ਅਣਜਾਣਾਂ ਦੇ ਹੱਥ ''ਚ ਸੀ ਨਿਗਮ ਦੇ ਓ. ਐਂਡ ਐੱਮ. ਸੈੱਲ ਦੀ ਕਮਾਨ

08/22/2017 10:15:30 AM


ਲੁਧਿਆਣਾ(ਹਿਤੇਸ਼)-ਨਗਰ ਨਿਗਮ ਦੀ ਓ. ਐਂਡ ਐੱਮ. ਸ਼ਾਖਾ ਵਿਚ ਇਕ ਸਾਲ ਤੋਂ ਠੇਕੇ 'ਤੇ ਕੰਮ ਕਰ ਰਹੇ ਚਾਰ ਇੰਜੀਨੀਅਰਾਂ ਦੀ ਯੋਗਤਾ ਪੂਰੀ ਨਾ ਹੋਣ ਕਾਰਨ ਛੁੱਟੀ ਕਰ ਦਿੱਤੀ ਗਈ ਹੈ।
ਵਰਣਨਯੋਗ ਹੈ ਕਿ ਅਕਾਲੀ ਸਰਕਾਰ ਨੇ ਰੈਗੂਲਰ ਇੰਜੀਨੀਅਰਾਂ ਦੀ ਕਮੀ ਕਾਰਨ ਇਕ ਪ੍ਰਾਈਵੇਟ ਕੰਪਨੀ ਰਾਹੀਂ ਸਟਾਫ ਰੱਖਣ ਦਾ ਫੈਸਲਾ ਲਿਆ ਸੀ, ਜਿਨ੍ਹਾਂ ਤਹਿਤ ਨਗਰ ਨਿਗਮ ਦੀ ਓ. ਐਂਡ ਐੱਮ. ਅਤੇ ਬੀ. ਐਂਡ ਆਰ. ਸ਼ਾਖਾ ਵਿਚ ਵੀ ਐੱਸ. ਡੀ. ਓ. ਅਤੇ ਜੇ. ਈ. ਰੱਖੇ ਗਏ ਜਿਸ ਦੇ ਲਈ ਸਮੱਸਿਆਵਾਂ ਅਤੇ ਹੱਲ ਅਤੇ ਸਾਈਟ 'ਤੇ ਵਿਕਾਸ ਕਾਰਜਾਂ ਦੀ ਮੋਨੀਟਰਿੰਗ ਦੇ ਲਈ ਸਟਾਫ ਦੀ ਕਮੀ ਪੂਰੀ ਕਰਨ ਦਾ ਹਵਾਲਾ ਦਿੱਤਾ ਗਿਆ ਪਰ ਕਿਸੇ ਨੇ ਇਹ ਨਹੀਂ ਦੇਖਿਆ ਕਿ ਠੇਕੇ 'ਤੇ ਰੱਖੇ ਗਏ ਇੰਜੀਨੀਅਰ ਯੋਗਤਾ ਪੂਰੀ ਕਰਦੇ ਹਨ ਜਾਂ ਨਹੀਂ। ਇਸ ਦਾ ਖੁਲਾਸਾ ਹੋਣ 'ਤੇ ਨਿਗਮ ਨੇ ਕੰਪਨੀ ਨੂੰ ਸੂਚਿਤ ਕੀਤਾ ਤਾਂ ਹਫੜਾ-ਦਫੜੀ ਵਿਚ ਚਾਰ ਇੰਜੀਨੀਅਰਾਂ ਦੀ ਛੁੱਟੀ ਕਰ ਦਿੱਤੀ ਗਈ। ਹਾਲਾਂਕਿ ਉਨ੍ਹਾਂ ਦੀ ਗੁੜਗਾਓਂ ਵਿਚ ਦੂਜੀ ਜਗ੍ਹਾ ਪੋਸਟਿੰਗ ਕਰ ਦਿੱਤੀ ਗਈ ਹੈ ਪਰ ਇਸ ਕਾਰਵਾਈ ਨਾਲ ਇਕ ਸਾਲ ਪਹਿਲਾਂ ਉਨ੍ਹਾਂ ਇੰਜੀਨੀਅਰਾਂ ਨੂੰ ਰੱਖਣ ਵਾਲੇ ਅਫਸਰਾਂ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲ ਖੜ੍ਹੇ ਹੋ ਗਏ ਹਨ, ਜਿਨ੍ਹਾਂ ਅਫਸਰਾਂ ਦੇ ਕੋਲ ਸਿਸਟਮ ਦੀਆਂ ਖਾਮੀਆਂ ਨੂੰ ਲੈ ਕੇ ਕੋਈ ਜਵਾਬ ਨਹੀਂ ਹੈ।

ਭਾਈ-ਭਤੀਜਾਵਾਦ ਦੀ ਚਰਚਾ ਜ਼ੋਰਾਂ 'ਤੇ
ਇਸ ਕੇਸ ਵਿਚ ਚਾਹੇ ਮੇਅਰ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਹੈ ਕਿ ਆਊਟ ਸੋਰਸਿੰਗ ਰਾਹੀਂ ਸਟਾਫ ਰੱਖਣ ਦਾ ਸਾਰਾ ਕੰਮ ਅਫਸਰਾਂ ਨੇ ਕੀਤਾ ਹੈ ਅਤੇ ਜੇਕਰ ਕਿਸੇ ਦੀ ਯੋਗਤਾ ਪੂਰੀ ਨਹੀਂ ਜਾਂ ਫਿਰ ਗਲਤ ਢੰਗ ਨਾਲ ਰੱਖਿਆ ਗਿਆ ਤਾਂ ਉਸ ਮੁਲਾਜ਼ਮ ਅਤੇ ਕੰਪਨੀ 'ਤੇ ਕਾਰਵਾਈ ਵੀ ਅਫਸਰਾਂ ਨੇ ਹੀ ਕਰਨੀ ਹੈ ਪਰ ਅਸਲੀਅਤ ਇਹ ਹੈ ਕਿ ਸਭ ਕੁਝ ਸਿਫਾਰਸ਼ੀ ਚੈਨਲ ਰਾਹੀਂ ਹੋਇਆ, ਜਿਸ ਦੇ ਤਹਿਤ ਆਊਟ ਸੋਰਸਿੰਗ ਰਾਹੀਂ ਸਟਾਫ ਰੱਖਣ ਦਾ ਫੈਸਲਾ ਹੋਇਆ ਤਾਂ ਨੇਤਾਵਾਂ ਅਤੇ ਅਫਸਰਾਂ ਦੀ ਮੰਨੋ ਮੌਜ ਲੱਗ ਗਈ, ਜਿਨ੍ਹਾਂ ਨੇ ਆਪਣੇ ਨਜ਼ਦੀਕੀਆਂ ਅਤੇ ਰਿਸ਼ਤੇਦਾਰਾਂ ਤੱਕ ਨੂੰ ਨਿਗਮ ਵਿਚ ਫਿੱਟ ਕਰਵਾਉਣ ਦਾ ਮੌਕਾ ਨਹੀਂ ਗਵਾਇਆ। ਇਸ ਵਿਚੋਂ ਇਕ ਜੇ. ਈ. ਪਰਮਿੰਦਰ ਤਾਂ ਮੇਅਰ ਦਾ ਗੁਆਂਢੀ ਹੀ ਨਿਕਲਿਆ, ਜਿਸ ਨੂੰ ਹੁਣ ਯੋਗਤਾ ਪੂਰੀ ਨਾ ਕਰਨ ਦੇ ਦੋਸ਼ ਵਿਚ ਫਾਰਗ ਕੀਤਾ ਗਿਆ ਹੈ।

ਸਿੱਧੂ ਦੇ ਕੋਲ ਪਹੁੰਚ ਚੁੱਕਾ ਹੈ ਕੇਸ
ਇਸ ਮਾਮਲੇ ਵਿਚ ਆਰ. ਟੀ. ਆਈ. ਐਕਟ ਤਹਿਤ ਜਾਣਕਾਰੀ ਹਾਸਲ ਕਰਨ ਵਾਲੇ ਵਿਅਕਤੀ ਨੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਨੂੰ ਵੀ ਸ਼ਿਕਾਇਤ ਭੇਜੀ ਹੈ, ਜਿਸ ਦੇ ਮੁਤਾਬਕ ਸਟਾਫ ਰੱਖਣ ਤੋਂ ਪਹਿਲਾਂ ਇਹ ਚੈੱਕ ਨਹੀਂ ਕੀਤਾ ਗਿਆ ਕਿ ਉਨ੍ਹਾਂ ਦੇ ਨਾਂ ਰੋਜ਼ਗਾਰ ਦਫਤਰ ਵਿਚ ਰਜਿਸਟਰਡ ਹਨ ਜਾਂ ਨਹੀਂ। ਇਸ ਤੋਂ ਇਲਾਵਾ ਜੋ ਮੁਲਾਜ਼ਮ ਰੱਖੇ ਗਏ, ਉਨ੍ਹਾਂ ਦੀ ਕੰਪਨੀ ਦੇ ਕੋਲ ਰਜਿਸਟ੍ਰੇਸ਼ਨ ਵੀ ਪੈਨਲ ਵਿਚ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਹੋਈ, ਜਿਨ੍ਹਾਂ ਦੀ ਸਿਲੈਕਸ਼ਨ ਡਾਕੂਮੈਂਟ ਵੈਰੀਫਿਕੇਸ਼ਨ ਦੇ ਨਾਂ 'ਤੇ ਹੋਈ ਹੈ, ਜਦੋਂਕਿ ਉਸ ਦੌਰਾਨ ਯੋਗਤਾ ਪੂਰੀ ਨਾ ਕਰਨ ਦਾ ਪਹਿਲੂ ਅਫਸਰਾਂ ਨੇ ਨਜ਼ਰਅੰਦਾਜ਼ ਕਰ ਦਿੱਤਾ।

ਗੋਰਖਧੰਦੇ 'ਤੇ ਇਕ ਨਜ਼ਰ
. 2016 ਵਿਚ ਹੋਇਆ ਆਊਟ ਸੋਰਸਿੰਗ ਰਾਹੀਂ ਸਟਾਫ ਰੱਖਣ ਦਾ ਫੈਸਲਾ
. 8 ਐੱਸ. ਡੀ. ਓ. ਅਤੇ 16 ਜੇ. ਈ. ਰੱਖੇ ਗਏ
. ਨਿਗਮ ਅਫਸਰਾਂ ਨੇ ਚੋਰ ਦਰਵਾਜ਼ੇ ਤੋਂ ਕੰਪਨੀ ਨੂੰ ਭੇਜੇ ਨਾਂ
. ਫਿਰ ਕੀਤੀ ਗਈ ਸਟਾਫ ਮੁਹੱਈਆ ਕਰਵਾਉਣ ਦੀ ਮੰਗ
. ਕੰਪਨੀ ਨੇ ਸਿਫਾਰਸ਼ੀ ਨਾਵਾਂ ਦਾ ਹੀ ਤਿਆਰ ਕੀਤਾ ਪ੍ਰਪੋਜ਼ਲ
. ਪੈਨਲ ਵਿਚੋਂ ਚਹੇਤਿਆਂ ਦੀ ਹੋਈ ਸਿਲੈਕਸ਼ਨ

ਇਹ ਚਾਹੀਦੀਆਂ ਸਨ ਯੋਗਤਾਵਾਂ ਤੇ ਨਿਕਲੀਆਂ ਇਹ
. ਬੀ. ਟੈੱਕ. (ਸਿਵਲ, ਮਕੈਨੀਕਲ, ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ)
. ਰੋਹਿਤ ਬਜਾਜ : ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼
. ਜਸਕੀਰਤ ਸਿੰਘ : ਇਨਫਾਰਮੇਸ਼ਨ ਐਂਡ ਟੈਕਨਾਲੋਜੀ
. ਪਰਮਿੰਦਰ ਸਿੰਘ : ਪ੍ਰੋਡਕਸ਼ਨ ਐਂਡ ਇੰਡਸਟ੍ਰੀਅਲ ਇੰਜੀਨੀਅਰਿੰਗ
.ਅੰਸ਼ੁਲ ਗਰਚਾ ਨੂੰ ਵੀ ਕੀਤਾ ਫਾਰਗ
. ਦੋ ਦੇ ਕੋਲ ਡਿਗਰੀ ਦੀ ਜਗ੍ਹਾ ਮਿਲਿਆ ਡਿਪਲੋਮਾ


Related News