਰਾ ਵਿਚ ਕਥਿਤ ਤੌਰ 'ਤੇ ਭਾਜਪਾ ਅਤੇ ਉਸ ਦੇ ਸਹਿਯੋਗੀ ਸੰਗਠਨਾਂ ਵੱਲੋਂ ਮਹਾਨ ਕਮਿਊਨਿਸਟ ਲੈਨਿਨ ਦਾ ਬੁੱਤ ਤੋੜਨਾ, ਖੱਬੀਆਂ ਪਾਰਟੀਆਂ ਦੇ ਵਰਕਰਾਂ, ਦਫ਼ਤਰਾਂ ਅਤੇ ਘਰਾਂ 'ਤੇ ਕਬਜ਼ੇ, ਸਾੜ-ਫੂਕ ਖਿਲਾਫ ਅੱਜ ਰੋਸ ਪ੍ਰਦਰਸ਼ਨ ਅਤੇ ਤਹਿਸੀਲ ਕੰਪਲੈਕਸ ਮੂਹਰੇ ਪੁਤਲਾ ਫੂਕਿਆ ਗਿਆ।
ਇਸ ਤੋਂ ਪਹਿਲਾਂ ਸੀ. ਪੀ. ਐੱਮ. ਦੇ ਵਰਕਰ ਭੜੌਲੀਆਂ ਭਵਨ ਵਿਚ ਵੱਡੀ ਗਿਣਤੀ 'ਚ ਇਕੱਠੇ ਹੋਏ ਤੇ ਸੂਬਾ ਕਮੇਟੀ ਮੈਂਬਰ ਕਾਮਰੇਡ ਤਰਸੇਮ ਸਿੰਘ ਭੱਲੜੀ, ਜ਼ਿਲਾ ਸਕੱਤਰ ਸੁਰਜੀਤ ਸਿੰਘ ਢੇਰ, ਸੀ.ਪੀ.ਆਈ. ਦੇ ਜ਼ਿਲਾ ਸਕੱਤਰ ਦਵਿੰਦਰ ਨੰਗਲੀ ਦੀ ਅਗਵਾਈ ਹੇਠ ਅੱਡਾ ਮਾਰਕੀਟ, ਬੱਸ ਸਟੈਂਡ ਤੋਂ ਹੁੰਦੇ ਹੋਏ ਤਹਿਸੀਲ ਕੰਪਲੈਕਸ ਨੰਗਲ ਮੂਹਰੇ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਕਥਿਤ ਤੌਰ 'ਤੇ ਭਾਜਪਾ ਵਰਕਰਾਂ ਅਤੇ ਉਨ੍ਹਾਂ ਦੇ ਸਹਿਯੋਗੀ ਸੰਗਠਨਾਂ ਦੇ ਲੋਕਾਂ ਨੇ ਤ੍ਰਿਪੁਰਾ ਵਿਚ ਜ਼ਬਰਦਸਤ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਕਮਿਊਨਿਸਟ ਪਾਰਟੀ ਦੇ 500 ਤੋਂ ਵੱਧ ਵਰਕਰ ਜ਼ਖਮੀ ਹੋ ਗਏ ਅਤੇ ਹਜ਼ਾਰਾਂ ਘਰਾਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਅਤੇ ਉਨ੍ਹਾਂ ਦੇ ਦਫਤਰਾਂ 'ਤੇ ਵੀ ਕਬਜ਼ੇ ਕੀਤੇ ਗਏ ਜਿਸ ਦਾ ਪਾਰਟੀ ਜ਼ੋਰਦਾਰ ਵਿਰੋਧ ਕਰਦੀ ਹੈ। 
ਆਗੂਆਂ ਨੇ ਕਿਹਾ ਕਿ ਇਹ ਹਮਲੇ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਪਰ ਕਮਿਊਨਿਸਟ ਫਿਰਕਾਪ੍ਰਸਤੀ ਦੇ ਖਿਲਾਫ ਜੰਗ ਜਾਰੀ ਰੱਖਣਗੇ, ਦੇਸ਼ ਵਿਚ ਘੱਟ ਗਿਣਤੀ ਦਲਿਤਾਂ 'ਤੇ ਵੀ ਇਸੇ ਤਰਜ਼ 'ਤੇ ਹਮਲੇ ਹੋ ਰਹੇ ਹਨ । ਭਾਜਪਾ ਦੀ ਮੋਦੀ ਸਰਕਾਰ ਨੇ ਲੋਕਾਂ ਨਾਲ ਜੋ ਲੋਕ ਸਭਾ ਚੋਣਾਂ ਵਿਚ ਵਾਅਦੇ ਕੀਤੇ ਸਨ, ਚਾਰ ਸਾਲ ਬੀਤ ਜਾਣ ਮਗਰੋਂ ਅੱਜ ਤੱਕ ਇਕ ਵੀ ਲਾਗੂ ਨਹੀਂ ਕੀਤਾ, ਜਿਸ ਦੇ ਕਾਰਨ ਅੱਜ ਆਵਾਜ਼ ਉਠਾਉਣ ਵਾਲੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ।  
ਇਸ ਮੌਕੇ ਮਹਿੰਗਾ ਰਾਮ ਐੱਮ.ਏ., ਹਰੀਚੰਦ ਗੋਲਹਣੀ, ਤਰਸੇਮ ਲਾਲ ਅਜੌਲੀ, ਸੁਖਦੇਵ ਸਿੰਘ, ਰਘੁਬੀਰ ਦਰਸ਼ੀ ਨੇ ਇਕ ਮੰਗ ਪੱਤਰ ਸਥਾਨਕ ਤਹਿਸੀਲਦਾਰ ਡੀ.ਪੀ. ਪਾਂਡੇ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੇਜਿਆ ਤੇ ਤ੍ਰਿਪੁਰਾ ਵਿਚ ਹਿੰਸਾ ਬੰਦ ਕਰਨ ਦੀ ਮੰਗ ਕੀਤੀ ਗਈ । ਇਸ ਮੌਕੇ ਡਾਕਟਰ ਰਵਿੰਦਰ ਨਾਥ, ਰਾਮ ਸਿੰਘ ਸੈਣੀ ਮਾਜਰਾ, ਕਸ਼ਮੀਰਾ ਨੰਗਲ, ਜੈਮਲ ਸਿੰਘ ਦੜੋਲੀ, ਹਰਜਾਪ ਸਿੰਘ ਬਡਿਆਲ, ਬਲਜੀਤ ਕੌਰ, ਕੇਵਲ ਕ੍ਰਿਸ਼ਨ, ਮਹਿੰਦਰ ਸਿੰਘ ਸੰਗਤਪੁਰ, ਡਾਕਟਰ ਪਵਨ ਕੁਮਾਰ ਵੀ ਹਾਜ਼ਰ ਸਨ ।


Related News