ਸਿੱਖਿਆ ਮਹਿਕਮੇ ਦਾ ਨਾਦਰਸ਼ਾਹੀ ਫੁਰਮਾਨ, ਹੁਣ ਮਾਪੇ ਸੌਂਣਗੇ ਤੇ ਅਧਿਆਪਕ ਬੱਚਿਆਂ ਨੂੰ ਸਵੇਰੇ ਜਗਾਉਣਗੇ

Friday, Feb 26, 2021 - 03:11 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) : ਸਿੱਖਿਆ ਮਹਿਕਮੇ ਦੀ ਅਫਸਰਸ਼ਾਹੀ ਦੇ ਸਿਰ ਮਿਸ਼ਨ ਸੌ ਪ੍ਰਤੀਸ਼ਤ ਦਾ ਭੂਤ ਇਸ ਤਰ੍ਹਾਂ ਸਵਾਰ ਹੈ ਕਿ ਮਹਿਕਮੇ ਦੇ ਅਧਿਕਾਰੀਆਂ ਨੇ ਪਹਿਲਾਂ ਤਾਂ ਉਕਤ ਮਿਸ਼ਨ ਦੀ ਪ੍ਰਾਪਤੀ ਲਈ ਹਰੇਕ ਅਧਿਆਪਕ ਨੂੰ ਬੋਰਡ ਦੀਆਂ ਜਮਾਤਾਂ ਦੇ ਘੱਟ-ਘੱਟ 5 ਬੱਚੇ ਗੋਦ ਲੈਣ ਲਈ ਕਿਹਾ ਗਿਆ। ਹੁਣ ਨਵਾਂ ਫੁਰਮਾਨ ਜਾਰੀ ਕੀਤਾ ਗਿਆ ਹੈ ਕਿ ਹਰੇਕ ਅਧਿਆਪਕ ਸਵੇਰ ਹੋਣ ਤੋਂ ਪਹਿਲਾਂ ਬੱਚਿਆਂ ਨੂੰ ਸੁੱਤਿਆਂ ਜਗ੍ਹਾ ਕੇ ਪੜ੍ਹਨ ਲਈ ਪ੍ਰੇਰਿਤ ਕਰੇਗਾ ਅਤੇ ਕੀਤੇ ਗਏ ਫੋਨ ਦਾ ਰਿਕਾਰਡ ਗੂਗਲ ਸ਼ੀਟ ’ਚ ਵੀ ਦਰਜ ਕਰੇਗਾ। ਇੰਨ੍ਹਾਂ ਹੁਕਮਾਂ ਦੀ ਪਾਲਣਾ ਹਿੱਤ ਸਕੂਲ ਮੁਖੀਆਂ ਵੱਲੋਂ ਵੀ ਫੁਰਤੀ ਦਿਖਾਉਂਦਿਆਂ ਇਸ ਮੈਸੇਜ ਨੂੰ ਆਪਣੇ ਅਧੀਨ ਸਕੂਲ ਅਧਿਆਪਕਾਂ ਕੋਲ ਭੇਜ ਦਿੱਤਾ ਗਿਆ ਹੈ। ਅਧਿਆਪਕਾਂ ਦੀ ਪ੍ਰਤੀਨਿਧ ਜੱਥੇਬੰਦੀ ਡੈਮੋਕ੍ਰੇਟਿਕ ਟੀਚ੍ਰਜ਼ ਫਰੰਟ ਨੇ ਇੰਨ੍ਹਾਂ ਨਾਦਰਸ਼ਾਹੀ ਹੁਕਮਾਂ ਦਾ ਤਿੱਖਾ ਵਿਰੋਧ ਕਰਦਿਆਂ ਦੱਸਿਆ ਕਿ ਮਹਿਕਮੇ ਦੀ ਅਫਸਰਸ਼ਾਹੀ ਅਧਿਆਪਕਾਂ ਨਾਲ ਬੰਧੂਆ ਮਜ਼ਦੂਰਾਂ ਵਾਲਾ ਵਿਵਹਾਰ ਕਰ ਰਹੀ ਹੈ। ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਅਤੇ ਜ਼ਿਲ੍ਹਾ ਸਕੱਤਰ ਰਾਮ ਸਵਰਨ ਲੱਖੇਵਾਲੀ ਨੇ ਕਿਹਾ ਕਿ ਪੂਰਾ ਸਾਲ ਮਹਿਕਮੇ ਵੱਲੋਂ ਸਿਰਫ਼ ਪੇਪਰ ਲੈਣ ਦੀ ਕਵਾਇਦ ਹੀ ਜਾਰੀ ਰੱਖੀ ਗਈ ਹੈ ਜਾਂ ਫਿਰ ਜੂਮ ਮੀਟਿੰਗ ਕਰਕੇ ਪੁਰਾਣੀ ਦਾਲ ਨੂੰ ਵਾਰ-ਵਾਰ ਨਵਾਂ ਤੜਕਾ ਲਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਅਧਿਆਪਕ ਸਕੂਲ ’ਚ ਹਾਜ਼ਰ ਹੋਣ ਦੇ ਬਾਵਜੂਦ ਵੀ ਆਪਣੀਂ ਇੱਛਾ ਅਨੁਸਾਰ ਬੱਚਿਆਂ ਨੂੰ ਪੜ੍ਹਾਈ ਨਹੀਂ ਕਰਾ ਸਕਦੇ।

ਇਹ ਵੀ ਪੜ੍ਹੋ : ਪਿੰਡ ਫੱਤਾ ਕੁੱਲਾ ਦੀ ਪੰਚਾਇਤ ਨੇ ਕੀਤਾ ਖ਼ੇਤੀ ਕਾਨੂੰਨਾਂ ਖ਼ਿਲਾਫ਼ ਮਤਾ ਪਾਸ, ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਅਧਿਆਪਕ ਆਗੂਆਂ ਨੇ ਦੱਸਿਆ ਕਿ ਸਕੂਲ ਪੂਰੀ ਤਰ੍ਹਾਂ ਖੁੱਲ੍ਹੇ ਹੋਣ ਦੇ ਬਾਵਜੂਦ ਵੀ ਆਨ ਲਾਈਨ ਸਿੱਖਿਆ ’ਤੇ ਜ਼ੋਰ ਦੇ ਕੇ ਮਹਿਕਮਾ ਸਿੱਖਣ ਪ੍ਰਕਿਰਿਆ ’ਚੋਂ ਅਧਿਆਪਕ ਦੀ ਭੂਮਿਕਾ ਨੂੰ ਮਨਫੀ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਹਿਕਮੇ ਦੇ ਮੰਤਰੀ ਅਤੇ ਸਿੱਖਿਆ ਸਕੱਤਰ ਵੱਲੋਂ ਜੱਥੇਬੰਦੀ ਨਾਲ ਡੈਪੂਟੇਸ਼ਨਾਂ ਦੌਰਾਨ ਅਧਿਆਪਕਾਂ ਦੀਆਂ ਹੱਕੀ ਮੰਗਾਂ ਮੰਨਣ ਦੇ ਬਾਵਜੂਦ ਵੀ ਕੋਈ ਫੈਸਲਾ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਵਾਰ ਤਬਾਦਲਾ ਨੀਤੀ ਵਿੱਚ ਅਨੇਕਾਂ ਮਿਡਲ ਅਤੇ ਹਾਈ ਸਕੂਲਾਂ ਦੇ ਖਾਲੀ ਸਟੇਸ਼ਨਾਂ ਨੂੰ ਦਿਖਾਇਆ ਨਹੀਂ ਗਿਆ, ਜਿਸ ਕਾਰਨ ਅਨੇਕਾਂ ਲੋੜਵੰਦ ਅਧਿਆਪਕ ਬਦਲੀਆਂ ਦੇ ਹੱਕ ਤੋਂ ਵਾਂਝੇ ਰਹਿਣਗੇ। ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਅਜਿਹੀਆਂ ਧੱਕੇਸ਼ਾਹੀਆਂ ਖ਼ਿਲਾਫ਼ ਸਖਤ ਰੋਸ ਹੈ। ਆਗੂਆਂ ਨੇ 28 ਫਰਵਰੀ ਦੀ ਪੁਰਾਣੀ ਪੈਨਸ਼ਨ ਪ੍ਰਾਪਤੀ ਰੈਲੀ ਵਿੱਚ ਪਟਿਆਲਾ ਵਿਖੇ ਡੀ. ਟੀ. ਐੱਫ਼ ਦੀ ਸੂਬਾ ਕਮੇਟੀ ਵੱਲੋਂ ਕੀਤੇ ਫੈਸਲੇ ਅਨੁਸਾਰ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਸ ਸਮੇਂ ਜ਼ਿਲ੍ਹਾ ਵਿੱਤ ਸਕੱਤਰ ਮਨੋਜ ਬੇਦੀ, ਲੰਬੀ ਬਲਾਕ ਦੇ ਪ੍ਰਧਾਨ ਕੁਲਦੀਪ ਸ਼ਰਮਾ, ਮਲੋਟ ਦੇ ਪ੍ਰਧਾਨ ਵਰਿੰਦਰ ਬਾਹਿਲ, ਗਿੱਦੜਬਾਹਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਪਿਉਰੀ, ਮੁਕਤਸਰ 1 ਦੇ ਪ੍ਰਧਾਨ ਨਰਿੰਦਰ ਬੇਦੀ, ਮੁਕਤਸਰ 2 ਦੇ ਪ੍ਰਧਾਨ ਬੂਟਾ ਸਿੰਘ ਵਾਕਫ਼, ਦੋਦਾ ਦੇ ਪ੍ਰਧਾਨ ਪਰਮਿੰਦਰ ਖੋਖਰ ਤੋ ਬਿਨਾਂ ਜ਼ਿਲ੍ਹਾ ਕਮੇਟੀ ਮੈਂਬਰ ਹਰਬੰਸ ਲਾਲ ਸੁਖਨਾ, ਪਰਮਿੰਦਰ ਹਰੀਕੇ ਸੁਰਿੰਦਰ ਸੇਤੀਆ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ‘ਕੈਪਟਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਦੇ ਜਾਖੜ ਦੇ ਬਿਆਨ ਨਾਲ ਕਾਂਗਰਸ ਵਿਚ ਘਮਾਸਾਨ’

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News