NRI ਪਰਿਵਾਰ ਨਾਲ ਹੋਈ ਗੁੰਡਾਗਰਦੀ ਦੇ ਮਾਮਲੇ ’ਚ ਨਵਾਂ ਮੋੜ, ਪੁਲਸ ਦੀ ਗ੍ਰਿਫਤ ’ਚੋਂ ਸ਼ਰਾਬ ਠੇਕੇਦਾਰ ਦਾ ਕਰਿੰਦਾ ਫਰਾਰ

Wednesday, Nov 16, 2022 - 11:58 AM (IST)

NRI ਪਰਿਵਾਰ ਨਾਲ ਹੋਈ ਗੁੰਡਾਗਰਦੀ ਦੇ ਮਾਮਲੇ ’ਚ ਨਵਾਂ ਮੋੜ, ਪੁਲਸ ਦੀ ਗ੍ਰਿਫਤ ’ਚੋਂ ਸ਼ਰਾਬ ਠੇਕੇਦਾਰ ਦਾ ਕਰਿੰਦਾ ਫਰਾਰ

ਅੰਮ੍ਰਿਤਸਰ (ਛੀਨਾ) : 4 ਨਵੰਬਰ ਨੂੰ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਸਥਿਤ ਇਕ ਰਿਜ਼ੋਰਟ ’ਚ ਐੱਨ. ਆਰ. ਆਈ. ਪਰਿਵਾਰ ਨਾਲ ਰਿਸੈਪਸ਼ਨ ਮੌਕੇ ਇਕ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਵਲੋਂ ਗੁੰਡਾਗਰਦੀ ਕਰਨ ਦੇ ਬਹੁਤ ਹੀ ਚਰਚਿਤ ਮਾਮਲੇ ’ਚ ਉਦੋਂ ਨਵਾਂ ਮੋੜ ਸਾਮਣੇ ਆ ਗਿਆ ਜਦੋਂ ਰਿਜ਼ੋਰਟ ’ਚ ਗੋਲੀ ਲੱਗਣ ਨਾਲ ਗੰਭੀਰ ਰੂਪ ’ਚ ਜ਼ਖਮੀ ਹੋਇਆ ਸ਼ਰਾਬ ਠੇਕੇਦਾਰ ਦਾ ਕਰਿੰਦਾ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ’ਚ ਜੇਰੇ ਇਲਾਜ ਸੀ, ਦੇ ਪੁਲਸ ਦੀ ਗ੍ਰਿਫਤ ’ਚੋਂ ਫਰਾਰ ਹੋਣ ਦੀ ਖਬਰ ਜੰਗਲ ਦੀ ਅੱਗ ਵਾਂਗ ਹਰ ਪਾਸੇ ਫੈਲ ਗਈ। ਇਥੇ ਜ਼ਿਕਰਯੋਗ ਹੈ ਕਿ ਪੁਲਸ ਦੀ ਗ੍ਰਿਫਤ ’ਚੋਂ ਫਰਾਰ ਦੋਸ਼ੀ ਰਮਨਦੀਪ ਸਿੰਘ ਪੁੱਤਰ ਸੁਖਰਾਜ ਸਿੰਘ ਵਾਸੀ ਪਿੰਡ ਮਾਨੀ ਸਿੰਘ ਵਾਲਾ 4 ਨਵੰਬਰ ਨੂੰ ਸ਼ਰਾਬ ਠੇਕੇਦਾਰ ਦੇ ਬਾਕੀ ਕਰਿੰਦਿਆਂ ਦੇ ਨਾਲ ਐੱਨ.ਆਰ.ਆਈ. ਪਰਿਵਾਰ ਦੀ ਰਿਸੈਪਸ਼ਨ ’ਚ ਪਹੁੰਚਿਆ ਸੀ ਜੋ ਕਿ ਹਫੜਾ-ਦਫੜੀ ਦੌਰਾਨ ਚੱਲੀ ਗੋਲ਼ੀ ਦਾ ਸ਼ਿਕਾਰ ਹੋਣ ਕਾਰਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਸੀ ਜਿਸ ਨੂੰ ਇਲਾਜ ਲਈ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉਸ ਦੇ ਬਿਆਨਾਂ ’ਤੇ ਹੀ ਪੁਲਸ ਨੇ ਕਰਾਸ ਪਰਚਾ ਦਰਜ ਕੀਤਾ ਸੀ। 

ਇਸ ਸਬੰਧ ’ਚ ਪੁਲਸ ਥਾਣਾ ਵੇਰਕਾ ਦੇ ਇੰਚਾਰਜ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਦੋਸ਼ੀ ਫਰਾਰ ਹੈ ਪਰ ਜਦੋਂ ਇਲਾਜ ਅਧੀਨ ਸੀ ਉਦੋਂ ਉਸ ਨੂੰ ਕੇਸ ’ਚ ਨੋਮੀਨੇਟ ਨਹੀਂ ਕੀਤਾ ਗਿਆ ਸੀ ਅਤੇ ਉਹ ਡਿਸਚਾਰਜ ਹੋ ਕੇ ਆਪਣੇ ਘਰ ਗਿਆ ਹੈ, ਉਸ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਖਾਸ ਤੌਰ ’ਤੇ ਹਦਾਇਤ ਕੀਤੀ ਗਈ ਸੀ ਕਿ ਦੋਸ਼ੀ ਨੂੰ ਡਿਸਚਾਰਜ ਕਰਨ ਤੋਂ ਪਹਿਲਾਂ ਪੁਲਸ ਨੂੰ ਜ਼ਰੂਰ ਸੂਚਿਤ ਕੀਤਾ ਜਾਵੇ ਪਰ ਉਨ੍ਹਾਂ ਨੇ ਪੁਲਸ ਨੂੰ ਦੱਸੇ ਬਿਨਾਂ ਹੀ ਦੋਸ਼ੀ ਨੂੰ ਛੁੱਟੀ ਦੇ ਦਿੱਤੀ। ਐੱਸ.ਐੱਚ.ਓ. ਨੇ ਕਿਹਾ ਕਿ ਦੋਸ਼ੀ ਰਮਨਦੀਪ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮਾਮਲੇ ’ਚ ਹੈਰਾਨੀਜਨਕ ਤੱਥ ਇਹ ਸਾਮਣੇ ਆ ਰਹੇ ਹਨ ਕਿ ਜਿਸ ਮਾਮਲੇ ਦੀ ਵਿਦੇਸ਼ਾਂ ਤੱਕ ਚਰਚਾ ਹੋਣ ਕਾਰਨ ਪੰਜਾਬ ਸਰਕਾਰ ਦੀ ਪਹਿਲਾਂ ਹੀ ਭਾਰੀ ਕਿਰਕਿਰੀ ਹੋ ਚੁੱਕੀ ਹੋਵੇ, ਉਸ ਮਾਮਲੇ ’ਚ ਅੰਮ੍ਰਿਤਸਰ ਪੁਲਸ ਇੰਨੀ ਲਾਪ੍ਰਵਾਹੀ ਕਿਵੇਂ ਵਰਤ ਸਕਦੀ ਹੈ, ਇਲਾਜ ਅਧੀਨ ਦੋਸ਼ੀ ਦੀ ਨਿਗਾਰਨੀ ਕਿਉਂ ਨਹੀ ਕੀਤੀ ਗਈ ਅਤੇ ਜੇਕਰ ਦੋਸ਼ੀ ਦੀ ਨਿਗਰਾਨੀ ਲਈ ਪੁਲਸ ਮੁਲਾਜ਼ਮ ਤਾਇਨਾਤ ਵੀ ਸਨ ਤਾਂ ਫਿਰ ਦੋਸ਼ੀ ਹਸਪਤਾਲ ’ਚੋਂ ਉਨ੍ਹਾਂ ਨੂੰ ਚਕਮਾ ਦੇ ਕੇ ਫਰਾਰ ਹੋਣ ’ਚ ਕਿਵੇਂ ਕਾਮਯਾਬ ਹੋ ਗਿਆ, ਕੀ ਦਾਲ ’ਚ ਕੁਝ ਕਾਲਾ ਹੈ ਜਾਂ ਸਾਰੀ ਦਾਲ ਹੀ ਕਾਲੀ ਹੈ? ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਨਵੇਂ ਉਜਾਗਰ ਹੋਏ ਇਸ ਮਾਮਲੇ ਨੇ ਪੁਲਸ ਪ੍ਰਸ਼ਾਸਨ ’ਤੇ ਕਈ ਤਰ੍ਹਾਂ ਦੇ ਸਵਲ ਖੜ੍ਹੇ ਕਰ ਦਿੱਤੇ ਹਨ। 
 


author

Gurminder Singh

Content Editor

Related News