ਸਹੁਰੇ ਘਰੋਂ ਭਤੀਜੀ ਨੂੰ ਲੈਣ ਗਏ ਤਾਏ ਨੂੰ ਗੋਲੀਆਂ ਨਾਲ ਭੁੰਨਿਆ
Wednesday, Sep 25, 2019 - 05:51 PM (IST)

ਭਾਦਸੋਂ (ਅਵਤਾਰ, ਹਰਦੀਪ) : ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਮੂੰਗੋ ਵਿਖੇ ਇਕ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਦਾ ਵਿਆਹ 7 ਸਾਲ ਪਹਿਲਾਂ ਕੁਲਦੀਪ ਸਿੰਘ ਵਾਸੀ ਮੁੰਗੋ ਨਾਲ ਹੋਇਆ ਸੀ। ਉਸ ਦੇ 2 ਬੱਚੇ ਵੀ ਹਨ। ਕੁਲਦੀਪ ਸਿੰਘ ਅਤੇ ਉਸ ਦੇ ਮਾਤਾ-ਪਿਤਾ ਦਾਜ ਲਈ ਅਕਸਰ ਉਸ ਨੂੰ ਪ੍ਰੇਸ਼ਾਨ ਕਰਦੇ ਸਨ।
2 ਦਿਨਾਂ ਤੋਂ ਮਨਪ੍ਰੀਤ ਕੌਰ ਦਾ ਮੋਬਾਇਲ ਬੰਦ ਆ ਰਿਹਾ ਸੀ ਤਾਂ ਮਨ੍ਰਪੀਤ ਦਾ ਭਰਾ ਜਦੋਂ ਮੁੰਗੋ ਪਿੰਡ ਪਹੁੰਚਿਆ ਤਾਂ ਉਸ ਦੀ ਭੈਣ ਕਮਰੇ ਵਿਚ ਬੰਦ ਕੀਤੀ ਹੋਈ ਸੀ। ਭਰਾ ਨੇ ਆਪਣੇ ਤਾਏ ਨੂੰ ਫੋਨ ਕਰਕੇ ਉਥੇ ਬੁਲਾ ਲਿਆ। ਇਸ ਦੌਰਾਨ ਜਦੋਂ ਮਨਪ੍ਰੀਤ ਕੌਰ ਨੂੰ ਸਹੁਰੇ ਘਰੋਂ ਉਹ ਲਿਜਾਣ ਲੱਗੇ ਤਾਂ ਕੁਲਦੀਪ ਸਿੰਘ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਲੜਕੀ ਦੇ ਤਾਏ ਹਰਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਭਾਦਸੋਂ ਦੇ ਐੱਸ. ਐੱਚ. ਓ. ਅੰਮ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਕੁਲਦੀਪ ਸਿੰਘ ਅਤੇ ਉਸ ਦੇ ਮਾਤਾ-ਪਿਤਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।