ਆਬਜ਼ਰਵਰਾਂ ਨੇ ਉਮੀਦਵਾਰਾਂ ਤੇ ਪ੍ਰਤੀਨਿਧੀਆਂ ਨੂੰ ਚੋਣ ਖ਼ਰਚ ਦਾ ਪੂਰਾ ਹਿਸਾਬ ਰੱਖਣ ਦੇ ਦਿੱਤੇ ਨਿਰਦੇਸ਼

04/26/2023 4:45:41 PM

ਜਲੰਧਰ (ਚੋਪੜਾ)–ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਨਿਯੁਕਤ ਜਨਰਲ ਆਬਜ਼ਰਵਰ ਡਾ. ਪ੍ਰੀਤਮ ਬੀ. ਯਸ਼ਵੰਤ ਅਤੇ ਖ਼ਰਚ ਨਿਗਰਾਨ ਰਾਜੀਵ ਸ਼ੰਕਰ ਕਿਟੂਰ ਨੇ ਬੀਤੇ ਦਿਨ ਡਿਪਟੀ ਕਮਿਸ਼ਨਰ ਨਾਲ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਡੀ. ਸੀ. ਨੇ ਸਾਰਿਆਂ ਨੂੰ ਆਦਰਸ਼ ਚੋਣ ਜ਼ਾਬਤੇ ਦੇ ਪੂਰੀ ਤਰ੍ਹਾਂ ਪਾਲਣ ਅਤੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ। ਚੋਣ ਆਬਜ਼ਰਵਰਾਂ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਸਾਰੇ ਚੋਣ ਅਧਿਕਾਰੀਆਂ ਦੀ ਹਾਜ਼ਰੀ ਵਿਚ ਉਮੀਦਵਾਰਾਂ ਅਤੇ ਪ੍ਰਤੀਨਿਧੀਆਂ ਨੂੰ ਦੱਸਿਆ ਕਿ ਜ਼ਿਲਾ ਚੋਣ ਦਫਤਰ ਵੱਲੋਂ ਉਨ੍ਹਾਂ ਦੀ ਸਹੂਲਤ ਲਈ ਵੱਖ-ਵੱਖ ਪ੍ਰਵਾਨਗੀ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜਿਹੜੀਆਂ ਚੋਣ ਕਮਿਸ਼ਨ ਵੱਲੋਂ ਯਕੀਨੀ ਬਣਾਉਂਦੀਆਂ ਹਨ ਕਿ ਨਿਰਧਾਰਿਤ ਸਮੇਂ ਵਿਚ ਜ਼ਰੂਰੀ ਪ੍ਰਵਾਨਗੀਆਂ ਮੁਹੱਈਆ ਕੀਤੀਆਂ ਜਾਣ।

ਉਨ੍ਹਾਂ ਕਿਹਾ ਕਿ ਉਮੀਦਵਾਰਾਂ ਵੱਲੋਂ ਕੀਤੇ ਗਏ ਚੋਣ ਖਰਚ ਦਾ ਵੀ ਪੂਰਾ ਰਿਕਾਰਡ ਰੱਖਿਆ ਜਾਵੇ ਅਤੇ ਨਕਦ ਭੁਗਤਾਨ ਦੀ ਹੱਦ 10 ਹਜ਼ਾਰ ਰੁਪਏ ਹੈ। ਖ਼ਰਚ ਆਬਜ਼ਰਵਰ ਰਾਜੀਵ ਸ਼ੰਕਰ ਕਿਟੂਰ ਨੇ ਕਿਹਾ ਕਿ ਉਮੀਦਵਾਰਾਂ ਵੱਲੋਂ ਚੋਣ ਖ਼ਰਚ ਦਾ ਭੁਗਤਾਨ ਉਨ੍ਹਾਂ ਦੇ ਖਾਤੇ ਵਿਚੋਂ ਚੈੱਕ ਜਾਂ ਡਰਾਫਟ ਜ਼ਰੀਏ ਕੀਤਾ ਜਾਣਾ ਚਾਹੀਦਾ ਹੈ ਅਤੇ ਖਰਚ ਦੀ ਨਿਗਰਾਨੀ ਲਈ ਤਾਇਨਾਤ ਟੀਮਾਂ ਨੂੰ ਸਮੇਂ ’ਤੇ ਜ਼ਰੂਰੀ ਵੇਰਵਾ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਖਰਚ ਨੂੰ ਲੈ ਕੇ ਅਗਲੀ ਮੀਟਿੰਗ 27 ਅਪ੍ਰੈਲ ਨੂੰ ਉਮੀਦਵਾਰਾਂ ਅਤੇ ਪ੍ਰਤੀਨਿਧੀਆਂ ਨਾਲ ਕੀਤੀ ਜਾਵੇਗੀ, ਜਿਸ ਵਿਚ ਖ਼ਰਚ ਲਈ ਤਾਇਨਾਤ ਟੀਮਾਂ ਵੱਲੋਂ ਖ਼ਰਚ ਦਾ ਮਿਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਉਮੀਦਵਾਰ ਦੇ ਚੋਣ ਖ਼ਰਚ ਦੀ ਹੱਦ 95 ਲੱਖ ਰੁਪਏ ਤੈਅ ਹੈ ਅਤੇ ਨਾਮਜ਼ਦਗੀ ਦੇ ਦਿਨ ਤੋਂ ਹੀ ਸਾਰਾ ਚੋਣ ਖ਼ਰਚ ਰਜਿਸਟਰ ਵਿਚ ਦਰਜ ਹੋਣਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਪਤਨੀ ਦੇ ਦਿਹਾਂਤ ਮਗਰੋਂ ਪ੍ਰਕਾਸ਼ ਸਿੰਘ ਬਾਦਲ ਨੇ ਕੈਂਸਰ ਖ਼ਿਲਾਫ਼ ਛੇੜੀ ਸੀ ਜੰਗ, ਲਿਆ ਸੀ ਇਹ ਅਹਿਮ ਫ਼ੈਸਲਾ

ਜਨਰਲ ਆਬਜ਼ਰਵਰ ਡਾ. ਪ੍ਰੀਤਮ ਬੀ. ਯਸ਼ਵੰਤ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਵਧੀਆ ਢੰਗ ਨਾਲ ਕਰਨ ਲਈ ਅਗਲੀ ਮੀਟਿੰਗ 3 ਅਤੇ 8 ਮਈ ਨੂੰ ਹੋਵੇਗੀ ਤਾਂ ਕਿ ਚੋਣ ਕਮਿਸ਼ਨ ਦੇ ਨਿਰਦੇਸ਼ ਅਨੁਸਾਰ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ। ਮੀਟਿੰਗ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ, ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਚਰਨਜੀਵ ਸਿੰਘ, ਆਮ ਆਦਮੀ ਪਾਰਟੀ ਵੱਲੋਂ ਤਰਸੇਮ ਲਾਲ, ਭਾਜਪਾ ਵੱਲੋਂ ਜੀ. ਕੇ. ਸੋਨੀ, ਅਸ਼ੋਕ ਕੁਮਾਰ, ਪੰਜਾਬ ਕਿਸਾਨ ਦਲ ਵੱਲੋਂ ਪਰਮਜੀਤ ਕੌਰ ਤੇਜੀ, ਸਮਾਜਵਾਦੀ ਪਾਰਟੀ ਵੱਲੋਂ ਦੀਨਾਨਾਥ, ਐੱਨ. ਜੇ. ਪੀ. ਤੋਂ ਚਰਨਜੀਤ ਸਿੰਘ, ਆਜ਼ਾਦ ਉਮੀਦਵਾਰ ਪਲਵਿੰਦਰ ਕੌਰ, ਸੰਦੀਪ ਕੌਰ, ਪੀ. ਪੀ. ਆਈ. ਤੋਂ ਮਨਿੰਦਰ ਸਿੰਘ, ਆਜ਼ਾਦ ਉਮੀਦਵਾਰ ਅਮਰੀਸ਼ ਭਗਤ, ਆਸ਼ੀਸ਼ ਰਾਜ, ਗੁਲਸ਼ਨ ਕੁਮਾਰ ਆਜ਼ਾਦ, ਸੁੱਚਾ ਸਿੰਘ ਆਦਿ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ 'ਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਪ੍ਰਗਟਾਇਆ ਦੁੱਖ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News