ਕੰਢੀ ਨਹਿਰ ਦੇ ਪਾਣੀ ਤੋਂ ਕੋਈ ਵੀ ਪਿੰਡ ਨਹੀਂ ਰਹੇਗਾ ਵਾਂਝਾ: ਨਿਮਿਸ਼ਾ ਮਹਿਤਾ
Tuesday, Jul 11, 2017 - 11:55 AM (IST)
ਗੜ੍ਹਸ਼ੰਕਰ(ਜ. ਬ.)— ਨਹਿਰੀ ਪਾਣੀ ਦਾ ਮਾਮਲਾ ਹੱਲ ਕਰਵਾਉਣ ਲਈ ਸੋਮਵਾਰ ਨੂੰ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਰਾਂ ਨੇ ਪੰਜਾਬ ਕਾਂਗਰਸ ਦੀ ਬੁਲਾਰਨ ਨਿਮਿਸ਼ਾ ਮਹਿਤਾ ਨੂੰ ਮੰਗ-ਪੱਤਰ ਸੌਂਪੇ। ਕੰਢੀ ਨਹਿਰ ਗੜ੍ਹਸ਼ੰਕਰ ਇਲਾਕੇ ਦੇ ਤਕਰੀਬਨ 20 ਕੁ ਪਿੰਡਾਂ ਨੇੜੇ ਵਹਿੰਦੀ ਹੈ ਪਰ ਇਨ੍ਹਾਂ ਸਾਰਿਆਂ ਪਿੰਡਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਨਹੀਂ ਹੈ। ਕਿਸਾਨਾਂ ਦੀ ਇਸ ਸਮੱਸਿਆ ਨੂੰ ਲੈ ਕੇ ਨਿਮਿਸ਼ਾ ਮਹਿਤਾ ਵੱਲੋਂ ਅਪ੍ਰੈਲ 2016 'ਚ ਧਰਨਾ ਵੀ ਲਾਇਆ ਗਿਆ ਸੀ, ਜਿਸ ਵਿਚ ਕਿਸਾਨਾਂ ਨੂੰ ਖੇਤੀ ਲਈ ਪਾਣੀ ਤੋਂ ਵਾਂਝਾ ਰੱਖਣ ਦਾ ਵੱਡਾ ਵਿਰੋਧ ਕੀਤਾ ਗਿਆ ਸੀ।
ਮੈਡਮ ਨਿਮਿਸ਼ਾ ਨੇ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਤਾਂ ਵੋਟਾਂ ਦੇ ਆਧਾਰ 'ਤੇ ਨਹਿਰੀ ਪਾਣੀ ਦੀ ਵੰਡ ਵਿਚ ਵਿਤਕਰਾ ਕੀਤਾ ਸੀ ਪਰ ਕਾਂਗਰਸ ਸਰਕਾਰ ਇਸ ਮਾਮਲੇ ਵਿਚ ਕਿਸੇ ਜ਼ਿਮੀਂਦਾਰ ਨਾਲ ਵਿਤਕਰਾ ਨਹੀਂ ਕਰੇਗੀ ਅਤੇ ਕੰਢੀ ਨਹਿਰ ਦੇ ਪਾਣੀ ਤੋਂ ਕੋਈ ਵੀ ਪਿੰਡ ਵਾਂਝਾ ਨਹੀਂ ਰਹੇਗਾ। ਕਿਸਾਨਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਛੇਤੀ ਹੀ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਇਲਾਕੇ ਵਿਚ ਇਸ ਮਸਲੇ ਦੇ ਹੱਲ ਲਈ ਲਿਆਂਦਾ ਜਾਵੇਗਾ ਅਤੇ ਉਹ ਆਪਣੇ ਇਲਾਕੇ 'ਚ ਖੇਤੀ ਲਈ ਪਾਣੀ ਦੀ ਸਮੱਸਿਆ ਹਰ ਹਾਲ ਵਿਚ ਹੱਲ ਕਰਵਾ ਕੇ ਰਹਿਣਗੇ।
ਮੀਟਿੰਗ ਵਿਚ ਸਰਪੰਚ ਕੁਲਦੀਪ ਸਿੰਘ ਬਰਿਆਣਾ, ਸੁੱਖਾ ਬਰਿਆਣਾ, ਸਰਪੰਚ ਸਤੀਸ਼ ਕੁਮਾਰ ਪੀਟਾ ਬਿਲੜੋਂ, ਕਰਮ ਚੰਦ ਲੰਬੜਦਾਰ, ਰਾਮ ਲਾਲ ਸਰਪੰਚ ਸਦਰਪੁਰ, ਕੁਲਦੀਪ ਸਦਰਪੁਰ, ਸਾਬਕਾ ਸਰਪੰਚ ਬਖੀਰ ਸਿੰਘ, ਸਰੂਪ ਲਾਲ ਸਰਪੰਚ ਹੇਲਰਾਂ, ਗੁਰਮੇਲ ਸਿੰਘ ਲੰਬੜਦਾਰ, ਬਲਵੀਰ ਸਾਬਕਾ ਸਰਪੰਚ ਹੇਲਰਾਂ, ਸਾਬਕਾ ਸਰਪੰਚ ਧਰਮਵੀਰ, ਗੁਰਮੇਲ ਸਿੰਘ ਪੰਚ, ਸਰਪੰਚ ਰਜਿੰਦਰ ਭਜਲਾਂ, ਰਾਮ ਲਾਲ ਸਰਪੰਚ ਲਹਿਰਾਂ ਆਦਿ ਹਾਜ਼ਰ ਸਨ।
