ਹਵਾਲਾਤੀ ਵੱਲੋਂ ਜੇਲ ''ਚ ਫਾਹਾ ਲੈਣ ਦੇ ਮਾਮਲੇ ''ਚ ਨਾਮਜ਼ਦ ਔਰਤ ਗ੍ਰਿਫਤਾਰ

04/19/2018 4:33:13 AM

ਕਪੂਰਥਲਾ, (ਮਲਹੋਤਰਾ)- ਕਪੂਰਥਲਾ ਦੀ ਮਾਡਰਨ ਜੇਲ 'ਚ ਹੱਤਿਆ ਦੇ ਯਤਨ 'ਚ ਬੰਦ ਇਕ ਹਵਾਲਾਤੀ ਨੇ ਫਾਹਾ ਲੈ ਕੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਦੋ ਮਹਿਲਾਵਾਂ ਸਮੇਤ ਤਿੰਨ ਅਰੋਪੀਆਂ 'ਚੋਂ ਥਾਣਾ ਕੋਤਵਾਲੀ ਦੀ ਪੁਲਸ ਨੇ ਛਾਪੇਮਾਰੀ ਦੌਰਾਨ ਇਕ ਔਰਤ ਨੂੰ ਗ੍ਰਿਫਤਾਰ ਕਰ ਕੇ ਹੋਰਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹਰਦੀਸ਼ ਕੁਮਾਰ ਉਰਫ ਦੀਸ਼ਾ ਨੇ ਬੀਤੇ ਦਿਨ ਕਪੂਰਥਲਾ ਦੀ ਮਾਡਰਨ ਜੇਲ 'ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਸੀ। ਥਾਣਾ ਕੋਤਵਾਲੀ ਦੀ ਪੁਲਸ ਨੂੰ ਦਿੱਤੇ ਗਏ ਆਪਣੇ ਬਿਆਨਾਂ 'ਚ ਮ੍ਰਿਤਕ ਦੇ ਭਰਾ ਬੂਟਾ ਸਿੰਘ ਨੇ ਦੋਸ਼ ਲਾਇਆ ਕਿ ਮਨਜੀਤ ਕੌਰ, ਕੋਮਲਪ੍ਰੀਤ ਕੌਰ ਤੇ ਕੁਲਦੀਪ ਸਿੰਘ ਨੇ ਮੇਰੇ ਭਰਾ ਹਰਦੀਸ਼ ਸਿੰਘ ਤੋਂ ਪੈਸੇ ਲਏ ਸਨ, ਜਦੋਂ ਆਪਣੇ ਉਧਾਰ ਦਿੱਤੇ ਗਏ ਪੈਸੇ ਮੇਰੇ ਭਰਾ ਨੇ ਵਾਪਸ ਮੰਗੇ ਤਾਂ ਮੁਲਜ਼ਮਾਂ ਨੇ ਝੂਠੇ ਮਾਮਲੇ 'ਚ ਫਸਾ ਦਿੱਤਾ। ਬਾਅਦ 'ਚ ਉਕਤ ਵਿਅਕਤੀਆਂ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸਦੇ ਬਾਰੇ 'ਚ ਉਸਨੇ ਮੈਨੂੰ ਦਸਿਆ। ਪੁਲਸ ਨੇ ਨਾਮਜ਼ਦ ਕੀਤੇ ਗਏ ਅਰੋਪੀਆਂ ਨੂੰ ਫੜਨ ਦੇ ਲਈ ਉਨ੍ਹਾਂ ਦੇ ਵੱਖ-ਵੱਖ ਸਥਾਨਾਂ 'ਤੇ ਛਾਪੇਮਾਰੀ ਕੀਤੀ। ਜਿਸ ਦੌਰਾਨ ਮਨਜੀਤ ਕੌਰ ਨੂੰ ਪੁਲਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ, ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਉਸ ਦਾ 14 ਦਿਨ ਦੇ ਲਈ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ। ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸ. ਹਰਗੁਰਦੇਵ ਸਿੰਘ ਨੇ ਦਸਿਆ ਕਿ ਮ੍ਰਿਤਕ ਹਰਦੀਸ਼ ਸਿੰਘ ਦੇ ਬਿਆਨਾਂ 'ਤੇ ਨਾਮਜ਼ਦ ਕੀਤੇ ਗਏ ਤਿੰਨ ਅਰੋਪੀਆਂ 'ਚ ਕੁਲਦੀਪ ਸਿੰਘ ਦੀ ਗ੍ਰਿਫਤਾਰੀ ਦੇ ਲਈ ਪੁਲਸ ਟੀਮ ਛਾਪੇਮਾਰੀ ਕਰ ਰਹੀ ਹੈ। ਉਧਰ ਨਾਮਜ਼ਦ ਤੀਸਰੇ ਅਰੋਪੀ ਕੋਮਲਪ੍ਰੀਤ ਕੌਰ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ 8 ਫਰਵਰੀ ਨੂੰ ਕੋਮਲਪ੍ਰੀਤ ਕੌਰ 'ਤੇ ਜਦੋਂ ਉਹ ਘਰ ਦੀ ਰਸੋਈ 'ਚ ਚਾਹ ਬਣਾ ਰਹੀ ਸੀ ਤਾਂ ਉਸਦੇ ਹੀ ਚਾਚਾ ਨੇ ਉਸ 'ਤੇ ਪੈਟਰੋਲ ਸੁੱਟ ਦਿੱਤਾ ਸੀ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਈ ਸੀ।


Related News