ਚੰਡੀਗੜ੍ਹ ''ਚ ''ਕ੍ਰਿਸਮਸ'' ਤੋਂ ਬਾਅਦ ਫਿਰ ਲੱਗੇਗਾ ''ਨਾਈਟ ਕਰਫਿਊ’
Thursday, Dec 24, 2020 - 12:26 PM (IST)
ਚੰਡੀਗੜ੍ਹ (ਵਿਜੇ) : ਸ਼ਹਿਰ 'ਚ ਵੱਧ ਰਹੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਦੇਖਦਿਆਂ ਇਕ ਵਾਰ ਫਿਰ ਸ਼ਹਿਰ 'ਚ ਨਾਈਟ ਕਰਫਿਊ ਲੱਗ ਸਕਦਾ ਹੈ। ਬੁੱਧਵਾਰ ਨੂੰ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ 'ਚ ਹੋਈ ਬਾਰ ਰੂਮ ਮੀਟਿੰਗ ਦੌਰਾਨ ਨਾਈਟ ਕਰਫ਼ਿਊ ਦੇ ਮਾਮਲੇ 'ਚ ਕਾਫ਼ੀ ਦੇਰ ਤੱਕ ਚਰਚਾ ਹੋਈ। ਦਰਅਸਲ ਕਈ ਸੂਬੇ ਨਾਈਟ ਕਰਫਿਊ ਲਗਾ ਚੁੱਕੇ ਹਨ। ਅਜਿਹੇ 'ਚ ਚੰਡੀਗੜ੍ਹ ਪ੍ਰਸ਼ਾਸਨ ਵੀ ਕਿਸੇ ਤਰ੍ਹਾਂ ਦਾ ਖ਼ਤਰਾ ਮੁੱਲ ਲੈਣ ਦੇ ਮੂਡ 'ਚ ਨਹੀਂ ਹੈ। ਕ੍ਰਿਸਮਸ ਤੋਂ ਬਾਅਦ ਨਾਈਟ ਕਰਫ਼ਿਊ ਲਗਾਉਣ ਦੀ ਤਿਆਰੀ ਚੱਲ ਰਹੀ ਹੈ।
ਮੀਟਿੰਗ 'ਚ ਫ਼ੈਸਲਾ ਲਿਆ ਗਿਆ ਕਿ ਆਉਣ ਵਾਲੇ ਦਿਨਾਂ 'ਚ ਵਾਇਰਸ ਦੇ ਇਨਫੈਕਸ਼ਨ ਨੂੰ ਦੇਖਦਿਆਂ ਇਸ ’ਤੇ ਕਿਸੇ ਆਖ਼ਰੀ ਫ਼ੈਸਲੇ ’ਤੇ ਪਹੁੰਚਿਆ ਜਾ ਸਕੇਗਾ, ਉੱਥੇ ਹੀ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹੁਣ ਸ਼ਹਿਰ 'ਚ ਕੁਝ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ। ਪ੍ਰਸ਼ਾਸਕ ਨੇ ਯੂ. ਟੀ. ਦੇ ਸਿਹਤ ਸਕੱਤਰ ਅਤੇ ਡੀ. ਜੀ. ਪੀ. ਨੂੰ ਹੁਕਮ ਦਿੱਤੇ ਕਿ ਉਹ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰੇ ਯੂ. ਕੇ. ਤੋਂ ਵਾਪਸ ਆਉਣ ਵਾਲੇ 8 ਮੁਸਾਫ਼ਰਾਂ ’ਤੇ ਨਜ਼ਰ ਰੱਖੇ।
ਉਨ੍ਹਾਂ ਨੇ ਸੁਝਾਅ ਦਿੱਤਾ ਕਿ ਪੀ. ਜੀ. ਆਈ. ਉਨ੍ਹਾਂ ਦੇ ਕੇਸਾਂ ਨੂੰ ਐਗਜ਼ਾਮਿਨ ਕਰ ਸਕਦਾ ਹੈ। ਬਦਨੌਰ ਨੇ ਸਿਹਤ ਮਹਿਕਮੇ ਦੇ ਨਿਰਦੇਸ਼ਕ ਨੂੰ ਹੁਕਮ ਦਿੱਤੇ ਕਿ ਉਹ ਵਿਦੇਸ਼ ਤੋਂ ਆਉਣ ਵਾਲੇ ਮਰੀਜ਼ਾਂ ਲਈ ਇਕ ਵੱਖਰਾ ਆਈਸੋਲੇਸ਼ਨ ਵਾਰਡ ਦੀ ਸਥਾਪਨਾ ਕਰਨ ਅਤੇ ਜੇਕਰ ਕੋਈ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਉਥੇ ਹੀ ਰੱਖੋ।
ਫਿਲਹਾਲ ਬੰਦ ਰਹੇਗੀ ‘ਆਪਣੀ ਮੰਡੀ’
ਕੋਰੋਨਾ ਦੀ ਇਨਫੈਕਸ਼ਨ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਫਿਲਹਾਲ ਸੈਕਟਰਾਂ 'ਚ ਲੱਗਣ ਵਾਲੀ ਆਪਣੀ ਮੰਡੀ ਨੂੰ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਜਨਵਰੀ, 2021 ਦੇ ਪਹਿਲੇ ਹਫ਼ਤੇ 'ਚ ਸਥਿਤੀ ਦੇ ਮੁਲਾਂਕਣ ਤੋਂ ਬਾਅਦ ਸੈਕਟਰਾਂ ਦੀ ਆਪਣੀ ਮੰਡੀ ਨੂੰ ਖੋਲ੍ਹਿਆ ਜਾਵੇਗਾ।