ਮੁੱਦਿਆਂ ’ਤੇ ਤਕਰਾਰ, ਹੁਣ ਅਕਾਲੀ-ਭਾਜਪਾ ’ਚ ਆਰ-ਪਾਰ, ਜਾਣੋ ਕੀ ਬਣਨਗੇ ਸਮੀਕਰਨ

03/27/2024 11:06:26 AM

ਜਲੰਧਰ (ਨਰੇਸ਼ ਕੁਮਾਰ)- ਪੰਜਾਬ ’ਚ 27 ਸਾਲ ਬਾਅਦ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਇਕੱਲੇ ਆਪਣੇ ਦਮ ’ਤੇ ਲੋਕ ਸਭਾ ਚੋਣਾਂ ’ਚ ਉਤਰਨ ਜਾ ਰਹੀਆਂ ਹਨ। ਇਸ ਤੋਂ ਪਹਿਲਾਂ 2022 ’ਚ 25 ਸਾਲ ਬਾਅਦ ਦੋਵੇਂ ਪਾਰਟੀਆਂ ਵਿਧਾਨ ਸਭਾ ਚੋਣਾਂ ’ਚ ਆਪਣੇ ਦਮ ’ਤੇ ਮੈਦਾਨ ’ਚ ਉਤਰੀਆਂ ਸਨ ਅਤੇ ਦੋਵਾਂ ਨੂੰ ਹੀ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲਈ ਮੰਨਿਆ ਜਾ ਰਿਹਾ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ਦੇ ਦਰਮਿਆਨ ਲੋਕ ਸਭਾ ਚੋਣਾਂ ਲਈ ਗੱਠਜੋੜ ਹੋ ਸਕਦਾ ਹੈ।

ਇਸ ਦੇ ਲਈ ਕਵਾਇਦ ਪਿਛਲੇ 2-3 ਮਹੀਨਿਆਂ ਤੋਂ ਚੱਲ ਰਹੀ ਸੀ ਅਤੇ ਪਹਿਲਾਂ ਇਹ ਖ਼ਬਰ ਆਈ ਕਿ ਫਰਵਰੀ ’ਚ ਦੋਵੇਂ ਪਾਰਟੀਆਂ ਦੇ ਵਿਚਾਲੇ ਗੱਠਜੋੜ ਦਾ ਐਲਾਨ ਹੋ ਸਕਦਾ ਹੈ ਪਰ ਇਸ ਦੌਰਾਨ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਹੋਣ ਕਾਰਨ ਗੱਠਜੋੜ ਦਾ ਐਲਾਨ ਟਾਲ ਦਿੱਤਾ ਗਿਆ। ਇਸ ਦੌਰਾਨ ਪਿਛਲੇ ਹਫਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਟੀ. ਵੀ. ਚੈਨਲ ਨੂੰ ਦਿੱਤੀ ਇੰਟਰਵਿਊ ’ਚ ਦੋਵੇਂ ਪਾਰਟੀਆਂ ਦਰਮਿਆਨ ਗੱਲਬਾਤ ਜਾਰੀ ਹੋਣ ਦੀ ਪੁਸ਼ਟੀ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ - ਲੀਡਰਾਂ ਵੱਲੋਂ ਪਾਰਟੀਆਂ ਬਦਲਣ ਦਾ ਦੌਰ ਜਾਰੀ! ਰਵਨੀਤ ਬਿੱਟੂ ਮਗਰੋਂ ਹੁਣ ਇਨ੍ਹਾਂ ਕਾਂਗਰਸੀਆਂ 'ਤੇ ਟਿਕੀਆਂ ਨਜ਼ਰਾਂ

ਇਸ ਦੌਰਾਨ 22 ਮਾਰਚ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ’ਚ ਕੁਝ ਅਜਿਹੀਆਂ ਸ਼ਰਤਾਂ ਰੱਖ ਦਿੱਤੀਆਂ ਗਈਆਂ, ਜਿਨ੍ਹਾਂ ਨੇ ਗੱਠਜੋੜ ਦੇ ਰਾਹ ਵੱਡਾ ਅੜਿੱਕਾ ਡਾਹ ਦਿੱਤਾ ਅਤੇ ਪੰਜਾਬ ’ਚ ਗੱਠਜੋੜ ਨਾ ਹੋਣ ਦੇ ਪਿੱਛੇ ਇਨ੍ਹਾਂ ਸ਼ਰਤਾਂ ਨੇ ਸਿਆਸੀ ਕਫਨ ’ਚ ਆਖਰੀ ਕਿੱਲ ਦਾ ਕੰਮ ਕੀਤਾ ਅਤੇ ਮੰਗਲਵਾਰ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਬਿਆਨ ਜਾਰੀ ਕਰ ਕੇ ਚੋਣਾਂ ’ਚ ਆਪਣੇ ਦਮ ’ਤੇ ਉਤਰਨ ਦਾ ਐਲਾਨ ਕਰ ਦਿੱਤਾ।

ਪੰਜਾਬ 'ਚ ਹੋਵੇਗਾ ਬਹੁਕੋਣੀ ਮੁਕਾਬਲਾ

ਪੰਜਾਬ ’ਚ ਲੋਕ ਸਭਾ ਚੋਣਾਂ 1 ਜੂਨ ਹੋ ਹੋਣੀਆਂ ਹਨ। ਇਸ ਲਈ ਚੋਣਾਂ ’ਚ ਅਜੇ ਲੰਬਾ ਸਮਾਂ ਬਾਕੀ ਹੈ। ਭਾਜਪਾ ਹਾਈਕਮਾਨ ਨੇ ਅਜੇ ਅਧਿਕਾਰਤ ਤੌਰ ’ਤੇ ਪੰਜਾਬ ’ਚ ਇਕੱਲਿਆਂ ਚੋਣਾਂ ਲੜਨ ਦਾ ਐਲਾਨ ਨਹੀਂ ਕੀਤਾ ਅਤੇ ਜੇ ਭਾਜਪਾ ਇਹ ਐਲਾਨ ਕਰਦੀ ਹੈ ਤਾਂ ਪੰਜਾਬ ’ਚ ਬਹੁਕੋਣੀ ਮੁਕਾਬਲਾ ਹੋਵੇਗਾ।

ਕੋਰ ਵੋਟ ਟੁੱਟਣ ਨਾਲ ਹੋਈ ਅਕਾਲੀ ਦਲ ਦੀ ਪੰਥਕ ਮੁੱਦਿਆਂ ’ਤੇ ਵਾਪਸੀ

ਅਸਲ ’ਚ ਪਿਛਲੇ ਕੁਝ ਸਾਲਾਂ ’ਚ ਅਕਾਲੀ ਦਲ ਦਾ ਕੋਰ ਵੋਟਰ ਉਸ ਕੋਲੋਂ ਲਗਾਤਾਰ ਖਿਸਕਦਾ ਜਾ ਰਿਹਾ ਹੈ। ਅਕਾਲੀ ਦਲ ਦੀ ਸਾਰੀ ਸਿਆਸਤ ਹੀ ਕਿਸਾਨ ਵੋਟਰ ਅਤੇ ਪੰਥਕ ਮੁੱਦਿਆਂ ’ਤੇ ਆਧਾਰਿਤ ਰਹੀ ਹੈ ਅਤੇ ਕੇਂਦਰ ’ਚ ਕਿਸੇ ਵੀ ਪਾਰਟੀ ਦੀ ਸਰਕਾਰ ਹੋਣ ਦੀ ਸੂਰਤ ’ਚ ਸੂਬੇ ਦਾ ਕਿਸਾਨ ਅਤੇ ਪੰਥਕ ਵੋਟਰ ਅਕਾਲੀ ਦੇ ਨਾਲ ਡਟ ਕੇ ਖੜਾ ਰਿਹਾ ਹੈ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਵੋਟ ਉਸ ਕੋਲੋਂ ਕਾਫੀ ਹੱਦ ਤੱਕ ਟੁੱਟ ਗਈ।

ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਦੀ ਬੈਠਕ ’ਚ ਪੰਥਕ ਅਤੇ ਕਿਸਾਨੀ ਮੁੱਦਿਆਂ ’ਤੇ ਮਜ਼ਬੂਤੀ ਦੇ ਨਾਲ ਆਪਣਾ ਸਟੈਂਡ ਸਪੱਸ਼ਟ ਕਰ ਕੇ ਆਪਣੇ ਕੋਰ ਵੋਟਰ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਨੇ ਆਪਣੇ ਪ੍ਰਭਾਵ ਵਾਲੀਆਂ ਖਡੂਰ ਸਾਹਿਬ, ਫਿਰੋਜ਼ਪੁਰ, ਫਰੀਦਕੋਟ ਅਤੇ ਬਠਿੰਡਾ ਸੀਟਾਂ ’ਤੇ, ਜੋ ਸਰਵੇ ਕਰਵਾਏ ਹਨ, ਉਨ੍ਹਾਂ ’ਚ ਪਾਰਟੀ ਨੂੰ ਲੋਕਾਂ ਦੀ ਹਮਾਇਤ ਮਿਲਦੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਜੰਮੂ-ਕਸ਼ਮੀਰ 'ਚ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਬਾਹਰ ਧਮਾਕਾ, ਅੱਤਵਾਦੀ ਹਮਲੇ ਦਾ ਖ਼ਦਸ਼ਾ (ਵੀਡੀਓ)

ਅਕਾਲੀ ਦਲ ਦੇ ਆਗੂਆਂ ਦਾ ਮੰਨਣਾ ਹੈ ਕਿ ਇਨ੍ਹਾਂ ਸੀਟਾਂ ’ਤੇ ਉਹ ਆਪਣੇ ਦਮ ’ਤੇ ਚੰਗੇ ਨਤੀਜੇ ਦੇ ਸਕਦੇ ਹਨ। ਲਿਹਾਜ਼ਾ ਇਸ ਸਰਵੇ ਦੇ ਨਤਿਜਿਆਂ ਪਿੱਛੋਂ ਹੀ ਅਕਾਲੀ ਦਲ ਕਾਫੀ ਆਸਵੰਦ ਨਜ਼ਰ ਆ ਰਿਹਾ ਹੈ ਅਤੇ ਇਸੇ ਲਈ ਉਸ ਨੇ ਆਪਣੀਆਂ ਸ਼ਰਤਾਂ ਇੰਨੀਆਂ ਸਖਤ ਕਰ ਦਿੱਤੀਆਂ ਕਿ ਪੰਜਾਬ ’ਚ ਗੱਠਜੋੜ ਹੋਣ ਦੀ ਗੁੰਜਾਇਸ਼ ਘੱਟ ਰਹੀ।

ਬਹੁਕੋਣੀ ਮੁਕਾਬਲੇ ’ਚ ਭਾਜਪਾ ਨੂੰ ਫਾਇਦਾ

ਪੰਜਾਬ ’ਚ ਪਹਿਲੀ ਵਾਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਸੰਭਾਵਿਤ ਬਹੁਕੋਣੀ ਮੁਕਾਬਲੇ ’ਚ ਭਾਰਤੀ ਜਨਤਾ ਪਾਰਟੀ ਨੂੰ ਯਕੀਨਨ ਤੌਰ ’ਤੇ ਫਾਇਦਾ ਹੋ ਸਕਦਾ ਹੈ। 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਪੰਜਾਬ ’ਚ ਹਿੰਦੂ ਆਬਾਦੀ 38 ਫੀਸਦੀ ਦੇ ਨੇੜੇ ਹੈ ਅਤੇ ਜੇ ਪੰਜਾਬ ’ਚ ਭਾਜਪਾ ਦਾ ਰਾਮ ਮੰਦਰ ਦਾ ਮੁੱਦਾ ਹਿੱਟ ਹੋਇਆ ਅਤੇ ਹਿੰਦੂ ਵੋਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ਦੇ ਨਾਂ ’ਤੇ ਇਕਜੁੱਟ ਹੋਇਆ ਤਾਂ ਯਕੀਨਨ ਤੌਰ ’ਤੇ ਇਸ ਦਾ ਫਾਇਦਾ ਭਾਜਪਾ ਨੂੰ ਮਿਲੇਗਾ, ਹਾਲਾਂਕਿ ਇਤਿਹਾਸਕ ਤੌਰ ’ਤੇ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੇ ਸਹਿਯੋਗ ਨਾਲ ਹੀ ਜਿੱਤਦੀ ਰਹੀ ਹੈ ਅਤੇ ਉਸ ਦਾ ਵੋਟ ਸ਼ੇਅਰ ਲੋਕ ਸਭਾ ਚੋਣਾਂ ਦੌਰਾਨ 10 ਫੀਸਦੀ ਦੇ ਨੇੜੇ-ਤੇੜੇ ਹੀ ਰਹਿੰਦਾ ਹੈ ਪਰ ਪਿਛਲੇ ਸਾਲ ਹੋਈਆਂ ਜਲੰਧਰ ਲੋਕ ਸਭਾ ਦੀਆਂ ਉਪ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਆਪਣੇ ਦਮ ’ਤੇ ਇਕੱਲਿਆਂ ਚੋਣਾਂ ਲੜ ਕੇ 15 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ।

ਅਜਿਹਾ ਉਸ ਸਮੇਂ ਹੋਇਆ, ਜਦੋਂ ਸਿਰਫ ਇਕ ਸੀਟ ਦੀ ਉਪ ਚੋਣ ਸੀ ਅਤੇ ਇਸ ਉਪ ਚੋਣ ਨਾਲ ਕੇਂਦਰ ਸਰਕਾਰ ’ਚ ਕੋਈ ਬਦਲਾਅ ਨਹੀਂ ਹੋਣ ਵਾਲਾ ਸੀ ਪਰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਦੇ ਮਨ ਵਿਚ ਇਹ ਗੱਲ ਵੀ ਹੋਵੇਗੀ ਕਿ ਉਸ ਦੀ ਵੋਟ ਹੁਣ ਕੇਂਦਰ ਸਰਕਾਰ ਦੇ ਗਠਨ ’ਚ ਅਹਿਮ ਰਹੇਗੀ।

ਉਮੀਦਵਾਰਾਂ ਦੀ ਚੋਣ ’ਚ ਭਾਜਪਾ ਨੂੰ ਰੱਖਣੀ ਪਵੇਗੀ ਸਾਵਧਾਨੀ

ਹਾਲਾਂਕਿ ਭਾਰਤੀ ਜਨਤਾ ਪਾਰਟੀ ਜੇ ਇਕੱਲੀ ਚੋਣਾਂ ’ਚ ਉਤਰਦੀ ਹੈ ਤਾਂ ਬਹੁਕੋਣੀ ਮੁਕਾਬਲੇ ’ਚ ਉਸ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ ਪਰ ਭਾਜਪਾ ਨੂੰ ਉਮੀਦਵਾਰਾਂ ਦੀ ਚੋਣ ’ਚ ਖਾਸ ਸਾਵਧਾਨੀ ਰੱਖਣੀ ਪਵੇਗੀ। ਪੰਜਾਬ ਦੀ 31.84 ਫੀਸਦੀ ਆਬਾਦੀ ਦਲਿਤ ਹੈ ਅਤੇ ਇਹ ਦਲਿਤ ਆਬਾਦੀ ਖਾਸ ਤੌਰ ’ਤੇ ਦੋਆਬਾ ਖੇਤਰ ’ਚ ਜ਼ਿਆਦਾ ਪ੍ਰਭਾਵ ਰੱਖਦੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਸ ਦਿਨ ਅਲਾਟ ਕੀਤੇ ਜਾਣਗੇ ਸ਼ਰਾਬ ਦੇ ਠੇਕੇ, ਚੋਣ ਕਮਿਸ਼ਨ ਨੇ ਦਿੱਤੀ ਮਨਜ਼ੂਰੀ

ਦੋਆਬਾ ਦੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਨਵਾਂਸ਼ਹਿਰ ਇਲਾਕਿਆਂ ’ਚ ਦਲਿਤਾਂ ਦੀ ਆਬਾਦੀ ਵੱਧ ਹੈ ਅਤੇ ਮਰਦਮਸ਼ੁਮਾਰੀ ਦੇ ਅੰਕੜਿਆਂ ’ਚ ਵਾਲਮੀਕਿ ਅਤੇ ਰਵਿਦਾਸੀਏ ਭਾਈਚਾਰੇ ਦੇ ਵਧੇਰੇ ਦਲਿਤਾਂ ਨੇ ਆਪਣਾ ਧਰਮ ਹਿੰਦੂ ਦਰਜ ਕਰਵਾਇਆ ਹੋਇਆ ਹੈ। ਇਸ ਲਈ ਭਾਜਪਾ ਨੂੰ ਰਵਿਦਾਸੀਏ ਭਾਈਚਾਰੇ ਦੀ ਬਹੁਤਾਤ ਵਾਲੀਆਂ ਸੀਟਾਂ ’ਤੇ ਰਵਿਦਾਸੀਏ ਭਾਈਚਾਰੇ ਤੋਂ ਉਮੀਦਵਾਰ ਉਤਾਰਨਾ ਪਵੇਗਾ, ਜਦਕਿ ਵਾਲਮੀਕਿ ਭਾਈਚਾਰੇ ਦੀ ਬਹੁਤਾਤ ਵਾਲੇ ਇਲਾਕਿਆਂ ’ਚ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਉਮੀਦਵਾਰ ਨੂੰ ਪਹਿਲ ਦੇਣੀ ਪਵੇਗੀ। ਜੇ ਉਮੀਦਵਾਰਾਂ ਦੀ ਚੋਣ ’ਚ ਸਾਵਧਾਨੀ ਨਾ ਵਰਤੀ ਗਈ ਤਾਂ ਇਸ ਨਾਲ ਭਾਜਪਾ ਨੂੰ ਨੁਕਸਾਨ ਵੀ ਹੋ ਸਕਦਾ ਹੈ।

ਜਾਖੜ ਪਹਿਲਾਂ ਹੀ ਹਾਈਕਮਾਨ ਨੂੰ ਭੇਜ ਚੁੱਕੇ ਹਨ ਦਾਅਵੇਦਾਰਾਂ ਦੀ ਸੂਚੀ

ਭਾਰਤੀ ਜਨਤਾ ਪਾਰਟੀ ਪਹਿਲਾਂ ਤੋਂ ਹੀ ਪੰਜਾਬ ’ਚ ਗੱਠਜੋੜ ਨੂੰ ਲੈ ਕੇ ਆਸਵੰਤ ਨਜ਼ਰ ਨਹੀਂ ਰਹੀ ਸੀ, ਇਸ ਲਈ ਪਾਰਟੀ ਨੇ ਸੂਬੇ ’ਚ ਆਪਣੇ ਦਮ ’ਤੇ ਲੋਕ ਸਭਾ ਚੋਣਾਂ ’ਚ ਉਤਰਨ ਰਈ ਰਣਨੀਤੀ ਵੀ ਬਣਾ ਲਈ ਸੀ ਅਤੇ ਪੰਜਾਬ ’ਚ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ ਟਿਕਟ ਦੇ 231 ਦਾਅਵੇਦਾਰਾਂ ਦੀ ਇਕ ਸੂਚੀ ਭਾਜਪਾ ਹਾਈ ਕਮਾਨ ਨੂੰ ਵੀ ਭੇਜ ਦਿੱਤੀ ਸੀ। ਫਤਹਿਗੜ੍ਹ ਸਾਹਿਬ ਤੋਂ ਪਾਰਟੀ ਦੀ ਟਿਕਟ ਲਈ 19 ਵਰਕਰਾਂ ਨੇ ਦਾਅਵੇਦਾਰੀ ਪੇਸ਼ ਕੀਤੀ ਹੈ, ਜਦਕਿ ਲੁਧਿਆਣਾ ਤੋਂ 18, ਫਿਰੋਜ਼ਪੁਰ ਤੋਂ 17, ਅੰਮ੍ਰਿਤਸਰ ਤੋਂ 15 ਅਤੇ ਸੰਗਰੂਰ ਤੋਂ 14 ਪਾਰਟੀ ਆਗੂਆਂ ਨੇ ਟਿਕਟ ਲਈ ਦਾਅਵੇਦਾਰੀ ਪ੍ਰਗਟਾਈ ਹੈ।

ਪੰਜਾਬ ਦੇ 10 ਜ਼ਿਲ੍ਹਿਆਂ ’ਚ ਹਿੰਦੂ ਆਬਾਦੀ 40 ਫ਼ੀਸਦੀ ਤੋਂ ਵੱਧ

ਜੇ ਪੰਜਾਬ ਦੇ ਸਾਰੇ ਜ਼ਿਲਿਆਂ ਦੀ ਆਬਾਦੀ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ 10 ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ’ਚ ਹਿੰਦੂ ਆਬਾਦੀ 40 ਫੀਸਦੀ ਤੋਂ ਵੱਧ ਹੈ। ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਿਰੋਜ਼ਪੁਰ, ਰੋਪੜ, ਲੁਧਿਆਣਾ, ਪਟਿਆਲਾ, ਮੋਹਾਲੀ ਅਤੇ ਕਪੂਰਥਲਾ ਅਜਿਹੇ ਜ਼ਿਲੇ ਹਨ, ਜਿੱਥੇ ਹਿੰਦੂ ਆਬਾਦੀ 41 ਫੀਸਦੀ ਤੋਂ ਲੈ ਕੇ 66 ਫੀਸਦੀ ਤਕ ਹੈ। ਇਹ ਜ਼ਿਲੇ ਪੰਜਾਬ ਦੀਆਂ 13 ’ਚੋਂ 7 ਲੋਕ ਸਭਾ ਸੀਟਾਂ ਨੂੰ ਪ੍ਰਭਾਵਿਤ ਕਰਦੇ ਹਨ। ਜੇ ਇਨ੍ਹਾਂ ਜ਼ਿਲਿਆਂ ਦੇ ਹਿੰਦੂ ਭਾਜਪਾ ਦੇ ਪਿੱਛੇ ਇਕਜੁੱਟ ਹੋਏ ਤਾਂ ਭਾਜਪਾ ਪੰਜਾਬ ’ਚ ਹੈਰਾਨੀਜਨਕ ਨਤੀਜੇ ਦੇ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਾਰੋਬਾਰੀ ਆਏ ਦਿਨ ਹੋ ਰਹੇ ਅੰਦੋਲਨਾਂ ਤੋਂ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਭਾਜਪਾ ਹੀ ਸੂਬੇ ’ਚ ਸਥਿਰਤਾ ਅਤੇ ਕਾਰੋਬਾਰੀ ਸੁਰੱਖਿਆ ਦਾ ਮਾਹੌਲ ਪੈਦਾ ਕਰ ਸਕਦੀ ਹੈ। ਇਹ ਗੱਲ ਵੀ ਭਾਜਪਾ ਦੇ ਪੱਖ ’ਚ ਜਾ ਸਕਦੀ ਹੈ ਅਤੇ ਭਾਜਪਾ ਨੂੰ ਬਹੁਕੋਣੀ ਮੁਕਾਬਲੇ ’ਚ ਫਾਇਦਾ ਹੋ ਸਕਦਾ ਹੈ।

ਅਕਾਲੀ ਦਲ ਨਾਲੋਂ ਟੁੱਟਿਆ ਹਿੰਦੂ ਵੋਟਰ

1997 ’ਚ ਭਾਜਪਾ ਨਾਲ ਗੱਠਜੋੜ ਹੋਣ ਤੋਂ ਪਹਿਲਾਂ ਅਕਾਲੀ ਦਲ ਦਾ ਅਕਸ ਪੰਥਕ ਪਾਰਟੀ ਦਾ ਹੀ ਸੀ ਪਰ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ’ਚ ਹਿੰਦੂ-ਸਿੱਖ ਭਾਈਚਾਰੇ ਦੇ ਹਵਾਲਾ ਦੇ ਕੇ ਭਾਜਪਾ ਨਾਲ ਗੱਠਜੋੜ ਕੀਤਾ ਅਤੇ ਇਸ ਤੋਂ ਬਾਅਦ ਪੰਜਾਬ ਦਾ ਹਿੰਦੂ ਭਾਈਚਾਰਾ ਵੀ ਅਕਾਲੀ ਦਲ ਨਾਲ ਜੁੜਨ ਲੱਗਿਆ ਸੀ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੂਬੇ ਦਾ ਉਪ ਮੁੱਖ ਮੰਤਰੀ ਰਹਿੰਦੇ ਹੋਏ ਪੰਜਾਬ ’ਚ ਸੋਸ਼ਲ ਇੰਜੀਨੀਅਰਿੰਗ ਦੀ ਵਰਤੋਂ ਕੀਤੀ ਅਤੇ ਪੰਜਾਬ ਦੇ ਹਿੰਦੂਆਂ ਨੂੰ ਪਾਰਟੀ ਨਾਲ ਜੋੜਿਆ ਪਰ ਹੁਣ ਕੇਂਦਰ ’ਚ ਭਾਜਪਾ ਦੀ ਮਜ਼ਬੂਤ ਹੁੰਦੀ ਸਥਿਤੀ ਕਾਰਨ ਪੰਜਾਬ ਦਾ ਹਿੰਦੂ ਭਾਈਚਾਰਾ ਭਾਜਪਾ ਦੇ ਪਿੱਛੇ ਇਕੱਠਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ।

ਅਕਾਲੀ ਦਲ ਵੱਲੋਂ ਰੱਖੇ ਗਏ ਇਨ੍ਹਾਂ ਮੁੱਦਿਆਂ ਕਾਰਨ ਵਿਗੜੀ ਗੱਲ

- ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ’ਚ ਬੰਦੀ ਸਿੰਘਾਂ ਨੂੰ ਛੱਡਣ ਦਾ ਮਸਲਾ ਉਠਾਇਆ ਗਿਆ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਬੰਦੀ ਸਿੰਘਾਂ ਨੂੰ ਛੱਡਣ ਦੀ ਕਾਰਵਾਈ ਕਰੇ।

- ਕੇਂਦਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਅਤੇ ਐੱਮ. ਐੱਸ. ਪੀ. ਦਾ ਜਲਦੀ ਹੱਲ ਕੱਢਿਆ ਜਾਵੇ।

- ਪੰਥਕ ਮਸਲਿਆਂ ’ਚ ਹੁਣ ਦਖਲੰਦਾਜ਼ੀ ਬੰਦ ਹੋਵੇ ਅਤੇ ਹਰਿਆਣਾ ’ਚ ਵੱਖਰੀ ਕਮੇਟੀ ਨੂੰ ਸਮਰਥਨ ਨਾ ਦਿੱਤਾ ਜਾਵੇ।

- ਬਠਿੰਡਾ ’ਚ ਏਮਸ ਦੇ ਉਦਘਾਟਨ ਸਮੇਂ ਹਰਸਿਮਰਤ ਬਾਦਲ ਨੇ ਕਿਸਾਨਾਂ ਦਾ ਮੁੱਦਾ ਉਠਾ ਦਿੱਤਾ। ਹਰਮਸਿਮਰਤ ਕੌਰ ਨੇ ਦਸੰਬਰ ’ਚ ਸੰਸਦ ’ਚ ਬਲਵੰਤ ਸਿੰਘ ਰਾਜੋਆਣਾ ਦੀ ਦਇਆ ਪਟੀਸ਼ਨ ਦਾ ਮਸਲਾ ਉਠਾਇਆ।

- ਇਸ ਦੇ ਜਵਾਬ ’ਚ ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਕਿ ਜੇ ਗੁਨਾਹ ਕਰਨ ਵਾਲੇ ਵਿਅਕਤੀ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੈ ਤੇ ਉਸ ਦੀ ਥਾਂ ਕੋਈ ਤੀਜੀ ਧਿਰ ਦਇਆ ਪਟੀਸ਼ਨ ਲਾਏ ਤਾਂ ਉਸ ਨੂੰ ਮਾਫੀ ਨਹੀਂ ਮਿਲਣੀ ਚਾਹੀਦੀ।

ਇਹ ਖ਼ਬਰ ਵੀ ਪੜ੍ਹੋ - ਭਾਜਪਾ ਵੱਲੋਂ ਪੰਜਾਬ ਵਿਚ ਇਕੱਲਿਆਂ ਚੋਣ ਲੜਣ ਦੇ ਐਲਾਨ ਮਗਰੋਂ ਪ੍ਰੋ. ਚੰਦੂਮਾਜਰਾ ਦਾ ਵੱਡਾ ਬਿਆਨ

ਭਾਜਪਾ ਪੰਜਾਬ ’ਚ ਕਿਉਂ ਏਕਲਾ ਚਲੋ ਦੀ ਰਾਹ ’ਤੇ

- ਭਾਜਪਾ ਨੇ ਪੰਜਾਬ ’ਚ 2022 ’ਚ 25 ਸਾਲ ਆਪਣੇ ਦਮ ’ਤੇ 73 ਸੀਟਾਂ ’ਤੇ ਚੋਣ ਲੜੀ ਅਤੇ 2 ਸੀਟਾਂ ਜਿੱਤੀਆਂ ਅਤੇ ਭਾਜਪਾ ਨੇ 6.6 ਫੀਸਦੀ ਵੋਟਾਂ ਹਾਸਲ ਕੀਤੀਆਂ।

- ਇਸ ਤੋਂ ਸੰਗਰੂਰ ’ਚ ਹੋਈਆਂ ਲੋਕ ਸਭਾ ਦੀਆਂ ਉਪ ਚੋਣਾਂ ’ਚ ਭਾਜਪਾ ਨੇ 9.33 ਫੀਸਦੀ ਵੋਟਾਂ ਹਾਸਲ ਕੀਤੀਆਂ।

- ਪਿਛਲੇ ਸਾਲ ਹੋਈ ਜਲੰਧਰ ਲੋਕ ਸਭਾ ਸੀਟ ਦੀ ਉਪ ਚੋਣ ’ਚ ਭਾਜਪਾ ਨੂੰ ਲਗਭਗ 15 ਫੀਸਦੀ ਵੋਟਾਂ ਮਿਲੀਆਂ।

- ਭਾਜਪਾ ਪੰਜਾਬ ਦੀ ਸ਼ਹਿਰੀ ਆਬਾਦੀ ਲੈ ਕੇ ਆਸਵੰਦ ਨਜ਼ਰ ਆ ਰਹੀ ਹੈ।

- ਭਾਜਪਾ ਦੇ ਬੁੱਧੀਜੀਵੀਆਂ ਦਾ ਤਰਕ ਹੈ ਕਿ ਪਾਰਟੀ ਨੇ ਪੰਜਾਬ ’ਚ 2 ਸਾਲ ਤਕ ਮਿਹਨਤ ਕੀਤੀ ਹੈ ਤੇ ਇਸ ਚੋਣ ’ਚ ਉਸ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਲਾਉਣਾ ਚਾਹੀਦਾ ਹੈ ਅਤੇ 2027 ਲਈ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News