ਕੋਰੋਨਾ ਵਜੋਂ ਨਰੇਗਾ ਕਰਮੀਆਂ ਨੂੰ ਬਿਨਾਂ ਕੰਮ ਪੈਸੇ ਦੇਵੇ ਮੋਦੀ ਸਰਕਾਰ : ਨਿਮਿਸ਼ਾ ਮਹਿਤਾ
Wednesday, Apr 29, 2020 - 04:23 PM (IST)
ਗੜ੍ਹਸ਼ੰਕਰ : ਅੱਜ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਗੜ੍ਹਸ਼ੰਕਰ ਤੋਂ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨਾਲ ਵੀਡੀਓ ਕਾਨਫਰੰਸ ਕੀਤੀ। ਜਿਸ ਵਿਚ ਨਿਮਿਸ਼ਾ ਮਹਿਤਾ ਨੇ ਮਨੀਸ਼ ਤਿਵਾੜੀ ਕੋਲ ਹਲਕਾ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਇਸ ਵੇਲੇ ਹਲਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਬਾਰੇ ਗੱਲਬਾਤ ਕੀਤੀ। ਇਸ ਵੀਡੀਓ ਕਾਨਫਰੰਸ ਵਿਚ ਨਿਮਿਸ਼ਾ ਮਹਿਤਾ ਨੇ ਗਰੀਬ ਲੋਕ ਵਿਸ਼ੇਸ਼ ਤੌਰ 'ਤੇ ਨਰੇਗਾ ਵਰਕਰਾਂ ਨੂੰ ਕੋਰੋਨਾ ਦੇ ਮੁਆਵਜ਼ੇ ਵਜੋਂ ਬਿਨਾਂ ਕੰਮ ਤਨਖਾਹ ਦੇਣ ਦੀ ਮੰਗ ਮਨੀਸ਼ ਤਿਵਾੜੀ ਨੂੰ ਮੋਦੀ ਸਰਕਾਰ ਪਾਸ ਕਰਨ ਦੀ ਗੱਲ ਆਖੀ। ਇਸ ਦੇ ਨਾਲ ਹੀ ਨਿਮਿਸ਼ਾ ਨੇ ਕਿਹਾ ਕਿ ਪੰਜਾਬ ਵਿਚ 17 ਲੱਖ 98 ਹਜ਼ਾਰ 583 ਰਜਿਸਟਰਡ ਨਰੇਗਾ ਵਰਕਰ ਹਨ ਅਤੇ ਜੇਕਰ ਕੇਂਦਰ ਸਰਕਾਰ ਆਰਥਿਕ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਤਾਂ ਇਨ੍ਹਾਂ ਗਰੀਬ ਲੋਕਾਂ ਨੂੰ ਬਿਨਾਂ ਕੰਮ ਮੁਆਵਜ਼ਾ ਦਿੱਤਾ ਜਾਵੇ। ਇੰਨਾ ਹੀ ਨਹੀਂ ਨਿਮਿਸ਼ਾ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਨੂੰ ਕਿਹਾ ਕਿ ਉਹ ਨਰੇਗਾ ਬਜਟ ਵਧਾਉਣ ਬਾਰੇ ਵੀ ਕੇਂਦਰ ਸਰਕਾਰ ਕੋਲ ਮੰਗ ਰੱਖਣ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਆੜ੍ਹਤੀਆਂ ਅਤੇ ਮਿਡਲ ਕਲਾਸ ਵਰਗ ਦੀਆਂ ਮੁਸ਼ਕਲਾਂ ਬਾਰੇ ਵੀ ਗੱਲਬਾਤ ਕੀਤੀ ਅਤੇ ਮੱਧ ਵਰਗੀ ਜਮਾਤ ਨੂੰ ਰਾਹਤ ਦੇਣ ਲਈ ਸਰਕਾਰੀ ਅਤੇ ਪ੍ਰਾਈਵੇਟ ਸਕੂਲੀ ਅਤੇ ਕਾਲਜੀ ਫੀਸਾਂ ਵਿਚ ਮੋਟੀ ਰਾਹਤ ਦੇਣ ਵੀ ਸਿਫਾਰਸ਼ ਕੀਤੀ। ਇਸ ਦੇ ਨਾਲ ਨਾਲ ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਵਿਚ 35 ਦੇ ਕਰੀਬ ਪਿੰਡ ਮੋਟੇ ਤੌਰ 'ਤੇ ਦੁੱਧ ਉਪਤਾਦਨ 'ਤੇ ਨਿਰਭਰ ਹਨ ਅਤੇ ਇਸ ਵੇਲੇ ਉਨ੍ਹਾਂ ਨੂੰ ਦੁੱਧ 15-20 ਰੁਪਏ ਲਿਟਰ ਦੇ ਹਿਸਾਬ ਨਾਲ ਵੇਚਣਾ ਪੈ ਰਿਹਾ ਹੈ, ਉਨ੍ਹਾਂ ਨੂੰ ਰਾਹਤ ਦੇਣ ਲਈ ਵੱਡੀਆਂ ਕੰਪਨੀਆਂ ਨਾਲ ਗੱਲ ਕਰਕੇ ਉਨ੍ਹਾਂ ਦੇ ਦੁੱਧ ਦਾ ਸਹੀ ਮੁੱਲ 'ਤੇ ਵਿਕਰੀ ਦਾ ਪ੍ਰਬੰਧ ਕਰਵਾਇਆ ਜਾਵੇ। ਇਸ ਵੀਡੀਓ ਕਾਨਫਰੰਸਿੰਗ ਵਿਚ ਹਲਕਾ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਕਰੀਬ ਦੋ ਦਰਜਨ ਆਗੂਆਂ ਨਾਲ ਮਨੀਸ਼ ਤਿਵਾੜੀ ਨੇ ਗੱਲਬਾਤ ਕੀਤੀ, ਜਿਸ ਵਿਚ ਹਲਕਾ ਗੜ੍ਹਸ਼ੰਕਰ ਤੋਂ ਸਿਰਫ ਨਿਮਿਸ਼ਾ ਮਹਿਤਾ ਨੂੰ ਇਸ ਕਾਨਫਰੰਸ ਵਿਚ ਸ਼ਾਮਲ ਕੀਤਾ ਗਿਆ।