ਸਿੱਖਾਂ ਤੋਂ ਵੱਡਾ ਕੋਈ ਦੇਸ਼ ਭਗਤ ਨਹੀਂ ਹੋ ਸਕਦਾ
Thursday, Nov 23, 2017 - 06:49 AM (IST)

ਜਲੰਧਰ (ਚਾਵਲਾ) - ਸਿੱਖ ਬ੍ਰਦਰਸਹੁੱਡ ਇੰਟਰਨੈਸ਼ਨਲ ਦੇ ਰਾਸ਼ਟਰੀ ਪ੍ਰਧਾਨ ਬਖਸ਼ੀ ਪਰਮਜੀਤ ਸਿੰਘ ਨੇ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਰੱਖੇ ਜਾਣ 'ਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਇਹ ਘੱਟ ਗਿਣਤੀਆਂ 'ਤੇ ਸਿੱਧਾ ਹਮਲਾ ਹੈ। ਸਰਕਾਰ ਸਿੱਖਾਂ ਨੂੰ ਕਮਜ਼ੋਰ ਨਾ ਸਮਝੇ, ਸਿੱਖ ਆਪਣੇ ਹੱਕਾਂ ਲਈ ਆਵਾਜ਼ ਉਠਾਉਣਾ ਭਲੀਭਾਂਤ ਜਾਣਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖਾਂ ਨਾਲੋਂ ਵੱਡਾ ਕੋਈ ਦੇਸ਼ ਭਗਤ ਨਹੀਂ ਹੋ ਸਕਦਾ ਕਿਉਂਕਿ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਆਜ਼ਾਦ ਹੋਇਆ ਅਤੇ ਅੱਜ ਵੀ ਜੇਕਰ ਕਿਤੇ ਦੇਸ਼ 'ਤੇ ਕੋਈ ਆਫਤ ਆਉਂਦੀ ਹੈ ਤਾਂ ਸਿੱਖ ਸਭ ਤੋਂ ਪਹਿਲਾਂ ਮਦਦ ਲਈ ਪਹੁੰਚਦੇ ਹਨ। ਬਖਸ਼ੀ ਪਰਮਜੀਤ ਸਿੰਘ ਨੇ ਕਿਹਾ ਕਿ ਸਿੱਖ ਹੀ ਭਾਰਤ ਦੇ ਵਿਕਾਸ ਤੇ ਦੇਸ਼ ਦੀ ਅਖੰਡਤਾ ਲਈ ਮੂਹਰੇ ਹੋ ਕੇ ਵਿਚਰੇ ਹਨ। ਉਨ੍ਹਾਂ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਤੇ ਕਿਹਾ ਕਿ ਜੇਕਰ ਸਰਕਾਰ ਵਿਚ ਇੰਨੀ ਹੀ ਹਿੰਮਤ ਹੈ ਤਾਂ ਉਹ ਅਲੀਗੜ੍ਹ ਯੂਨੀਵਰਸਿਟੀ, ਹਮਦਰਦ ਯੂਨੀਵਰਸਿਟੀ ਤੇ ਜ਼ਾਕਿਰ ਹੁਸੈਨ ਕਾਲਜ ਦਾ ਨਾਂ ਬਦਲ ਕੇ ਦਿਖਾਵੇ ਕਿਉਂਕਿ ਉਹ ਸਰਕਾਰਾਂ ਦਾ ਵੋਟ ਬੈਂਕ ਹਨ ਅਤੇ ਸਰਕਾਰਾਂ ਨੂੰ ਲੱਗਦਾ ਹੈ ਕਿ ਸਿੱਖ ਤਾਂ ਸਿਰਫ 2 ਫ਼ੀਸਦੀ ਹੀ ਹਨ। ਉਨ੍ਹਾਂ ਕਿਹਾ ਕਿ ਸਾਨੂੰ ਵੰਦੇ ਮਾਤਰਮ ਨਾਂ ਨਾਲ ਕੋਈ ਇਤਰਾਜ਼ ਨਹੀਂ ਹੈ, ਇਹ ਤਾਂ ਹਰ ਭਾਰਤੀ ਮਾਣ ਨਾਲ ਬੋਲਦਾ ਹੈ ਕਿਉਂਕਿ ਇਹ ਸਾਡਾ ਰਾਸ਼ਟਰੀ ਗੀਤ ਹੈ, ਜੇਕਰ ਇਸ ਨਾਂ 'ਤੇ ਕੋਈ ਕਾਲਜ ਬਣਾਉਣਾ ਹੀ ਹੈ ਤਾਂ ਨਵਾਂ ਬਣਾਇਆ ਜਾ ਸਕਦਾ ਹੈ, ਸਿੱਖਾਂ ਦੇ ਹੀ ਕਾਲਜ ਨੂੰ ਹੀ ਕਿਉਂ ਚੁਣਿਆ ਗਿਆ? ਉਨ੍ਹਾਂ ਦੋਸ਼ ਲਾਇਆ ਕਿ ਸਿੱਖਾਂ ਦੀਆਂ ਸਿੱਖਿਆ ਸੰਸਥਾਵਾਂ ਨੂੰ ਬੰਦ ਕਰਨ ਦੀ ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਹੈ।