ਨਾਈਟ ਕਰਫ਼ਿਊ ਨੇ ਵਿਗਾੜਿਆ ਵਿਆਹ-ਸਮਾਰੋਹਾਂ ਦਾ ਸ਼ਡਿਊਲ, ਪਰੇਸ਼ਾਨੀ ''ਚ ਪਏ ਲੋਕ
Wednesday, Dec 02, 2020 - 06:11 PM (IST)
ਹੁਸ਼ਿਆਰਪੁਰ (ਅਮਰਿੰਦਰ)— ਪੰਜਾਬ 'ਚ ਕੋਰੋਨਾ ਦੀ ਦੂਜੀ ਲਹਿਰ ਨੂੰ ਵੇਖਦੇ ਹੋਏ ਸਰਕਾਰ ਨੇ 1 ਦਸੰਬਰ ਮੰਗਲਵਾਰ ਰਾਤ ਤੋਂ ਨਾਈਟ ਕਰਫ਼ਿਊ ਲਗਾਉਣ ਦਾ ਆਦੇਸ਼ ਦਿੱਤਾ ਹੈ। ਇਸ ਦਾ ਅਸਰ ਹੁਣ ਵਿਆਹਾਂ 'ਤੇ ਵੀ ਦਿੱਸ ਰਿਹਾ ਹੈ। 1 ਤੋਂ 11 ਦਸੰਬਰ ਤੱਕ ਵਿਆਹ ਦੇ ਸਿਰਫ਼ 5 ਮਹੂਰਤ ਹਨ। ਇਸ ਦੇ ਚਲਦਿਆਂ ਸ਼ਹਿਰ ਦੇ ਜ਼ਿਆਦਾਤਰ ਮੈਰਿਜ ਪੈਲੇਸ, ਹੋਟਲ, ਕਮਿਊਨਿਟੀ ਹਾਲ ਡੇਅ ਅਤੇ ਨਾਈਟ ਵੇਡਿੰਗ ਪ੍ਰੋਗਰਾਮ ਲਈ ਬੁੱਕ ਸਨ ਪਰ ਸਰਕਾਰ ਵੱਲੋਂ ਲਗਾਏ ਗਏ ਨਾਈਟ ਕਰਫ਼ਿਊ ਕਾਰਨ ਰਾਤ ਦੇ ਪ੍ਰੋਗਰਾਮ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਕਈ ਲੋਕਾਂ ਨੇ ਆਪਣੇ ਰਾਤ ਦੇ ਪ੍ਰੋਗਰਾਮ ਦਿਨ 'ਚ ਤਬਦੀਲ ਕਰ ਲਏ ਹਨ ਅਤੇ ਕਈਆਂ ਨੇ ਸ਼ਾਮ ਦੇ ਸਮੇਂ ਪ੍ਰੋਗਰਾਮ ਦਾ ਪਲਾਨ ਬਣਾਇਆ ਹੈ। ਹਾਲਾਂਕਿ ਜਿਹੜੇ ਲੋਕਾਂ ਨੂੰ ਨਾਈਟ ਪ੍ਰੋਗਰਾਮ ਲਈ ਦਿਨ 'ਚ ਪੈਲੇਸ ਨਹੀਂ ਮਿਲੇ, ਉਨ੍ਹਾਂ ਪ੍ਰੋਗਰਾਮ ਛੋਟੇ ਕਰਕੇ ਘਰਾਂ 'ਚ ਵੀ ਪ੍ਰੋਗਰਾਮ ਕਰਨ ਦਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ: SGPC ਦੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਢੀਂਡਸਾ ਨੇ ਚੁੱਕੇ ਸਵਾਲ, ਕੇਂਦਰ ਨੂੰ ਵੀ ਪਾਈ ਝਾੜ
ਲੋਕਾਂ 'ਚ ਕਰਫ਼ਿਊ ਨੂੰ ਲੈ ਕੇ ਪਰੇਸ਼ਾਨੀ ਬਰਕਰਾਰ
ਹੁਸ਼ਿਆਰਪੁਰ ਦੇ ਰਾਜੇਸ਼ ਕੁਮਾਰ ਦੀ ਬੇਟੀ ਦਾ ਵਿਆਹ ਤੈਅ ਹੈ। ਪ੍ਰੋਗਰਾਮ ਅਕਤੂਬਰ ਮਹੀਨੇ 'ਚ ਫਿਕਸ ਹੋ ਗਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਰਾਤ ਦਾ ਕਰਫ਼ਿਊ 1 ਦਸੰਬਰ ਤੋਂ ਲਗਾ ਦਿੱਤਾ ਗਿਆ। ਅਜਿਹੇ 'ਚ ਸਾਰੇ ਪ੍ਰੋਗਰਾਮਾਂ ਦਾ ਮਜ਼ਾ ਖਰਾਬ ਹੋ ਗਿਆ। ਰਾਜੇਸ਼ ਦਾ ਕਹਿਣਾ ਹੈ ਕਿ ਵਿਆਹ 'ਚ ਪਹਿਲਾਂ ਹੀ ਘੱਟ ਲੋਕਾਂ ਨੂੰ ਬੁਲਾਇਆ ਗਿਆ ਸੀ। ਰਾਤ ਦੇ ਖਾਣੇ ਲਈ ਲੋਕਾਂ ਨੂੰ 8 ਵਜੇ ਦਾ ਟਾਈਮ ਦਿੱਤਾ ਗਿਆ ਸੀ ਪਰ ਹੁਣ ਕੈਟਰਿੰਗ ਤੋਂ ਲੈ ਕੇ ਹੋਟਲ ਵਾਲੇ ਪ੍ਰੋਗਰਾਮਾਂ ਨੂੰ 6 ਵਜੇ ਸ਼ੁਰੂ ਕਰਕੇ ਰਾਤ 9 ਵਜੇ ਨਜਿੱਠਣ ਲਈ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਲਾਵਾ ਫੇਰੇ ਵੀ ਹੋਟਲ ਦੀ ਬਜਾਏ ਘਰ 'ਤੇ ਕਰਨੇ ਪੈਣਗੇ। ਰਾਜੇਸ਼ ਨੇ ਕਿਹਾ ਕਿ ਕੋਰੋਨਾ ਨਾਲ ਬੀਮਾਰੀ ਫੈਲ ਰਹੀ ਹੈ ਪਰ ਜ਼ਰੂਰੀ ਸਮਰੋਹਾਂ ਨੂੰ ਲੈ ਕੇ ਸਰਕਾਰ ਨੂੰ ਛੋਟ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਬੁਰੀ ਫਸੀ ਅਦਾਕਾਰਾ ਕੰਗਨਾ ਰਣੌਤ, ਮਹਿਲਾ ਕਮਿਸ਼ਨ ਪੰਜਾਬ ਨੇ ਲਿਆ ਸਖ਼ਤ ਐਕਸ਼ਨ
ਪੂਰੇ ਸ਼ਡਿਊਲ 'ਚ ਕਰਨਾ ਪੈ ਰਿਹੈ ਬਦਲਾਅ
ਰਾਤ ਦੇ ਕਰਫ਼ਿਊ ਨੂੰ ਲੈ ਕੇ ਹੋਟਲਾਂ ਅਤੇ ਮੈਰਿਜ ਪੈਲੇਸਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕਰੀਬ ਇਕ ਹਫ਼ਤਾ ਪਹਿਲਾਂ 1 ਦਸੰਬਰ ਤੋਂ ਕਰਫ਼ਿਊ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ। ਲੋਕਾਂ ਨੂੰ ਆਪਣਾ ਪ੍ਰੋਗਰਾਮ ਬਦਲਣ ਲਈ ਕਹਿ ਦਿੱਤਾ ਗਿਆ ਹੈ ਪਰ ਫਿਰ ਵੀ ਸ਼ਡਿਊਲ 'ਚ ਬਦਲਾਅ ਕਰਨਾ ਪਵੇਗਾ। ਕਈ ਲੋਕਾਂ ਨੇ ਆਪਣੇ ਪ੍ਰੋਗਰਾਮ ਹੀ ਰੱਦ ਕਰ ਦਿੱਤੇ। ਉਨ੍ਹਾਂ ਨੇ ਘਰ 'ਚ ਹੀ ਵਿਆਹ ਦਾ ਪ੍ਰੋਗਰਾਮ ਕਰਨ ਦਾ ਫ਼ੈਸਲਾ ਕੀਤਾ ਅਤੇ ਰਸੋਈਏ ਲੈ ਗਏ।
ਬਰਾਤੀਆਂ ਨੂੰ ਵੀ ਰਾਤ ਦਾ ਖਾਣਾ ਖਵਾ ਕੇ 9 ਵਜੇ ਤੱਕ ਕਰਨਾ ਪਵੇਗਾ ਰਵਾਨਾ
ਰਾਤ ਦੇ ਕਰਫ਼ਿਊ ਨੂੰ ਲੈ ਕੇ ਕਾਰੋਬਾਰ ਠੱਪ ਹੁੰਦਾ ਵੇਖ ਮੈਰਿਜ-ਪੈਲੇਸ, ਟੈਂਟ ਕੈਟਰਿੰਗ, ਡੀਜੇ, ਲਾਈਟ ਐਂਡ ਫਲਾਵਰ ਡੈਕੋਰੇਸ਼ਨ ਸਰਵਿਸ ਐਸੋਸੀਏਸ਼ਨ ਨੇ ਰਸਤਾ ਕੱਢਣਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਰਾਤ ਸਾਢੇ 9 ਵਜੇ ਤੱਕ ਫੰਕਸ਼ਨ ਖ਼ਤਮ ਕਰਨਾ ਹੈ। ਇਸ ਲਈ ਬਦਲ ਦੀ ਵਿਵਸਥਾ ਦੇ ਤਹਿਤ ਹੁਣ ਸ਼ਹਿਰ ਦੇ ਕਈ ਵਿਆਹਾਂ 'ਚ 5 ਵਜੇ ਪੈਲੇਸ ਜਾਂ ਹੋਟਲ 'ਚ ਬਰਾਤ ਦੀ ਐਂਟਰੀ ਹੋਵੇਗੀ। ਸਾਢੇ 5 ਵਜੇ ਫੇਰੇ ਅਤੇ ਸਾਢੇ 6 ਵਜੇ ਡਿਨਰ ਕਰਵਾ ਕੇ ਸਾਢੇ 9 ਵਜੇ ਸਾਰੇ ਰਿਸ਼ਤੇਦਾਰਾਂ ਨੂੰ ਵਾਪਸ ਭੇਜਣਾ ਹੋਵੇਗਾ। ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਪ੍ਰੋਗਰਾਮ ਨੂੰ ਰੱਦ ਕਰਨ ਦਾ ਹੀ ਬਦਲ ਬਚਦਾ ਹੈ।
ਇਹ ਵੀ ਪੜ੍ਹੋ: ਸ਼ੂਟਿੰਗ ਕਰਦੇ ਸਮੇਂ ਪੁਲਸ ਦੀ AK-47 'ਚੋਂ ਨਿਕਲੀ ਗੋਲੀ ਡੇਢ ਕਿੱਲੋਮੀਟਰ ਦੂਰ ਕਿਸਾਨ ਦੀ ਛਾਤੀ ਤੋਂ ਹੋਈ ਆਰ-ਪਾਰ
ਵੀਰਵਾਰ ਅਤੇ ਸ਼ੁਕਰ ਗ੍ਰਹਿ ਕਾਰਨ ਸ਼ੁਰੂਆਤੀ ਮਹੀਨਿਆਂ 'ਚ ਨਹੀਂ ਹੋਣਗੇ ਵਿਆਹ
ਜ਼ਿਕਰਯੋਗ ਹੈ ਕਿ 2021 'ਚ ਵਿਆਹ ਲਈ ਸਿਰਫ਼ 51 ਦਿਨ ਰਹਿਣਗੇ। 18 ਜਨਵਰੀ ਨੂੰ ਪਹਿਲਾ ਮਹੂਰਤ ਰਹੇਗਾ। ਇਸ ਦੇ ਬਾਅਦ ਵੀਰਵਾਰ ਅਤੇ ਸ਼ੁਕਰ ਗ੍ਰਹਿ ਦੇ ਕਾਰਨ ਸਾਲ ਦੇ ਸ਼ੁਰੂਆਤੀ ਮਹੀਨਿਆਂ 'ਚ ਵਿਆਹ ਨਹੀਂ ਹੋ ਸਕਣਗੇ। ਪੰਡਿਤ ਭਗਵਾਨ ਦਾਸ ਨੇ ਦੱਸਿਆ ਕਿ ਮਾਘੀ ਦੇ ਬਾਅਦ 19 ਜਨਵਰੀ ਤੋਂ 16 ਫਰਵਰੀ ਤੱਕ ਗੁਰੂ ਤਾਰਾ ਡੁਬਿਆ ਰਹੇਗਾ। ਫਿਰ 16 ਫਰਵਰੀ ਤੋਂ ਹੀ ਸ਼ੁਕਰ ਤਾਰਾ 17 ਅਪ੍ਰੈਲ ਤੱਕ ਡੁਬਿਆ ਰਹੇਗਾ। ਇਸ ਕਾਰਨ ਵਿਆਹ ਦਾ ਦੂਜਾ ਮਹੂਰਤ 22 ਅਪ੍ਰੈਲ ਨੂੰ ਹੈ। ਇਸ ਦੇ ਬਾਅਦ 15 ਜੁਲਾਈ ਤੱਕ 37 ਦਿਨ ਵਿਆਹ ਦੇ ਮਹੂਰਤ ਹਨ। ਉਥੇ ਹੀ 15 ਨਵੰਬਰ ਤੋਂ 13 ਦਸੰਬਰ ਤੱਕ ਵਿਆਹ ਲਈ 13 ਦਿਨ ਰਹਿਣਗੇ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਕੇਂਦਰ ਨੂੰ ਨਤੀਜੇ ਭੁਗਤਣ ਦੀ ਦਿੱਤੀ ਚਿਤਾਵਨੀ