ਨਿਮਿਸ਼ਾ ਮਹਿਤਾ ਨੇ ਨਸ਼ਾਖੋਰੀ ''ਤੇ ਸੁਖਬੀਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ
Tuesday, Sep 12, 2017 - 08:34 AM (IST)
ਗੜ੍ਹਸ਼ੰਕਰ (ਜ.ਬ.)—ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਪੰਜਾਬ 'ਚ ਨਸ਼ਿਆਂ ਨੂੰ ਲੈ ਕੇ ਹਾਲ ਹੀ ਵਿਚ ਆਏ ਪੀ. ਜੀ. ਆਈ. ਦੇ ਸਰਵੇਖਣ ਨੂੰ ਆਧਾਰ ਬਣਾ ਕੇ ਕਾਂਗਰਸ 'ਤੇ ਕੀਤੇ ਗਏ ਹਮਲੇ ਦਾ ਪਾਰਟੀ ਨੇ ਮੋੜਵਾਂ ਜਵਾਬ ਦਿੱਤਾ ਹੈ। ਕਾਂਗਰਸ ਦੀ ਮਹਿਲਾ ਬੁਲਾਰਨ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਪੰਜਾਬ ਦੇ ਗ੍ਰਹਿ ਮੰਤਰੀ ਰਹਿੰਦਿਆਂ ਹੀ 2014 ਵਿਚ ਪੰਜਾਬ ਵਿਚ ਐੱਨ. ਡੀ. ਪੀ. ਐੱਸ. ਦੇ 14,483 ਮਾਮਲੇ ਦਰਜ ਹੋਏ ਸਨ ਅਤੇ ਪੰਜਾਬ ਨੇ ਨਸ਼ਿਆਂ ਦੇ ਮਾਮਲੇ 'ਚ ਦੇਸ਼ ਭਰ 'ਚ ਦੂਜਾ ਸਥਾਨ ਹਾਸਲ ਕੀਤਾ ਸੀ। ਪੰਜਾਬ ਦੀ ਆਬਾਦੀ ਦੇਸ਼ ਦੀ ਆਬਾਦੀ ਵਿਚ ਸਿਰਫ 2 ਫੀਸਦੀ ਦਾ ਯੋਗਦਾਨ ਪਾਉਂਦੀ ਹੈ ਜਦੋਂ ਕਿ 2014 ਵਿਚ ਦੇਸ਼ 'ਚ ਦਰਜ ਹੋਏ ਕੁਲ 46923 ਨਸ਼ਾ ਸਮੱਗਲਿੰਗ ਦੇ ਮਾਮਲਿਆਂ ਵਿਚੋਂ 31 ਫੀਸਦੀ ਮਾਮਲੇ ਪੰਜਾਬ ਵਿਚ ਦਰਜ ਹੋਏ ਸਨ ਅਤੇ ਪੰਜਾਬ ਨੇ ਇਹ ਮਾੜਾ ਰਿਕਾਰਡ ਵੀ ਸੁਖਬੀਰ ਬਾਦਲ ਦੇ ਉਪ ਮੁੱਖ ਮੰਤਰੀ ਰਹਿੰਦਿਆਂ ਹੀ ਬਣਾਇਆ ਹੈ ਅਤੇ ਉਨ੍ਹਾਂ ਦੇ ਮਹਿਕਮੇ ਨੇ ਹੀ ਕੇਂਦਰੀ ਕ੍ਰਾਈਮ ਰਿਕਾਰਡ ਬਿਊਰੋ ਨੂੰ ਨਸ਼ਾ ਸਮੱਗਲਿੰਗ ਮਾਮਲਿਆਂ ਦੇ ਇਹ ਅੰਕੜੇ ਭੇਜੇ ਸਨ।
ਨਸ਼ਾਖੋਰੀ ਦੇ ਮਾਮਲੇ ਵਿਚ ਛੋਟੇ ਜਿਹੇ ਸੂਬੇ ਪੰਜਾਬ ਦਾ ਦੂਜਾ ਨੰਬਰ ਹੋਣਾ ਪੰਜਾਬ ਲਈ ਵੱਡੀ ਸ਼ਰਮ ਅਤੇ ਚਿੰਤਾ ਵਾਲੀ ਗੱਲ ਹੈ।
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਮੁਤਾਬਕ ਹਰ 36 ਮਿੰਟ 'ਤੇ ਯਾਨੀ ਅੱਧੇ ਘੰਟੇ ਬਾਅਦ ਸੁਖਬੀਰ ਰਾਜ ਵਿਚ ਪੰਜਾਬ ਵਿਚ ਨਸ਼ਾਖੋਰੀ ਦਾ ਪਰਚਾ ਦਰਜ ਹੁੰਦਾ ਰਿਹਾ ਹੈ ਹੁਣ ਸੁਖਬੀਰ ਸਪੱਸ਼ਟ ਕਰਨ ਕਿ ਉਹ ਹੁਣ ਝੂਠ ਬੋਲ ਰਹੇ ਹਨ ਜਾਂ ਪਹਿਲਾਂ ਝੂਠ ਦੀ ਰਾਜਨੀਤੀ ਕਰ ਰਹੇ ਸਨ?
ਪੀ. ਜੀ. ਆਈ. ਸਰਵੇਖਣ 'ਤੇ ਟਿੱਪਣੀ ਕਰਦਿਆਂ ਕਾਂਗਰਸੀ ਬੁਲਾਰਨ ਨੇ ਕਿਹਾ ਕਿ ਸਰਵੇ ਅਕਸਰ ਝੂਠ ਸਾਬਿਤ ਹੋ ਜਾਂਦੇ ਹਨ ਅਤੇ ਇਹ ਗੱਲ 2012 ਅਤੇ 2017 ਦੀਆਂ ਚੋਣਾਂ ਦੇ ਸਰਵੇਖਣਾਂ ਤੋਂ ਸਪੱਸ਼ਟ ਹੋ ਚੁੱਕੀ ਹੈ ਕਿਉਂਕਿ ਚੋਣਾਂ ਦੇ ਨਤੀਜੇ ਸਰਵੇਖਣਾਂ ਦੇ ਉਲਟ ਆਏ ਹਨ। ਨਾਲ ਹੀ ਨਿਮਿਸ਼ਾ ਮਹਿਤਾ ਨੇ ਇਹ ਕਿਹਾ ਕਿ ਇਕ ਸਰਵੇਖਣ ਦਾ ਹਵਾਲਾ ਦੇ ਕੇ ਆਪਣੇ ਅਤੇ ਆਪਣੀ ਸਰਕਾਰ ਦੇ ਕਾਰਨਾਮਿਆਂ ਨੂੰ ਦੁੱਧ ਧੋਤਾ ਹੋਣ ਦੇ ਝੂਠੇ ਦਾਅਵੇ ਪੇਸ਼ ਕਰਨ ਦੀ ਥਾਂ ਸੁਖਬੀਰ ਪਿੰਡਾਂ 'ਚ ਜਾ ਕੇ ਲੋਕਾਂ ਦੀ ਸਾਰ ਲੈਣ ਤਾਂ ਪਤਾ ਲੱਗ ਜਾਵੇਗਾ ਕਿ ਲੋਕ ਉਨ੍ਹਾਂ ਦੀ ਸਰਕਾਰ ਵੇਲੇ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਵਲੋਂ ਰਾਜ ਵਿਚ ਪੁਲਸ ਦੀ ਗੁੰਡਾਗਰਦੀ ਤੋਂ ਕਿੰਨੀ ਦੁਖੀ ਰਹੇ ਹਨ।
ਕਾਂਗਰਸ ਪਾਰਟੀ ਨੇ ਨਿਮਿਸ਼ਾ ਮਹਿਤਾ ਨੂੰ ਫਿਰ ਸੌਂਪੀ ਮਹਿਲਾ ਬੁਲਾਰਨ ਦੀ ਜ਼ਿੰਮੇਵਾਰੀ
ਪੰਜਾਬ ਵਿਚ ਤੇਜ਼ ਤਰਾਰ ਅਤੇ ਤਿੱਖੀਆਂ ਰਾਜਨੀਤਕ ਟਿੱਪਣੀਆਂ ਕਰਨ ਲਈ ਜਾਣੀ ਜਾਂਦੀ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੂੰ ਤੀਜੀ ਵਾਰ ਕਾਂਗਰਸ ਪਾਰਟੀ ਨੇ ਬੁਲਾਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਕਾਂਗਰਸ ਪਾਰਟੀ ਵਲੋਂ ਨਿਯੁਕਤ ਕੀਤੇ ਗਏ 24 ਬੁਲਾਰਿਆਂ ਵਿਚੋਂ ਨਿਮਿਸ਼ਾ ਮਹਿਤਾ ਇਕੱਲੀ ਅਜਿਹੀ ਮਹਿਲਾ ਨੇਤਾ ਹੈ ਜਿਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਇਨ੍ਹਾਂ ਬੁਲਾਰਿਆਂ ਨੂੰ ਵਿਸ਼ੇਸ਼ ਤੌਰ 'ਤੇ ਮੀਡੀਆ ਪੈਨਾਲਿਸਟ ਬਣਾਇਆ ਗਿਆ ਹੈ, ਜੋ ਟੀ. ਵੀ. 'ਤੇ ਹੋਣ ਵਾਲੀ ਰਾਜਨੀਤਕ ਬਹਿਸ ਵਿਚ ਜਾ ਕੇ ਪਾਰਟੀ ਵਲੋਂ ਪੇਸ਼ ਹੋਣਗੇ।
ਜ਼ਿਕਰਯੋਗ ਹੈ ਕਿ ਹਲਕਾ ਗੜ੍ਹਸ਼ੰਕਰ ਵਿਚ ਇਸ ਖਬਰ ਨੂੰ ਲੈ ਕੇ ਸਾਰੇ ਪਾਸੇ ਚਰਚਾ ਹੋ ਰਹੀ ਹੈ। ਨਿਮਿਸ਼ਾ ਮਹਿਤਾ ਦੇ ਕਾਂਗਰਸ ਪਾਰਟੀ ਅੰਦਰਲੇ ਸਿਆਸੀ ਵਿਰੋਧੀ ਨਿਮਿਸ਼ਾ ਨੂੰ ਕੋਈ ਅਹੁਦਾ ਨਾ ਲੈਣ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਸਨ ਪਰ ਨਿਮਿਸ਼ਾ ਨੂੰ ਇਹ ਜ਼ਿੰਮੇਵਾਰੀ ਮਿਲਣ 'ਤੇ ਉਨ੍ਹਾਂ ਦੇ ਸਿਆਸੀ ਵਿਰੋਧੀ ਗੁੰਮਸੁੰਮ ਨਜ਼ਰ ਆ ਰਹੇ ਹਨ।
