ਨਿਹੰਗਾਂ ਦੇ ਹਮਲੇ ''ਚ ਜ਼ਖਮੀ ਹੋਏ ਸ਼ਿਵ ਸੈਨਾ ਆਗੂ ਨੂੰ ਮਿਲਣ ਪਹੁੰਚੇ ਸੁਨੀਲ ਜਾਖੜ
Saturday, Jul 06, 2024 - 05:52 PM (IST)

ਲੁਧਿਆਣਾ : ਨਿਹੰਗਾਂ ਦੇ ਹਮਲੇ ਕਾਰਣ ਗੰਭੀਰ ਜ਼ਖਮੀ ਹੋਏ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਨੂੰ ਮਿਲਣ ਪਹੁੰਚੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਵਿਚ ਦਿਨੋ-ਦਿਨ ਹਿੰਸਕ ਘਟਨਾਵਾਂ ਵੱਧ ਰਹੀਆਂ ਹਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਪਰ ਨੇ ਕਿਹਾ ਕਿ ਸ਼ਿਵ ਸੈਨਾ ਆਗੂ 'ਤੇ ਇਹ ਹਮਲਾ ਪੰਜਾਬ ਸਰਕਾਰ ਦੀ ਨਲਾਇਕੀ ਕਾਰਣ ਵਾਪਰਿਆ ਹੈ। ਪੰਜਾਬ ਵਿਚ ਕੋਈ ਵੀ ਉੱਠ ਕੇ ਕਿਸੇ ਦਾ ਵੀ ਸੋਧਾ ਲਗਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਆਲਮ ਇਹ ਹੈ ਕਿ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ, ਅਜਿਹੇ ਹਮਲਿਆਂ ਪਿੱਛੇ ਸਿਰਫ ਤੇ ਸਿਰਫ ਪੰਜਾਬ ਸਰਕਾਰ ਦੀ ਨਲਾਇਕੀ ਹੈ। ਅਜਿਹੇ ਮਾਮਲਿਆਂ ਵਿਚ ਸਖ਼ਤ ਫ਼ੈਸਲਾ ਲੈਣ ਦੀ ਲੋੜ ਹੈ।
ਕੀ ਹੋਈ ਕਾਰਵਾਈ
ਦੱਸਣਯੋਗ ਹੈ ਕਿ ਲੁਧਿਆਣਾ ਵਿਚ ਨਿਹੰਗਾਂ ਵੱਲੋਂ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਉਰਫ਼ ਗੋਰਾ 'ਤੇ ਤਲਵਾਰਾਂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਥਾਪਰ ਦੇ ਗੰਨਮੈਨ ਨੂੰ ਸਸਪੈਂਡ ਕਰ ਦਿੱਤਾ ਹੈ। ਦੋਸ਼ ਹੈ ਕਿ ਜਿਸ ਸਮੇਂ ਨਿਹੰਗਾਂ ਵੱਲੋਂ ਸ਼ਿਵ ਸੈਨਾ ਆਗੂ 'ਤੇ ਹਮਲਾ ਹੋਇਆ ਤਾਂ ਉਨ੍ਹਾਂ ਦਾ ਗੰਨਮੈਨ ਵਿਰੋਧ ਕਰਨ ਦੀ ਬਜਾਏ ਇਕ ਪਾਸੇ ਹੋ ਗਿਆ। ਇਸ ਦੇ ਚੱਲਦੇ ਹਿੰਦੂ ਸੰਗਠਨ ਨਾਰਾਜ਼ ਵੀ ਹਨ। ਸੂਤਰਾਂ ਮੁਤਾਬਕ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਹਰਕਤ ਵਿਚ ਆਈ। ਪੁਲਸ ਨੇ ਗੰਨਮੈਨ ਸੁਖਵੰਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।