ਪੰਜਾਬ 'ਚ ਨੈਸ਼ਨਲ ਹਾਈਵੇਅ ਪ੍ਰਾਜੈਕਟਾਂ ਨਾਲ ਜੁੜੀ ਵੱਡੀ ਅਪਡੇਟ

Wednesday, Sep 04, 2024 - 03:06 PM (IST)

ਪੰਜਾਬ 'ਚ ਨੈਸ਼ਨਲ ਹਾਈਵੇਅ ਪ੍ਰਾਜੈਕਟਾਂ ਨਾਲ ਜੁੜੀ ਵੱਡੀ ਅਪਡੇਟ

ਲੁਧਿਆਣਾ: ਪੰਜਾਬ ਵਿਚ ਰੁਕੇ ਹੋਏ ਹਾਈਵੇਅ ਪ੍ਰਾਜੈਕਟਾਂ ਦਾ ਕੰਮ ਹੌਲੀ-ਹੌਲੀ ਲੀਹ 'ਤੇ ਆਉਣ ਲੱਗ ਪਿਆ ਹੈ। ਇਹ ਉਦੋਂ ਸੰਭਵ ਹੋਇਆ ਹੈ ਜਦੋਂ ਪੰਜਾਬ ਸਰਕਾਰ ਨੇ ਅਧਿਕਾਰਤ ਮਸ਼ੀਨਰੀ ਨੂੰ ਸਰਗਰਮ ਕੀਤਾ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਪ੍ਰਾਜੈਕਟਾਂ ਲਈ ਐਕੁਆਇਰ ਕੀਤੀ ਜ਼ਮੀਨ ਪ੍ਰਦਾਨ ਕਰਨ ਲਈ ਸਾਰੇ ਅੜਿੱਕੇ ਦੂਰ ਕਰਨੇ ਸ਼ੁਰੂ ਕਰ ਦਿੱਤੇ। ਦੱਖਣੀ ਲੁਧਿਆਣਾ ਬਾਈਪਾਸ 25.24 ਕਿੱਲੋਮੀਟਰ ਦਾ ਅਜਿਹਾ ਤੀਜਾ NHAI ਪ੍ਰਾਜੈਕਟ ਹੈ, ਜਿਸ ਦੇ ਰੁਕੇ ਹੋਏ ਕੰਮ ਨੂੰ ਮੁੜ ਸੁਰਜੀਤ ਕਰ ਲਿਆ ਗਿਆ ਹੈ। ਹਾਲ ਹੀ ਵਿਚ ਇਸ ਲਈ ਲੁਧਿਆਣਾ-ਰੋਪੜ ਅਤੇ ਲੁਧਿਆਣਾ-ਬਠਿੰਡਾ ਹਾਈਵੇਅ ਲਈ ਬਾਕੀ ਐਕੁਆਇਰ ਕੀਤੀ ਜ਼ਮੀਨ ਮਿਲਣ ਤੋਂ ਬਾਅਦ ਮੁੜ ਸੁਚਾਰੂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ NHAI ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਨੇ ਨਵੀਂ ਦਿੱਲੀ ਵਿਚ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨਾਲ ਮੀਟਿੰਗ ਦੌਰਾਨ ਸਾਂਝੀ ਕੀਤੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ ਹੋਵੇਗਾ ਜਾਮ! ਸਫ਼ਰ 'ਤੇ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ

ਮੀਟਿੰਗ ਦੌਰਾਨ ਐੱਮ.ਪੀ. ਅਰੋੜਾ ਨੇ ਚੇਅਰਮੈਨ ਨੂੰ ਦੱਸਿਆ ਕਿ ਦੱਖਣੀ ਬਾਈਪਾਸ ਗ੍ਰੀਨਫੀਲਡ ਹਾਈਵੇਅ ਪ੍ਰਾਜੈਕਟ ਦੇ ਨਿਰਮਾਣ ਲਈ ਲੋੜੀਂਦੀ ਜ਼ਮੀਨ ਦਾ ਇਕ ਵੱਡਾ ਹਿੱਸਾ, ਲਗਭਗ 92.06%, ਪਹਿਲਾਂ ਹੀ ਐਨ.ਐਚ.ਏ.ਆਈ.ਨੂੰ ਸੌਂਪਿਆ ਜਾ ਚੁੱਕਾ ਹੈ। ਚੇਅਰਮੈਨ ਨੇ ਸੰਸਦ ਮੈਂਬਰ ਨੂੰ ਦੱਸਿਆ ਕਿ 16 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਇਸ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ ਅਤੇ ਫਿਰ ਟੈਂਡਰ ਪ੍ਰਕਿਰਿਆ ਸ਼ੁਰੂ ਹੋਵੇਗੀ। ਇਹ ਪ੍ਰਾਜੈਕਟ ਹੁਣ ਐਨ.ਐਚ.ਏ.ਆਈ.ਦੇ ਨੈਸ਼ਨਲ ਹਾਈਵੇਅ ਓਰੀਜਨਲ (ਐੱਨ.ਐੱਚ.ਓ.) ਦੇ ਕੰਮਾਂ ਅਧੀਨ ਲਿਆ ਜਾਵੇਗਾ।

ਅਰੋੜਾ ਨੇ ਚੇਅਰਮੈਨ ਨੂੰ ਇਹ ਵੀ ਦੱਸਿਆ ਕਿ ਲੁਧਿਆਣਾ-ਰੂਪਨਗਰ (ਰੋਪੜ) ਗ੍ਰੀਨਫੀਲਡ ਹਾਈਵੇਅ ਪ੍ਰਾਜੈਕਟ, ਪੈਕੇਜ 1 ਲਈ 30 ਕਿਲੋਮੀਟਰ ਭੂਮੀ ਗ੍ਰਹਿਣ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਅਤੇ ਐਨ.ਐਚ.ਏ.ਆਈ. ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਚੇਅਰਮੈਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਸਬੰਧਤ ਅਧਿਕਾਰੀਆਂ ਨੂੰ ਠੇਕੇਦਾਰਾਂ ਵੱਲੋਂ ਉਸਾਰੀ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ ਜਾਣ। ਚੇਅਰਮੈਨ ਨੇ ਆਪਣੇ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਠੇਕੇਦਾਰ ਜੀ.ਆਰ.ਇਨਫਰਾਪ੍ਰੋਜੈਕਟਸ ਲਿਮਟਿਡ ਨੂੰ ਤੁਰੰਤ ਕੰਮ ਸ਼ੁਰੂ ਕਰਨ ਲਈ ਕਹਿਣ, ਭਾਵੇਂ ਕਿ ਠੇਕੇ ਦਾ ਸਮਾਂ ਲੰਘ ਚੁੱਕਾ ਹੋਵੇ।

ਇਸ ਤੋਂ ਇਲਾਵਾ ਅਰੋੜਾ ਨੇ ਲੁਧਿਆਣਾ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ (ਭੋਲਾ) ਅਤੇ ਮਦਨ ਲਾਲ ਬੱਗਾ ਵੱਲੋਂ ਜਲੰਧਰ ਬਾਈਪਾਸ 'ਤੇ ਕਈ ਥਾਵਾਂ 'ਤੇ ਵਾਹਨ ਅੰਡਰਪਾਸ (ਵੀ.ਯੂ.ਪੀ.) ਦੇ ਨਿਰਮਾਣ ਸਬੰਧੀ ਉਠਾਏ ਮੁੱਦਿਆਂ ਨੂੰ ਉਜਾਗਰ ਕੀਤਾ, ਜਿਸ ਵਿਚ ਸੁਭਾਸ਼ ਨਗਰ ਤੋਂ ਸੁੰਦਰ ਨਗਰ ਚੌਕ, ਕੈਲਾਸ਼ ਨਗਰ ਚੌਕ, ਕਾਕੋਵਾਲ ਚੌਕ--ਸ਼ੇਖੇਵਾਲ, ਕਾਲੀ-ਬਿੰਦਰਾ ਕਲੋਨੀ, ਪ੍ਰਿੰਗਲ ਗਰਾਊਂਡ ਅਤੇ ਜੱਸੀਆਂ ਰੋਡ ਤੋਂ ਗੁਰੂਹਰ ਰਾਏ ਨਗਰ ਕਰਾਸਿੰਗ ਸ਼ਾਮਲ ਹਨ। ਚੇਅਰਮੈਨ ਨੇ ਆਪਣੇ ਸਟਾਫ਼ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਦਾ ਧਿਆਨ ਆਰ.ਓ. ਵੱਲੋਂ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਉਸ ਦੇ ਅਧਿਕਾਰਾਂ ਵਿਚ ਹਨ ਅਤੇ ਇਨ੍ਹਾਂ ਦੀ ਤੁਰੰਤ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਦੁਰਘਟਨਾਵਾਂ ਵਾਲੇ ਸਥਾਨ ਹਨ ਜਿਨ੍ਹਾਂ ਨੂੰ ਬਲੈਕ ਸਪਾਟ ਕਿਹਾ ਜਾਂਦਾ ਹੈ। ਹਾਲਾਂਕਿ ਉਨ੍ਹਾਂ ਚਿਤਾਵਨੀ ਦਿੱਤੀ ਕਿ ਉਸਾਰੀ ਦੌਰਾਨ ਲੋਕਾਂ ਨੂੰ ਭਾਰੀ ਆਵਾਜਾਈ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਾਂਗਰਸੀ ਆਗੂ ਦੇ ਘਰ ED ਦੀ ਰੇਡ

ਅਰੋੜਾ ਨੇ ਚੇਅਰਮੈਨ ਨੂੰ ਸ਼ੇਰਪੁਰ ਚੌਕ ਤੋਂ ਢੰਡਾਰੀ ਕਲਾਂ ਵਾਲੇ ਪਾਸੇ ਤੋਂ ਏਵਨ ਸਾਈਕਲ ਤੱਕ ਸਰਵਿਸ ਰੋਡ ਦੀ ਮਾੜੀ ਹਾਲਤ ਕਾਰਨ ਆਉਣ-ਜਾਣ ਵਾਲੇ ਯਾਤਰੀਆਂ ਅਤੇ ਉਦਯੋਗਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਚੇਅਰਮੈਨ ਨੂੰ ਦੱਸਿਆ ਕਿ ਢੰਡਾਰੀ ਪੁਲ 'ਤੇ ਅੰਡਰਪਾਸ ਤੰਗ ਹੈ ਅਤੇ ਪਾਣੀ ਭਰਨ ਕਾਰਨ ਲੰਘਣ ਯੋਗ ਨਹੀਂ ਹੈ, ਜਿਸ ਕਾਰਨ ਉਦਯੋਗਾਂ ਦੇ ਸੰਚਾਲਨ, ਪੈਦਲ ਚੱਲਣ ਵਾਲਿਆਂ ਦੀ ਆਵਾਜਾਈ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਸਮੁੱਚੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਨਵੀਨਤਮ ਤਕਨਾਲੋਜੀ ਨਾਲ ਨਵੀਂ ਡਰੇਨ ਦਾ ਠੇਕਾ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਅਤੇ ਠੇਕੇਦਾਰ 'ਤੇ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਦਬਾਅ ਪਾਇਆ ਜਾਵੇਗਾ, ਪਰ ਦਸੰਬਰ 2024 ਤੋਂ ਬਾਅਦ ਨਹੀਂ।

ਐਨ.ਐਚ.ਏ.ਆਈ. ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਨੇ ਅਰੋੜਾ ਵੱਲੋਂ ਉਠਾਏ ਗਏ ਸਾਰੇ ਮੁੱਦਿਆਂ ਦਾ ਨੋਟਿਸ ਲਿਆ ਅਤੇ ਮੈਂਬਰ ਟੈਕਨੀਕਲ ਆਲੋਕ ਦੀਪਾਂਕਰ ਅਤੇ ਸੀ.ਜੀ.ਐੱਮ. ਪੰਜਾਬ ਪ੍ਰਸ਼ਾਂਤ ਖੋਡਸਕਰ ਨੂੰ ਉਨ੍ਹਾਂ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ।

ਅਰੋੜਾ ਵੱਲੋਂ ਪੰਜਾਬ ਵਿਚ ਐੱਨ.ਐੱਚ.ਏ.ਆਈ. ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਣ ਅਤੇ ਲੁਧਿਆਣਾ ਅਤੇ ਪੰਜਾਬ ਦੇ ਸੜਕੀ ਢਾਂਚੇ ਵਿੱਚ ਸੁਧਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਚੇਅਰਮੈਨ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਮੀਟਿੰਗ ਦੌਰਾਨ ਅਰੋੜਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੜਕਾਂ ਦਾ ਨਿਰਮਾਣ ਨਾ ਸਿਰਫ਼ ਸ਼ਹਿਰਾਂ ਨੂੰ ਆਪਸ ਵਿਚ ਜੋੜਦਾ ਹੈ ਸਗੋਂ ਇਸ ਖੇਤਰ ਦਾ ਆਰਥਿਕ ਵਿਕਾਸ ਵੀ ਹੁੰਦਾ ਹੈ। ਉਨ੍ਹਾਂ ਚੇਅਰਮੈਨ ਨੂੰ ਭਰੋਸਾ ਦਿਵਾਇਆ ਕਿ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਉਹ ਐੱਨ.ਐੱਚ.ਏ.ਆਈ. ਪ੍ਰਾਜੈਕਟਾਂ ਨੂੰ ਲਾਗੂ ਕਰਨ ਵਿਚ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News