ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ''ਚੋਂ ਕੱਢੀ ਗਈ ਮਹਿਲਾ ਆਗੂ ਪਹੁੰਚੀ DGP ਦਫ਼ਤਰ, ਆਖ਼ੀਆਂ ਇਹ ਗੱਲਾਂ

Tuesday, Sep 29, 2026 - 05:59 PM (IST)

ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ''ਚੋਂ ਕੱਢੀ ਗਈ ਮਹਿਲਾ ਆਗੂ ਪਹੁੰਚੀ DGP ਦਫ਼ਤਰ, ਆਖ਼ੀਆਂ ਇਹ ਗੱਲਾਂ

ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ 'ਚੋਂ ਕੱਢੇ ਜਾਣ ਤੋਂ ਬਾਅਦ ਅੱਜ ਰੂਪ ਕੌਰ ਸੰਧੂ ਡੀ. ਜੀ. ਪੀ. ਗੌਰਵ ਯਾਦਵ ਦੇ ਦਫ਼ਤਰ ਪਹੁੰਚੀ ਅਤੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਸੁਰੱਖਿਆ ਦੀ ਮੰਗ ਕੀਤੀ। ਡੀ. ਜੀ. ਪੀ. ਨਾਲ ਮੁਲਾਕਾਤ ਮਗਰੋਂ ਉਨ੍ਹਾਂ ਆਖ਼ਿਆ ਹੈ ਕਿ ਉਨ੍ਹਾਂ ਨੂੰ ਸੁਰੱਖਿਆ ਦੇਣ ਦੀ ਮਨਜ਼ੂਰੀ ਮਿਲ ਗਈ ਹੈ। 

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੂਪ ਕੌਰ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਧਮਕੀਆਂ ਆ ਰਹੀਆਂ ਹਨ।  ਉਨ੍ਹਾਂ ਕਿਸੇ ਦਾ ਨਾਂ ਲਏ ਬਗੈਰ ਕਿਹਾ ਕਿ ਜਿਹੜੇ ਇੱਥੋਂ ਭੱਜ ਕੇ ਵਿਦੇਸ਼ ਜਾ ਬੈਠੇ ਹਨ, ਉਹੀ ਇਹ ਸਭ ਕਰਵਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ ਤੇ ਉਹ ਕੋਈ ਵੀ ਵੱਡਾ ਖ਼ੁਲਾਸਾ ਕਰਨ ਤੋਂ ਪਹਿਲਾਂ ਖ਼ੁਦ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਸੀ। ਹਾਲਾਂਕਿ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਪੁਲਸ ਵੱਲੋਂ ਜੇਕਰ ਉਨ੍ਹਾਂ ਨੂੰ ਸੁਰੱਖਿਆ ਨਾ ਵੀ ਮਿਲਦੀ, ਤਾਂ ਵੀ ਉਨ੍ਹਾਂ ਨੇ ਖ਼ੁਲਾਸੇ ਕਰਨੇ ਹੀ ਸੀ। 

ਅਕਾਲੀ ਦਲ 'ਤੇ ਨਿਸ਼ਾਨੇ ਵਿੰਨ੍ਹਦਿਆਂ ਰੂਪ ਕੌਰ ਸੰਧੂ ਨੇ ਕਿਹਾ ਕਿ ਇਕ ਪੋਸਟ ਤੋਂ ਪੂਰੀ ਪਾਰਟੀ ਡਰ ਗਈ ਹੈ। ਉਨ੍ਹਾਂ ਨੇ ਕਿਤੇ ਵੀ ਅਕਾਲੀ ਦਲ ਦਾ ਜ਼ਿਕਰ ਨਹੀਂ ਸੀ ਕੀਤਾ, ਸਗੋਂ ਕੁਝ ਪੰਥਕ ਸ਼ਖਸੀਅਤਾਂ ਬਾਰੇ ਆਖ਼ਿਆ ਸੀ, ਪਰ ਇਨ੍ਹਾਂ ਨੂੰ ਖ਼ੁਦ ਨੂੰ ਪਤਾ ਹੈ ਕਿ ਇਨ੍ਹਾਂ ਵਿਚ ਕਿਹੜੀਆਂ ਕਾਲੀਆਂ ਭੇਡਾਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਅਕਾਲੀ ਦਲ ਨਾਲ ਸਬੰਧ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਇਨ੍ਹਾਂ ਨੇ ਪੀੜਤਾ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਇਕ ਬਲਾਤਕਾਰੀ ਦਾ ਸਾਥ ਦਿੱਤਾ। ਉਨ੍ਹਾਂ ਇਹ ਵੀ ਆਖ਼ਿਆ ਕਿ ਸੁਖਬੀਰ ਸਿੰਘ ਬਾਦਲ ਆਪ ਤਾਂ ਠੀਕ ਹਨ, ਪਰ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕ ਉਨ੍ਹਾਂ ਨੂੰ ਗਲਤ  ਗਾਈਡ ਕਰਦੇ ਹਨ। ਪਾਰਟੀ ਵਿਚੋਂ ਕੱਢੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਉਹ ਸਿਆਸਤ ਜਾਰੀ ਰੱਖਣਗੇ ਤੇ ਉਨ੍ਹਾਂ ਨੂੰ ਕਈ ਪਾਰਟੀਆਂ ਵੱਲੋਂ ਆਫ਼ਰ ਦਿੱਤੇ ਜਾ ਰਹੇ ਹਨ। 

ਦੱਸਣਯੋਗ ਹੈ ਕਿ ਰੂਪ ਕੌਰ ਨੇ 19 ਸਤੰਬਰ ਨੂੰ ਬਹਿਰੀਨ ਤੋਂ ਆਈ ਔਰਤ ਨੂੰ ਕੈਮਰੇ ਸਾਹਮਣੇ ਲਿਆ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ 'ਚ ਹੋਈ ਘਟਨਾ ਸਬੰਧੀ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਐੱਫ. ਆਈ. ਆਰ. 'ਚ ਲਾਏ ਦੋਸ਼ਾਂ ਨੂੰ ਦੁਹਰਾਇਆ ਸੀ। ਇਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ।


author

Anmol Tagra

Content Editor

Related News