ਔਰਤ ਨਾਲ ਅਸ਼ਲੀਲ ਹਰਕਤਾਂ ਦੇ ਦੋਸ਼ ''ਚ ਇਕ ਖਿਲਾਫ ਮਾਮਲਾ ਦਰਜ

06/08/2019 5:23:58 PM

ਗੁਰਦਾਸਪੁਰ (ਹਰਮਨਪ੍ਰੀਤ)— ਤਿੱਬੜ ਥਾਣੇ ਅਧੀਨ ਪੈਂਦੇ ਪਿੰਡ ਭੰਗਵਾਂ 'ਚ ਇਕ ਵਿਅਕਤੀ ਵੱਲੋਂ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਉਸ ਦੇ ਕੱਪੜੇ ਪਾੜਨ ਦੇ ਦੋਸ਼ਾਂ ਹੇਠ ਪੁਲਸ ਨੇ ਜਿੱਥੇ ਇਸ ਵਿਅਕਤੀ ਖਿਲਾਫ ਧਾਰਾ 354, 354 ਬੀ ਤਹਿਤ ਮਾਮਲਾ ਦਰਜ ਕੀਤਾ ਹੈ। ਉਸ ਦੇ ਨਾਲ ਹੀ ਇਸ ਔਰਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਘਟਨਾ ਦੇ ਬਾਅਦ ਉਕਤ ਵਿਅਕਤੀ ਦੇ ਘਰ ਦਾਖਲ ਹੋ ਕੇ ਕੀਤੇ ਗਏ ਹਮਲੇ ਦੇ ਦੋਸ਼ਾਂ ਹੇਠ ਪੁਲਸ ਨੇ ਦੂਸਰੀ ਧਿਰ ਦੇ ਬਿਆਨਾਂ 'ਤੇ ਔਰਤ ਦੇ ਪਰਿਵਾਰ ਨਾਲ ਸਬੰਧਿਤ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਪਿੰਡ ਭੰਗਵਾਂ ਦੀ ਇਕ 25 ਸਾਲਾ ਵਿਆਹੁਤਾ ਔਰਤ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ 19 ਮਈ ਨੂੰ ਰਾਤ ਸਾਢੇ 9 ਵਜੇ ਦੇ ਕਰੀਬ ਉਹ ਆਪਣੇ ਪਤੀ ਨਾਲ ਬਾਹਰ ਖੇਤਾਂ 'ਚ ਗਈ ਸੀ। ਇਸ ਦੌਰਾਨ ਜਦੋਂ ਉਹ ਸੜਕ ਤੋਂ ਹੇਠਾਂ ਵੱਲ ਨੂੰ ਗਈ ਤਾਂ ਉਥੇ ਮੌਜੂਦ ਹਰਜੋਤ ਸਿੰਘ ਨੇ ਉਸ ਨੂੰ ਫੜ੍ਹ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਵਿਰੋਧ ਕਰਨ 'ਤੇ ਉਸ ਦੇ ਕੱਪੜੇ ਪਾੜ ਦਿੱਤੇ। ਇਸ ਕਾਰਨ ਪੁਲਸ ਨੇ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਉਸ ਦੀ ਗ੍ਰਿਫਤਾਰੀ ਨਹੀਂ ਹੋਈ। ਦੂਜੇ ਪਾਸੇ ਸਬ ਇੰਸਪੈਕਟਰ ਜਸਪਾਲ ਨੇ ਦੱਸਿਆ ਕਿ ਹਰਜੋਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਹੈ ਕਿ 19 ਮਈ ਨੂੰ ਰਾਤ 9 ਵਜੇ ਦੇ ਕਰੀਬ ਉਹ ਆਪਣੇ ਘਰ ਅੰਦਰ ਟਰੈਕਟਰ ਵਾੜ ਰਿਹਾ ਸੀ ਕਿ ਸੰਨੀ ਕੁਮਾਰ ਉਰਫ ਮੰਗਾ, ਪ੍ਰਦੀਪ ਕੁਮਾਰ, ਪ੍ਰਿੰਸ, ਅਜੇ ਕੁਮਾਰ, ਸਾਮੂ ਮਸੀਹ ਤੇ ਅਯੂਬ ਮਸੀਹ ਜ਼ਬਰਦਸਤੀ ਉਸ ਦੇ ਘਰ ਦਾਖਲ ਹੋ ਗਏ ਅਤੇ ਦਸਤੀ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਭੱਜ ਕੇ ਕਮਰੇ ਅੰਦਰ ਵੜ ਗਿਆ ਅਤੇ ਆਪਣੀ ਜਾਨ ਬਚਾਉਣ ਲਈ ਕੁੰਡਾ ਲਾ ਲਿਆ ਪਰ ਇਸ ਦੌਰਾਨ ਉਸ ਦੀ ਪਤਨੀ ਰੁਪਿੰਦਰ ਕੌਰ ਵਿਹੜੇ 'ਚ ਰਹਿ ਗਈ, ਜਿਸ ਨੂੰ ਪ੍ਰਦੀਪ ਸਿੰਘ ਨੇ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਤੇ ਸੰਨੀ ਕੁਮਾਰ ਨੇ ਉਸ ਦੇ ਕੰਨ ਦੀ ਵਾਲੀ ਝਪਟ ਕੇ ਉਸ ਦਾ ਕਾਨ ਪਾੜ ਦਿੱਤਾ। ਅਜੇ ਕੁਮਾਰ ਨੇ ਉਨਾਂ ਦੇ ਘਰ ਖੜ੍ਹੇ ਸਪਲੈਂਡਰ ਮੋਟਰਸਾਈਕਲ ਨੰਬਰ ਪੀ ਬੀ-58-ਐੱਫ-2114 ਦਾਤਰ ਮਾਰ ਕੇ ਤੋੜ ਦਿੱਤਾ। 

ਪੁਲਸ ਨੇ ਇਨ੍ਹਾਂ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ 6 ਵਿਅਕਤੀਆਂ ਨੂੰ ਪਰਚੇ 'ਚ ਨਾਮਜ਼ਦ ਕੀਤਾ ਹੈ ਪਰ ਅਜੇ ਤੱਕ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਦੋਸ਼ੀ ਉਕਤ ਔਰਤ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਹਨ।


Baljit Singh

Content Editor

Related News