ਲੁਧਿਆਣਾ : ਰਾਤੀਂ 2 ਵਜੇ ਐੱਨ. ਆਈ. ਏ. ਨੇ ਘੇਰੀ ਮਸਜਿਦ, ਮੌਲਾਨਾ ਹਿਰਾਸਤ 'ਚ (ਵੀਡੀਓ)
Thursday, Jan 17, 2019 - 02:03 PM (IST)
ਲੁਧਿਆਣਾ (ਰਿਸ਼ੀ, ਨਰਿੰਦਰ) : ਅੱਤਵਾਦੀ ਗਤੀਵਿਧੀਆਂ ਨਾਲ ਸਬੰਧਿਤ ਸ਼ੱਕੀ ਵਿਅਕਤੀਆਂ ਦੀ ਭਾਲ 'ਚ ਕੇਂਦਰੀ ਜਾਂਚ ਟੀਮ (ਐੱਨ. ਆਈ. ਏ.) ਲੁਧਿਆਣਾ ਦੇ ਮਿਹਰਬਾਨ ਇਲਾਕੇ 'ਚ ਛਾਪੇਮਾਰੀ ਲਈ ਪੁੱਜੀ। ਜਾਣਕਾਰੀ ਮੁਤਾਬਕ ਲੁਧਿਆਣਾ ਪੁਲਸ ਅਤੇ ਐੱਨ. ਆਈ. ਏ. ਦੀ ਟੀਮ ਦੀਆਂ 20 ਦੇ ਕਰੀਬ ਗੱਡੀਆਂ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਦੇ 2 ਵਜੇ ਇਲਾਕੇ 'ਚ ਸਥਿਤ ਇਕ ਮਸਜਿਦ 'ਚ ਪੁੱਜੀਆਂ ਅਤੇ ਪੂਰੀ ਮਸਜਿਦ ਨੂੰ ਘੇਰਾ ਪਾ ਲਿਆ। ਜਦੋਂ ਟੀਮ ਨੇ ਰਾਤ ਸਮੇਂ ਮਸਜਿਦ ਦਾ ਦਰਵਾਜ਼ਾ ਖੁੱਲ੍ਹਵਾਇਆ ਤਾਂ ਮੌਲਾਨਾ ਮੁਹੰਮਦ ਓਵੇਸ਼ ਪਾਸ਼ਾ ਮੂਲ ਵਾਸੀ ਉੱਤਰ ਪ੍ਰਦੇਸ਼ (ਯੂ. ਪੀ.), ਰਾਮਪੁਰ ਨਾਂ ਦੇ ਇਕ ਅਧਿਆਪਕ ਨੇ ਦਰਵਾਜ਼ਾ ਖੋਲ੍ਹਿਆ। ਮਸਜਿਦ 'ਚ ਉਸ ਸਮੇਂ ਪਾਸ਼ਾ ਸਮੇਤ 4 ਅਧਿਆਪਕ, ਇਕ ਕੁੱਕ, ਇਕ ਨੌਕਰ ਅਤੇ 75 ਬੱਚੇ ਮੌਜੂਦ ਸਨ। ਐੱਨ. ਆਈ. ਏ. ਅਤੇ ਲੁਧਿਆਣਾ ਪੁਲਸ ਦੀ ਸਾਂਝੀ ਟੀਮ ਨੇ ਸਭ ਕੋਲੋਂ ਜਾਂਦੇ ਸਾਰ ਹੀ ਮੋਬਾਇਲ ਲੈ ਲਏ। ਟੀਮ ਮੈਂਬਰਾਂ ਨੇ ਵੀਰਵਾਰ ਸਵੇਰੇ 6 ਵਜੇ ਤੱਕ ਪੂਰੀ ਮਸਜਿਦ ਦੀ ਚੈਕਿੰਗ ਕੀਤੀ ਅਤੇ ਮੁਹੰਮਦ ਓਵੇਸ਼ ਪਾਸ਼ਾ ਨੂੰ ਸ਼ੱਕੀ ਗਤੀਵਿਧੀਆਂ ਦੇ ਆਧਾਰ 'ਤੇ ਆਪਣੇ ਨਾਲ ਲੈ ਗਏ। ਪਾਸ਼ਾ ਕੋਲੋਂ ਟੀਮ ਨੇ ਜਿਹੜਾ ਫੋਨ ਬਰਾਮਦ ਕੀਤਾ, ਉਹ ਇਕ ਸਾਦਾ ਫੋਨ ਸੀ। ਇਸ ਤੋਂ ਇਲਾਵਾ ਟੀਮ ਮੈਂਬਰਾਂ ਨੇ ਪਾਸ਼ਾ ਕੋਲ ਮੌਜੂਦ ਕਿਤਾਬਾਂ ਅਤੇ ਮਸਜਿਦ 'ਚ ਲੱਗੇ ਕੈਮਰਿਆਂ ਦੀ ਡੀ. ਡੀ. ਆਰ. ਵੀ ਆਪਣੇ ਕਬਜ਼ੇ 'ਚ ਲੈ ਲਈ।
6 ਮਹੀਨੇ ਪਹਿਲਾਂ ਹੀ ਮਸਜਿਦ 'ਚ ਆਇਆ ਸੀ 'ਪਾਸ਼ਾ'
ਜਿਸ ਮਸਜਿਦ 'ਚੋਂ ਪਾਸ਼ਾ ਨੂੰ ਐੱਨ. ਆਈ. ਏ. ਦੀ ਟੀਮ ਨੇ ਹਿਰਾਸਤ 'ਚ ਲਿਆ, ਪਾਸ਼ਾ ਉਸ ਮਸਜਿਦ 'ਚ 6 ਮਹੀਨੇ ਪਹਿਲਾਂ ਹੀ ਆਇਆ ਸੀ। ਇਹ ਮਸਜਿਦ ਸਾਲ 1988 'ਚ ਬਣਾਈ ਗਈ ਸੀ। ਫਿਲਹਾਲ ਜਦੋਂ ਇਸ ਬਾਰੇ ਮਸਜਿਦ ਦੇ ਚੇਅਰਮੈਨ ਸਿਕੰਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੁਲਸ ਤੇ ਐੱਨ. ਆਈ. ਏ. 'ਤੇ ਪੂਰਾ ਭਰੋਸਾ ਹੈ ਅਤੇ ਪਾਸ਼ਾ ਬਾਰੇ ਜੋ ਵੀ ਫੈਸਲਾ ਲਿਆ ਜਾਵੇਗਾ, ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।