ਹੁਣ ਪੜ੍ਹਣ ਦੇ ਨਾਲ-ਨਾਲ ਸੁਣ ਵੀ ਸਕੋਗੇ ਕਿਤਾਬਾਂ, ਇਹ ਲਾਇਬ੍ਰੇਰੀ ਮੁਫ਼ਤ ''ਚ ਮੁਹੱਈਆ ਕਰਵਾ ਰਹੀ ''ਆਡੀਓ ਬੁਕਸ''
Thursday, Oct 20, 2022 - 03:26 PM (IST)
ਜਲੰਧਰ : ਅੱਜ ਜਿੱਥੇ ਹਰ ਕੋਈ ਆਪਣੇ ਮੋਬਾਇਲ ਫ਼ੋਨ 'ਤੇ ਸੋਸ਼ਲ ਮੀਡੀਆ ਆਦਿ 'ਤੇ ਆਪਣਾ ਕੀਮਤੀ ਸਮਾਂ ਬਰਬਾਦ ਕਰ ਰਿਹਾ ਹੈ, ਉੱਥੇ ਹੀ ਇਸ ਸਮੇਂ ਦੀ ਸਾਰਥਕ ਵਰਤੋਂ ਨਾਲ ਆਪਣੇ ਗਿਆਨ 'ਚ ਵਾਧਾ ਵੀ ਕੀਤਾ ਜਾ ਸਕਦਾ ਹੈ। ਲੋਕਾਂ ਦਾ ਕਿਤਾਬਾਂ ਪੜ੍ਹਣ ਵੱਲ ਰੁਝਾਨ ਲਗਾਤਾਰ ਘਟਦਾ ਜਾ ਰਿਹਾ ਹੈ। ਜਲੰਧਰ ਦੀ ਇਕ ਲਾਇਬ੍ਰੇਰੀ ਵੱਲੋਂ ਲੋਕਾਂ ਦੀ ਕਿਤਾਬਾਂ ਤੋਂ ਵੱਧਦੀ ਇਸ ਦੂਰੀ ਨੂੰ ਘੱਟ ਕਰਨ ਲਈ ਪੜ੍ਹਣ ਦੇ ਨਾਲ-ਨਾਲ ਸੁਣਨ ਲਈ ਵੀ ਕਿਤਾਬਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਜਲੰਧਰ ਦੀ ਗੁਰੂ ਨਾਨਕ ਦੇਵ ਲਾਇਬ੍ਰੇਰੀ ਨੂੰ ਸਮਾਰਟ ਸਿਟੀ ਕੰਪਨੀ ਵੱਲੋਂ ਡਿਜੀਟਲਾਈਜ਼ ਕਰ ਕੇ ਇਸ ਦਾ 'ਸ਼੍ਰੀ ਗੁਰੂ ਨਾਨਕ ਦੇਵ ਲਾਇਬ੍ਰੇਰੀ ਡਾਟ ਕਾਮ' ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ। ਲਾਇਬ੍ਰੇਰੀ ਵੱਲੋਂ 50 ਹਜ਼ਾਰ ਤੋਂ ਵੱਧ ਕਿਤਾਬਾਂ ਇਸ 'ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਤਕਰੀਬਨ 2 ਹਜ਼ਾਰ ਆਡੀਓ-ਬੁਕਸ ਵੀ ਇਸ 'ਤੇ ਉਪਲਬਧ ਹਨ।
ਇਹ ਖ਼ਬਰ ਵੀ ਪੜ੍ਹੋ - ਇੰਸਟਾਗ੍ਰਾਮ ’ਚ ਜੁੜਿਆ ਨਵਾਂ ਨਿਗਰਾਨੀ ਫੀਚਰ, ਹੁਣ ਬੱਚਿਆਂ ’ਤੇ ਨਜ਼ਰ ਰੱਖ ਸਕਣਗੇ ‘ਮਾਪੇ’
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਮਾਰਟ ਸਿਟੀ ਕੰਪਨੀ ਦੇ ਸੀ. ਈ. ਓ. ਦਵਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ 6 ਮਹੀਨਿਆਂ ਤਕ ਲੋਕ ਇਸ ਸੇਵਾ ਦਾ ਮੁਫ਼ਤ 'ਚ ਲਾਹਾ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਉਕਤ ਸਾਫ਼ਟਵੇਅਰ 'ਚ ਹਰ ਉਮਰ ਵਰਗ ਲਈ ਵੱਖੋ-ਵੱਖਰੀਆਂ ਭਾਸ਼ਾਵਾਂ 'ਚ ਕਿਤਾਬਾਂ ਉਪਲਬਧ ਹਨ। ਲਾਇਬ੍ਰੇਰੀ 'ਚ ਇਤਿਹਾਸਕ, ਰਿਸਰਚ, ਨਾਵਲ, ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕਿਤਾਬਾਂ, ਕਾਮਿਕਸ ਤੇ ਸਾਹਿਤ ਦੀਆਂ ਹੋਰ ਵੰਨਗੀਆਂ ਦੀਆਂ ਕਿਤਾਬਾਂ ਮੌਜੂਦ ਹਨ। ਲਾਇਬ੍ਰੇਰੀ 'ਚ ਮੌਜੂਦ 20 ਲੈਪਟਾਪ ਤੋਂ ਇਲਾਵਾ ਲੋਕ ਘਰ ਬੈਠ ਕੇ ਆਪਣੇ ਮੋਬਾਈਲ ਫ਼ੋਨ, ਲੈਪਟਾਨ, ਕੰਪਿਊਟਰ ਆਦਿ 'ਤੇ ਵੀ ਇਹ ਕਿਤਾਬਾਂ ਪੜ੍ਹ ਸਕਦੇ ਹਨ।