''ਪੁਰਾਣੀਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਹੋਣ ਚੋਣਾਂ'', ਵੜਿੰਗ ਨੇ SIR ਰੋਕਣ ਦੀ ਕੀਤੀ ਮੰਗ
Thursday, Sep 24, 2026 - 08:54 PM (IST)
ਚੰਡੀਗੜ੍ਹ, (ਅੰਕੁਰ): ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੰਗ ਕੀਤੀ ਕਿ ਪੰਜਾਬ ’ਚ ਵਿਧਾਨ ਸਭਾ ਚੋਣਾਂ ਤੱਕ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐੱਸ.ਆਈ.ਆਰ.) ਨੂੰ ਰੋਕ ਦਿੱਤਾ ਜਾਵੇ। ਅਗਲੀਆਂ ਵਿਧਾਨ ਸਭਾ ਚੋਣਾਂ ਹੁਣ ਲਗਭਗ ਛੇ ਮਹੀਨੇ ਬਾਅਦ ਹੋਣੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਚੋਣਾਂ ਮੌਜੂਦਾ ਵੋਟਰ ਸੂਚੀਆਂ ਦੇ ਆਧਾਰ ’ਤੇ ਹੀ ਕਰਵਾਈਆਂ ਜਾਣ, ਜਿਨ੍ਹਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਆਧਾਰ ਬਣਾਇਆ ਗਿਆ ਸੀ ਤੇ ਇਨ੍ਹਾਂ ’ਚੋਂ ਕੋਈ ਵੀ ਨਾਮ ਨਾ ਹਟਾਇਆ ਜਾਵੇ। ਇਹੀ ਯਕੀਨੀ ਬਣਾਉਣ ਦਾ ਤਰੀਕਾ ਹੈ ਕਿ ਕਿਸੇ ਵੀ ਯੋਗ ਵੋਟਰ ਨੂੰ ਵੋਟ ਪਾਉਣ ਦੇ ਹੱਕ ਤੋਂ ਵਾਂਝਾ ਨਾ ਕੀਤਾ ਜਾਵੇ।
ਪ੍ਰਧਾਨ ਨੇ ਦੱਸਿਆ ਕਿ ਨਵੇਂ ‘ਫਾਰਮ-6’ ਨੂੰ ਭਰਨ ਦੀਆਂ ਜ਼ਿਆਦਾ ਜਟਿਲਤਾਵਾਂ ਕਾਰਨ ਹਜ਼ਾਰਾਂ ਯੋਗ ਤੇ ਅਸਲ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਆਪਣਾ ਨਾਮ ਵੋਟਰ ਸੂਚੀ ’ਚ ਦਰਜ ਨਹੀਂ ਕਰਵਾ ਪਾ ਰਹੇ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਲਈ ਮਾਤਾ-ਪਿਤਾ ਜਾਂ ਦਾਦਾ-ਦਾਦੀ ਦਾ ਨਾਮ ਪਿਛਲੀ ਵੋਟਰ ਸੂਚੀ ’ਚ ਹੋਣ ਦਾ ਹਵਾਲਾ ਦੇਣਾ ਸਭ ਤੋਂ ਮੁਸ਼ਕਲ ਸ਼ਰਤ ਹੈ। ਵੜਿੰਗ ਨੇ ਕਿਹਾ ਕਿ ਕਾਂਗਰਸ ਲਗਾਤਾਰ ਕਹਿੰਦੀ ਆ ਰਹੀ ਹੈ ਕਿ ਮੌਜੂਦਾ ਰੂਪ ’ਚ ਐੱਸ.ਆਈ.ਆਰ. ਲੱਖਾਂ ਵੋਟਰਾਂ ਨੂੰ “ਵੋਟ ਦੇ ਅਧਿਕਾਰ ਤੋਂ ਵਾਂਝਾ” ਕਰਨ ਦੀ ਖੁੱਲ੍ਹੀ ਤੇ ਬੇਝਿਜਕ ਕੋਸ਼ਿਸ਼ ਹੈ, ਜਿਨ੍ਹਾਂ ਬਾਰੇ ਭਾਜਪਾ ਨੂੰ ਸ਼ੱਕ ਹੈ ਕਿ ਉਹ ਉਸਦੇ ਸਮਰਥਕ ਨਹੀਂ ਹਨ। ਹਾਲ ਹੀ ’ਚ ਸਾਹਮਣੇ ਆਈਆਂ ਜਾਣਕਾਰੀਆਂ ਨੇ ਕਾਂਗਰਸ ਦੀਆਂ ਚਿੰਤਾਵਾਂ ਨੂੰ ਸਹੀ ਸਾਬਤ ਕੀਤਾ ਹੈ। ਇਸ ਨਾਲ ਲੋਕਾਂ ਦਾ ਚੋਣਾਂ ਦੀ ਨਿਰਪੱਖਤਾ ’ਤੇ ਭਰੋਸਾ ਹਿੱਲ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਡਰਾਫਟ ਵੋਟਰ ਸੂਚੀਆਂ ਅਜੇ ਜਾਰੀ ਨਹੀਂ ਹੋਈਆਂ ਹਨ ਪਰ ਇਹ ਚਿੰਤਾ ਹੈ ਕਿ ਲੱਖਾਂ ਵੋਟਰਾਂ ਦੇ ਨਾਮ ਵੋਟਰ ਸੂਚੀਆਂ ’ਚੋਂ ਹਟਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਵੱਡੀ ਗਿਣਤੀ ’ਚ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨਾ ਨਿਆਂ ਤੇ ਚੋਣੀ ਲੋਕਤੰਤਰ ਨਾਲ ਧੱਕਾ ਹੋਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਤੱਕ ਐੱਸ.ਆਈ.ਆਰ. ਨੂੰ ਰੋਕਿਆ ਜਾਣਾ ਚਾਹੀਦਾ ਹੈ।
