ਨਾਰਥ ਤੋਂ ਸ਼ੁਰੂ ਹੋਣਗੇ ਪ੍ਰਾਪਰਟੀ ਟੈਕਸ ਤੇ ਵਾਟਰ ਟੈਕਸ ਵਸੂਲੀ ਕੈਂਪ

Friday, Oct 05, 2018 - 10:46 AM (IST)

ਨਾਰਥ ਤੋਂ ਸ਼ੁਰੂ ਹੋਣਗੇ ਪ੍ਰਾਪਰਟੀ ਟੈਕਸ ਤੇ ਵਾਟਰ ਟੈਕਸ ਵਸੂਲੀ ਕੈਂਪ

ਜਲੰਧਰ (ਖੁਰਾਣਾ)—ਨਗਰ ਨਿਗਮ ਦੇ ਕਮਿਸ਼ਨਰ ਦੀਪਰਵ ਲਾਕੜਾ ਨੇ ਨਿਗਮ ਦੀ ਆਮਦਨ ਨੂੰ  ਵਧਾਉਣ ਦੇ ਉਦੇਸ਼ ਨਾਲ ਪ੍ਰਾਪਰਟੀ ਟੈਕਸ ਅਤੇ ਵਾਟਰ ਟੈਕਸ ਦੀਆਂ ਵਸੂਲੀ ਟੀਮਾਂ ਨੂੰ ਘਰ-ਘਰ  ਭੇਜਣ ਦਾ ਫੈਸਲਾ ਲਿਆ ਸੀ, ਜਿਸ ਦੇ ਸ਼ੁਰੂਆਤੀ ਪੜਾਅ ਵਿਚ ਹੀ  ਸੈਂਟਰਲ ਵਿਧਾਨ ਸਭਾ ਹਲਕੇ  ਦੇ ਅਧੀਨ ਆਉਂਦੇ ਕੌਂਸਲਰਾਂ ਨੇ ਰਾਮਾਮੰਡੀ ਇਲਾਕੇ ਵਿਚ ਵਿਰੋਧ ਕੀਤਾ। ਉਸ ਤੋਂ ਬਾਅਦ  ਨਿਗਮ ਨੂੰ ਇਹ ਮੁਹਿੰਮ ਠੱਪ ਕਰਨੀ ਪਈ ਅਤੇ ਫੈਸਲਾ ਲਿਆ ਗਿਆ ਕਿ ਵਾਰਡਾਂ ਵਿਚ ਕੌਂਸਲਰਾਂ  ਦੇ ਸਹਿਯੋਗ ਨਾਲ ਕੈਂਪ ਲਾ ਕੇ ਟੈਕਸਾਂ ਦੀ ਵਸੂਲੀ ਕੀਤੀ ਜਾਵੇਗੀ।

ਨਿਗਮ ਨੇ ਅਜਿਹੇ  ਕੈਂਪ ਵੀ ਨਹੀਂ ਲਾਏ, ਜਿਸ ਤੋਂ ਬਾਅਦ ਬੀਤੇ ਦਿਨ ਵਿਧਾਇਕ ਬਾਵਾ ਹੈਨਰੀ ਨੇ ਮੇਅਰ ਜਗਦੀਸ਼  ਰਾਜਾ ਨੂੰ ਮਿਲ ਕੇ ਅਜਿਹੇ ਵਸੂਲੀ ਕੈਂਪ ਨਾਰਥ ਹਲਕੇ ਵਿਚ ਲਾਉਣ ਦੀ ਬੇਨਤੀ ਕੀਤੀ , ਜਿਸ  ਤੋਂ ਬਾਅਦ ਨਿਗਮ ਨੇ ਅੱਜ ਇਕ ਪ੍ਰੋਗਰਾਮ ਤਿਆਰ ਕੀਤਾ, ਜਿਸ ਦੇ ਤਹਿਤ 6 ਤੋਂ 22 ਅਕਤੂਬਰ  ਤੱਕ ਨਾਰਥ ਵਿਧਾਨ ਸਭਾ ਦੇ ਤਹਿਤ ਸਾਰੇ ਆਉਂਦੇ ਸਾਰੇ 18 ਵਾਰਡਾਂ ਵਿਚ ਅਜਿਹੇ ਕੈਂਪ ਲਾਏ  ਜਾਣਗੇ। 

6 ਅਕਤੂਬਰ ਨੂੰ ਵਾਰਡ ਨੰਬਰ 1, 2 ਅਤੇ 3, 10 ਅਕਤੂਬਰ ਨੂੰ 4, 5, 6, 12  ਅਕਤੂਬਰ ਨੂੰ 53, 54, 55, 16 ਅਕਤੂਬਰ ਨੂੰ 58, 59, 60, 18 ਅਕਤੂਬਰ ਨੂੰ 61, 62,  63 ਅਤੇ 22 ਅਕਤੂਬਰ ਨੂੰ 64, 65 ਨੰਬਰ ਵਾਰਡਾਂ ਵਿਚ ਪ੍ਰਾਪਰਟੀ ਟੈਕਸ ਅਤੇ ਵਾਟਰ ਟੈਕਸ  ਵਸੂਲਣ ਲਈ ਕੌਂਸਲਰਾਂ ਦੇ ਸਹਿਯੋਗ ਨਾਲ ਕੈਂਪ ਲਾਏ ਜਾਣਗੇ। ਇਸ ਦੌਰਾਨ ਨਗਰ ਨਿਗਮ ਦੀ  ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ  ਦੇ ਨਿਰਦੇਸ਼ਾਂ 'ਤੇ ਨਿਗਮ ਦੇ ਵਾਟਰ ਟੈਕਸ  ਵਿਭਾਗ ਨੇ ਸ਼ਹਿਰ ਵਿਚ ਇਕ ਸਰਵੇ ਸ਼ੁਰੂ ਕੀਤਾ ਹੈ, ਜਿਸ ਵਿਚ ਖਪਤਕਾਰਾਂ ਦਾ ਪਤਾ ਲਾ ਕੇ  ਉਨ੍ਹਾਂ ਨੂੰ ਬਿੱਲ ਭੇਜੇ ਜਾਣਗੇ। ਇਸ ਸਰਵੇ ਲਈ ਐਕਸੀਅਨਾਂ ਦੀ ਡਿਊਟੀ ਲਾਈ ਗਈ ਹੈ।


Related News