ਆਡ-ਈਵਨ ਫਾਰਮੂਲਾ ਲਾਗੂ ਹੋਣ ''ਤੇ ਦੁਖੀ ਦੁਕਾਨਦਾਰ, ਕੈਪਟਨ ਖਿਲਾਫ਼ ਕੱਢੀ ਭੜਾਸ
Monday, Aug 24, 2020 - 02:44 PM (IST)
ਲੁਧਿਆਣਾ (ਨਰਿੰਦਰ) : ਪੰਜਾਬ ਸਰਕਾਰ ਵੱਲੋਂ ਸੂਬੇ 'ਚ ਲਗਾਤਾਰ ਫੈਲ ਰਹੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਕ ਅਹਿਮ ਫ਼ੈਸਲਾ ਲੈਂਦਿਆਂ ਸ਼ਨੀਵਾਰ-ਐਤਵਾਰ ਮੁਕੰਮਲ ਬੰਦ ਦੇ ਨਾਲ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾ ਆਡ ਅਤੇ ਈਵਨ ਦੇ ਫ਼ਾਰਮੂਲੇ 'ਤੇ ਖੋਲ੍ਹਣ ਦਾ ਫੈਸਲਾ ਲਿਆ ਹੈ, ਜਿਸ ਦੇ ਤਹਿਤ ਲੁਧਿਆਣਾ 'ਚ ਬੀਤੇ ਦਿਨ ਦੁਕਾਨਾਂ 'ਤੇ ਨੰਬਰ ਵੀ ਲਾਏ ਗਏ ਹਨ।
ਅੱਜ ਈਵਨ ਨੰਬਰ ਦੀਆਂ ਦੁਕਾਨਾ ਲੁਧਿਆਣਾ 'ਚ ਖੁੱਲ੍ਹੀਆਂ ਹੈ, ਜਿਸ ਨੂੰ ਲੈ ਕੇ ਦੁਕਾਨਦਾਰਾਂ ਨੇ ਇਤਰਾਜ਼ ਜਤਾਇਆ ਹੈ ਅਤੇ ਕਿਹਾ ਕਿ ਇਸ ਤੋਂ ਚੰਗਾ ਤਾਂ 15 ਦਿਨਾਂ ਲਈ ਪੱਕਾ ਹੀ ਤਾਲਾਬੰਦੀ ਲਾਗੂ ਕਰ ਦਿੰਦੇ। ਲੁਧਿਆਣਾ ਤੋਂ ਸਾਡੀ ਟੀਮ ਵੱਲੋਂ ਚੌੜਾ ਬਾਜ਼ਾਰ ਦਾ ਜਾਇਜ਼ਾ ਲਿਆ ਗਿਆ ਤਾਂ ਅੱਜ ਅੱਧੀਆਂ ਦੁਕਾਨਾਂ ਬਾਜ਼ਾਰ 'ਚ ਖੁੱਲ੍ਹੀਆਂ ਸਨ ਅਤੇ ਅੱਧੀਆਂ ਬੰਦ। ਇਸ ਬਾਰੇ ਸਮਾਜ ਸੇਵੀ ਅਤੇ ਵਪਾਰ ਮੰਡਲ ਦੇ ਆਗੂ ਬਿੱਟੂ ਗੁੰਬਰ ਨੇ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਸਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਦੁਕਾਨਦਾਰ ਪਰੇਸ਼ਾਨ ਹਨ ਅਤੇ ਇਸ ਤੋਂ ਚੰਗਾ ਤਾਂ 15 ਦਿਨਾਂ ਲਈ ਪੱਕਾ ਬੰਦ ਕਰਨ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ਰਾਬ ਦੇ ਠੇਕੇ ਖੁੱਲ੍ਹੀ ਰੱਖਣ ਦਾ ਫ਼ੈਸਲਾ ਲਿਆ ਹੈ, ਜਦੋਂ ਕਿ ਦੁਕਾਨਾਂ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕੀ ਸ਼ਰਾਬ ਜ਼ਿਆਦਾ ਜ਼ਰੂਰੀ ਹੈ, ਉਨ੍ਹਾਂ ਕਿਹਾ ਦੁਕਾਨਦਾਰਾਂ ਵੱਲੋਂ ਸਰਕਾਰ ਨੂੰ ਸਾਰੇ ਬਿਜਲੀ ਦੇ ਬਿੱਲ ਟੈਕਸ ਆਦਿ ਦਿੱਤੇ ਗਏ ਹਨ ਪਰ ਫਿਰ ਵੀ ਸਰਕਾਰ ਇਨ੍ਹਾਂ ਦੁਕਾਨਦਾਰਾਂ ਬਾਰੇ ਕੁੱਝ ਨਹੀਂ ਸੋਚ ਰਹੀ।