ਕਿਸਾਨਾਂ ਲਈ ਅਪਮਾਨ ਸਿੱਧ ਹੋ ਰਹੀ ਹੈ ਮੋਦੀ ਦੀ 6 ਹਜ਼ਾਰ ਵਾਲੀ ਸਕੀਮ : ਨਿਮਿਸ਼ਾ

Wednesday, Feb 06, 2019 - 12:11 PM (IST)

ਕਿਸਾਨਾਂ ਲਈ ਅਪਮਾਨ ਸਿੱਧ ਹੋ ਰਹੀ ਹੈ ਮੋਦੀ ਦੀ 6 ਹਜ਼ਾਰ ਵਾਲੀ ਸਕੀਮ : ਨਿਮਿਸ਼ਾ

ਗੜ੍ਹਸ਼ੰਕਰ (ਜ. ਬ.)— ਕਿਸਾਨਾਂ ਦੀ ਵਿੱਤੀ ਸਹਾਇਤਾ ਲਈ ਕੇਂਦਰ ਸਰਕਾਰ ਵੱਲੋਂ ਐਲਾਨੀ ਗਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੀ ਤਿੱਖੀ ਆਲੋਚਨਾ ਕਰਦਿਆਂ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਹ ਸਕੀਮ ਮੁਲਕ ਦੇ ਅੰਨਦਾਤਾ ਲਈ ਅਪਮਾਨ ਸਾਬਤ ਹੋ ਰਹੀ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ 6000 ਪ੍ਰਤੀ ਸਾਲ ਯਾਨੀ 16 ਰੁਪਏ 43 ਪੈਸੇ ਦੀ ਸਹਾਇਤਾ ਕਰਕੇ ਮੋਦੀ ਕਿਸਾਨਾਂ 'ਤੇ ਕਿਹੜਾ ਵੱਡਾ ਅਹਿਸਾਨ ਕਰ ਰਹੇ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਕ ਪਾਸੇ ਪੰਜਾਬ 'ਚ ਕਾਂਗਰਸ ਸਰਕਾਰ ਕਿਸਾਨਾਂ ਨੂੰ ਰਾਹਤ ਦੇਣ ਲਈ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕਰ ਰਹੀ ਹੈ ਅਤੇ ਅਕਾਲੀ ਦਲ ਬਾਦਲ ਨੇ ਵੱਧ ਚੜ੍ਹ ਕੇ ਇਸ 'ਤੇ ਤਿੱਖੀਆਂ ਟਿੱਪਣੀਆਂ ਵੀ ਕੀਤੀਆਂ ਪਰ ਦੂਜੇ ਪਾਸੇ ਮੋਦੀ ਵੱਲੋਂ ਪੂਰੇ ਦੇਸ਼ ਦੇ ਕਿਸਾਨਾਂ ਨਾਲ ਕੀਤੇ ਗਏ ਭੱਦੇ ਮਜ਼ਾਕ ਬਾਰੇ ਅਕਾਲੀ ਦਲ ਮੂੰਹ 'ਚ ਘੂੰਗਣੀਆਂ ਲਈ ਬੈਠਾ ਹੈ।

ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ 16.43 ਰੁਪਏ ਨਾਲ ਮਸਾਂ 'ਪਾਈਆ' ਡੀਜ਼ਲ ਖਰੀਦਿਆ ਜਾ ਸਕਦਾ ਹੈ ਅਤੇ ਜੇਕਰ ਝੋਨੇ ਦੇ ਖੇਤ ਨੂੰ ਪਾਣੀ ਲਾਉਣਾ ਹੋਵੇ ਤਾਂ ਘੱਟੋ-ਘੱਟ 2 ਘੰਟੇ ਜਨਰੇਟਰ ਜਾਂ ਇੰਜਣ ਚਲਾਉਣਾ ਪੈਂਦਾ ਹੈ, ਜਿਸ 'ਤੇ ਘੱਟੋ-ਘੱਟ 12 ਲਿਟਰ ਡੀਜ਼ਲ ਦੀ ਖਪਤ ਹੋ ਜਾਂਦੀ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਕ ਦਿਹਾੜੀਦਾਰ ਮਜ਼ਦੂਰ ਵੀ 350 ਰੁਪਏ ਦਿਹਾੜੀ ਕਮਾਉਂਦਾ ਹੈ ਅਤੇ ਮੋਦੀ ਸਰਕਾਰ ਨੇ ਆਪਣੀ ਇਸ ਹਰਕਤ ਨਾਲ ਇਹ ਦੱਸ ਦਿੱਤਾ ਹੈ ਕਿ ਉਹ ਭਾਰਤ ਦੇ ਕਿਸਾਨਾਂ ਨੂੰ ਦਿਹਾੜੀਦਾਰ ਮਜ਼ਦੂਰ ਨਾਲੋਂ ਵੀ ਕਿੱਤੇ ਥੱਲੇ ਰੱਖਦੀ ਹੈ। 

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਅਕਾਲੀ ਦਲ ਬਾਦਲ, ਜੋ ਆਪਣੇ-ਆਪ 'ਚ ਕਿਸਾਨ ਦਾ ਹਮਾਇਤੀ ਹੋਣ ਦੇ ਦਾਅਵੇ ਕਰਦਾ ਹੈ, ਜੇਕਰ ਸਚਮੁੱਚ ਕਿਸਾਨੀ ਨਾਲ ਉਹ ਹਮਦਰਦੀ ਰੱਖਦਾ ਹੈ ਤਾਂ ਕਿਸਾਨ ਵਿਰੋਧੀ ਮੋਦੀ ਸਰਕਾਰ ਨਾਲ ਆਪਣਾ ਗਠਜੋੜ ਤੋੜੇ ਨਹੀਂ ਤਾਂ ਪੰਜਾਬੀ ਲੋਕ ਇਹ ਸਮਝ ਜਾਣਗੇ ਕਿ ਬੀਬੀ ਹਰਸਿਮਰਤ ਦਾ ਸਿੰਘਾਸਨ ਕੇਂਦਰ ਸਰਕਾਰ 'ਚ ਸਜਾਈ ਰੱਖਣ ਲਈ ਅਕਾਲੀ ਦਲ ਬਾਦਲ ਨੇ ਕਿਸਾਨਾਂ ਦੇ ਹੱਕਾਂ ਦੀ ਬਲੀ ਦੇ ਦਿੱਤੀ।


author

shivani attri

Content Editor

Related News