ਨਹਿਰ 'ਚ ਰੁੜ੍ਹੇ 3 ਨੌਜਵਾਨਾਂ ਦਾ ਨਹੀਂ ਮਿਲਿਆ ਕੋਈ ਸੁਰਾਗ, ਮਾਪਿਆਂ ਦੇ ਇਕਲੌਤੇ ਪੁੱਤ ਸਨ 2 ਨੌਜਵਾਨ
Sunday, Apr 16, 2023 - 12:17 PM (IST)
ਸਾਦਿਕ (ਪਰਮਜੀਤ) : ਬੀਤੇ ਕੱਲ੍ਹ ਸਾਦਿਕ ਨੇੜਲੇ ਪਿੰਡ ਬੀਹਲੇਵਾਲਾ ਦੇ ਰਹਿਣ ਵਾਲੇ ਤਿੰਨ ਨੌਜਵਾਨ ਜੋ ਸਕੌਡਾ ਕਾਰ ਵਿਚ ਸਵਾਰ ਸਨ, ਦੀ ਕਾਰ ਬੇਕਾਬੂ ਹੋ ਕੇ ਸਰਹੰਦ ਨਹਿਰ ਵਿਚ ਜਾ ਡਿੱਗੀ। ਕਾਰ ਕੁਝ ਸਮੇਂ ਬਾਅਦ ਨਹਿਰ ਵਿਚੋਂ ਕੱਢ ਲਈ ਸੀ ਪਰ ਤਿੰਨਾਂ ਨੌਜਵਾਨਾਂ ਦੀ ਹੁਣ ਤੱਕ ਕੋਈ ਵੀ ਉੱਘ-ਸੁੱਘ ਨਹੀਂ ਨਿਕਲੀ, ਜਿਸ ਕਾਰਨ ਪਰਿਵਾਰ ਗਹਿਰੇ ਸਦਮੇ ਵਿਚ ਹਨ। ਪਰਿਵਾਰ ਤੇ ਪ੍ਰਸ਼ਾਸਨ ਵੱਲੋਂ ਕਿਸ਼ਤੀਆਂ ਰਾਹੀਂ ਨੌਜਵਾਨਾਂ ਦੀ ਨਹਿਰ ਵਿਚ ਭਾਲ ਕੀਤੀ ਜਾ ਰਹੀ ਹੈ ਤੇ ਪਿੰਡ ਵਾਸੀ ਨਹਿਰਾਂ ਦੀਆਂ ਵੱਖ-ਵੱਖ ਸ਼ਾਖਾਂ 'ਤੇ ਰਾਤ ਤੋਂ ਬੈਠੇ ਹੋਏ ਹਨ। ਡਾ. ਕੁਲਵਿੰਦਰ ਸਿੰਘ ਕਿੰਦਾ ਬੀਹਲੇਵਾਲਾ ਨੇ ਦੱਸਿਆ ਕਿ ਕਾਰ 'ਚ ਸਵਾਰ ਤਿੰਨੋਂ ਨੌਜਵਾਨ ਜਗਮੋਹਣ ਸਿੰਘ ਪੁੱਤਰ ਹਰਵਿੰਦਰ ਸਿੰਘ ਢਿੱਲੋਂ, ਹਰਮਨਜੋਤ ਸਿੰਘ ਪੁੱਤਰ ਬਲਜੀਤ ਸਿੰਘ ਧਾਲੀਵਾਲ, ਦਵਿੰਦਰ ਸਿੰਘ ਪੁੱਤਰ ਰਾਜਾ ਸਿੰਘ ਪਾਣੀ ਦੇ ਤੇਜ਼ ਵਹਾਅ ਨਾਲ ਵਹਿ ਗਏ। ਉਕਤ ਨੌਜਵਾਨਾਂ ਦੀ ਉਮਰ 18 ਤੋਂ 20 ਸਾਲ ਦੀ ਹੈ।
ਇਹ ਵੀ ਪੜ੍ਹੋ- ਬਠਿੰਡਾ ਵਿਖੇ ਡਾਂਸਰ ਕਤਲ ਮਾਮਲੇ 'ਚ ਅਦਾਲਤ ਦਾ ਮਿਸਾਲੀ ਫ਼ੈਸਲਾ, ਦੋਸ਼ੀ ਨੂੰ ਸੁਣਾਈ ਸਖ਼ਤ ਸਜ਼ਾ
ਉਨ੍ਹਾਂ ਦੱਸਿਆ ਕਿ ਪੰਜ ਮੁੰਡੇ ਆਪਣੇ ਸਾਥੀ ਦਾ ਜਨਮ ਦਿਨ ਮਨਾਉਣ ਲਈ ਨਹਿਰ 'ਤੇ ਆਏ ਤਾਂ ਤਿੰਨ ਬੱਚੇ ਹਾਦਸੇ ਦੇ ਸ਼ਿਕਾਰ ਹੋ ਗਏ। ਕਾਰ ਤਾਂ ਨਹਿਰ ’ਚੋਂ ਕੱਢ ਲਈ ਪਰ ਤਿੰਨੋਂ ਮੁੰਡੇ ਲਾਪਤਾ ਹਨ। ਪਾਣੀ ’ਚ ਰੁੜ੍ਹੇ ਜਗਮੋਹਣ ਸਿੰਘ ਤੇ ਹਰਮਨਜੋਤ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਜ਼ਿਕਰਯੋਗ ਹੈ ਕਿ ਪਿੰਡ ਬੀਹਲੇਵਾਲਾ ਦੇ ਰਹਿਣ ਵਾਲੇ ਪੰਜ ਮੁੰਡੇ ਆਪਣੇ ਸਾਥੀ ਦਾ ਜਨਮ ਦਿਨ ਮਨਾਉਣ ਲਈ ਸਰਹੰਦ ਨਹਿਰ ਕਿਨਾਰੇ ਪੁੱਜੇ ਸਨ, ਜਿਥੇ ਉਹ ਇਕੱਠੇ ਹੋ ਕੇ ਖਾ ਪੀ ਰਹੇ ਸਨ, ਜਿਨ੍ਹਾਂ ’ਚੋਂ ਤਿੰਨ ਨੌਜਵਾਨ ਕੁਝ ਸਾਮਾਨ ਲੈਣ ਲਈ ਸ਼ਹਿਰ ਨੂੰ ਕਾਰ ਲੈ ਕੇ ਚਲੇ ਗਏ ਤੇ ਉਨ੍ਹਾਂ ਦੇ ਦੋ ਸਾਥੀ ਅਕਾਸ਼ਦੀਪ ਸਿੰਘ ਤੇ ਦਿਲਪ੍ਰੀਤ ਸਿੰਘ ਉਥੇ ਹੀ ਰੁਕੇ ਰਹੇ। ਉਹ ਕਾਰ ਸਵਾਰ ਤਿੰਨ ਦੋਸਤ ਵਾਪਸ ਆ ਰਹੇ ਸਨ ਤਾਂ ਦੱਸਿਆ ਜਾ ਰਿਹਾ ਹੈ ਕਿ ਉਸ ਵੇਲੇ ਕਾਰ ਦੀ ਰਫ਼ਤਾਰ ਕਾਫੀ ਤੇਜ਼ ਸੀ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਪਟੜੀ ਨਾਲ ਟਕਰਾਉਣ ਤੋਂ ਬਾਅਦ ਉੱਛਲ ਕੇ ਨਹਿਰ ’ਚ ਜਾ ਡਿੱਗੀ ਸੀ। ਇਸ ਘਟਨਾ ਨਾਲ ਪਿੰਡ ਬੀਹਲੇਵਾਲਾ ਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ- ਵਿਸਾਖੀ ਮੌਕੇ ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਨਹਿਰ 'ਚ ਡਿੱਗੀ ਕਾਰ, 3 ਦੋਸਤ ਪਾਣੀ 'ਚ ਰੁੜ੍ਹੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।