ਜਲੰਧਰ ਨਿਗਮ ’ਤੇ ਕਰੋੜਾਂ ਦਾ ਜੁਰਮਾਨਾ ਠੋਕ ਸਕਦੈ NGT, ਜਾਣੋ ਕੀ ਹੈ ਪੂਰਾ ਮਾਮਲਾ

Sunday, Aug 04, 2024 - 11:34 AM (IST)

ਜਲੰਧਰ (ਖੁਰਾਣਾ)–ਸਾਲਿਡ ਵੇਸਟ ਦੀ ਪ੍ਰੋਸੈਸਿੰਗ ਦੇ ਮਾਮਲੇ ਵਿਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜਲੰਧਰ ਨਿਗਮ ਨੂੰ ਜੋ ਡੈੱਡਲਾਈਨ ਦਿੱਤੀ ਹੋਈ ਹੈ, ਉਸ ਮਾਮਲੇ ਵਿਚ ਅਗਲੀ ਸੁਣਵਾਈ 9 ਅਗਸਤ ਨੂੰ ਹੋਣ ਦੀ ਸੰਭਾਵਨਾ ਹੈ। ਐੱਨ. ਜੀ. ਟੀ. ਵੱਲੋਂ ਦਿੱਤੀ ਗਈ ਡੈੱਡਲਾਈਨ ਦੇ ਬਾਵਜੂਦ ਜਲੰਧਰ ਨਗਰ ਨਿਗਮ ਨੇ ਅਜੇ ਤਕ ਕੂੜੇ ਦੀ ਮੈਨੇਜਮੈਂਟ ਅਤੇ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਨਹੀਂ ਕੀਤਾ। ਇਸ ਮਾਮਲੇ ਵਿਚ ਸਿਰਫ਼ ਲੰਮੀਆਂ-ਲੰਮੀਆਂ ਮੀਟਿੰਗਾਂ ਦਾ ਦੌਰ ਹੀ ਜਾਰੀ ਹੈ ਅਤੇ ਇਕ-ਦੂਜੇ ’ਤੇ ਜ਼ਿੰਮੇਵਾਰੀ ਥੋਪੀ ਜਾ ਰਹੀ ਹੈ। ਸਿਰਫ਼ ਪਲਾਨਿੰਗ ਹੀ ਬਣਾਈ ਜਾ ਰਹੀ ਹੈ ਤਾਂ ਕਿ ਐੱਨ. ਜੀ. ਟੀ. ਦੇ ਸਾਹਮਣੇ ਜਵਾਬ ਦਾਇਰ ਕੀਤਾ ਜਾ ਸਕੇ। ਨਿਗਮ ਦੀ ਕੋਈ ਵੀ ਪਲਾਨਿੰਗ ਅਜੇ ਤਕ ਕਾਮਯਾਬ ਨਹੀਂ ਹੋ ਸਕੀ। ਦੋਸ਼ ਲਾਏ ਜਾ ਰਹੇ ਹਨ ਕਿ ਇਸ ਮਾਮਲੇ ਵਿਚ ਨਗਰ ਨਿਗਮ ਦੇ ਅਧਿਕਾਰੀਆਂ ਨੇ ਐੱਨ. ਜੀ. ਟੀ. ਕੋਲ ਪਹਿਲਾਂ ਵੀ ਜੋ ਜਵਾਬ ਦਾਇਰ ਕੀਤਾ ਹੋਇਆ ਹੈ, ਉਸ ਵਿਚ ਵੀ ਕਈ ਮਾਮਲਿਆਂ ਵਿਚ ਖਾਨਾਪੂਰਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਤੇ ਮੰਡਰਾਉਣ ਲੱਗਾ ਇਸ ਬੀਮਾਰੀ ਦਾ ਵੱਡਾ ਖ਼ਤਰਾ, ਵੱਧਣ ਲੱਗੀ ਮਰੀਜ਼ਾਂ ਦੀ ਗਿਣਤੀ

ਜ਼ਿਕਰਯੋਗ ਹੈ ਕਿ ਐੱਨ. ਜੀ. ਟੀ. ਕੋਲ ਜਲੰਧਰ ਦੇ ਕੂੜੇ ਸਬੰਧੀ ਕਈ ਮਾਮਲੇ ਚੱਲ ਰਹੇ ਹਨ। ਐੱਨ. ਜੀ. ਟੀ. ਦੀ ਟੀਮ ਕਈ ਵਾਰ ਜਲੰਧਰ ਆ ਕੇ ਅਸਲ ਸਥਿਤੀ ਆਪਣੀਆਂ ਅੱਖਾਂ ਨਾਲ ਦੇਖ ਚੁੱਕੀ ਹੈ। ਕਈ ਸਾਲਾਂ ਦੇ ਨਿਰਦੇਸ਼ਾਂ ਦੇ ਬਾਵਜੂਦ ਐੱਨ. ਜੀ. ਟੀ. ਵੱਲੋਂ ਜਲੰਧਰ ਨਿਗਮ ਨੇ ਐੱਨ. ਜੀ. ਟੀ. ਦੇ ਨਿਰਦੇਸ਼ਾਂ ’ਤੇ ਕੋਈ ਠੋਸ ਅਮਲ ਨਹੀਂ ਕੀਤਾ ਹੈ। ਹੁਣ ਵੀ ਜੇਕਰ ਨਿਗਮ ਵੱਲੋਂ ਕੀਤੀ ਜਾ ਰਹੀ ਖਾਨਾਪੂਰਤੀ ਵਰਗੀ ਕਾਰਵਾਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਨਜ਼ਰ ਵਿਚ ਆ ਗਈ ਤਾਂ ਇਸੇ ਸੁਣਵਾਈ ’ਤੇ ਜਲੰਧਰ ਨਿਗਮ ’ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਕਰੋੜਾਂ ਰੁਪਏ ਦਾ ਜੁਰਮਾਨਾ ਠੋਕਿਆ ਜਾ ਸਕਦਾ ਹੈ। ਇਸ ਦੀ ਸੰਭਾਵਨਾ ਜਲੰਧਰ ਨਿਗਮ ਦੇ ਉੱਚ ਅਧਿਕਾਰੀਆਂ ਨੇ ਵੀ ਪ੍ਰਗਟ ਕੀਤੀ ਹੈ। ਪਤਾ ਲੱਗਾ ਹੈ ਕਿ ਅੱਜ ਐੱਨ. ਜੀ. ਟੀ. ਦੇ ਨਿਰਦੇਸ਼ਾਂ ਨੂੰ ਲੈ ਕੇ ਬੁਲਾਈ ਗਈ ਇਕ ਮੀਟਿੰਗ ਦੌਰਾਨ ਨਿਗਮ ਕਮਿਸ਼ਨਰ ਨੇ ਸਾਫ਼ ਸ਼ਬਦਾਂ ਵਿਚ ਐੱਨ. ਜੀ. ਟੀ. ਦੇ ਸੰਭਾਵਿਤ ਜੁਰਮਾਨੇ ਦਾ ਜ਼ਿਕਰ ਕੀਤਾ ਅਤੇ ਇਸ ਕੰਮ ਵਿਚ ਲੱਗੇ ਅਧਿਕਾਰੀਆਂ ਨੂੰ ਸੁਚੇਤ ਕੀਤਾ।

ਬਣਾਉਣ ਤੋਂ ਪਹਿਲਾਂ ਹੀ ਫੇਲ ਹੁੰਦੀਆਂ ਜਾ ਰਹੀਆਂ ਨਿਗਮ ਦੀਆਂ ਯੋਜਨਾਵਾਂ
ਐੱਨ. ਜੀ. ਟੀ. ਦੇ ਸਾਹਮਣੇ ਜਵਾਬ ਦਾਇਰ ਕਰਨ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੇ ਕੂੜੇ ਦੀ ਪ੍ਰੋਸੈਸਿੰਗ ਅਤੇ ਮੈਨੇਜਮੈਂਟ ਨੂੰ ਲੈ ਕੇ ਕਈ ਯੋਜਨਾਵਾਂ ਦਾ ਜ਼ਿਕਰ ਕੀਤਾ ਹੈ ਪਰ ਪਤਾ ਲੱਗਾ ਹੈ ਕਿ ਨਗਰ ਨਿਗਮ ਦੀ ਵਧੇਰੇ ਪਲਾਨਿੰਗ ਅਤੇ ਯੋਜਨਾਵਾਂ ਬਣਨ ਤੋਂ ਪਹਿਲਾਂ ਹੀ ਫੇਲ ਹੁੰਦੀਆਂ ਜਾ ਰਹੀਆਂ ਹਨ। ਨਗਰ ਨਿਗਮ ਹੁਣ ਤਕ ਰੈਗ ਪਿਕਰਸ ਨੂੰ ਇਕ ਮੰਚ ’ਤੇ ਲਿਆਉਣ ਅਤੇ ਉਨ੍ਹਾਂ ਨੂੰ ਗਿੱਲਾ-ਸੁੱਕਾ ਕੂੜਾ ਚੁੱਕਣ ਲਈ ਤਿਆਰ ਨਹੀਂ ਕਰ ਸਕਿਆ ਅਤੇ ਨਾ ਹੀ ਨਿਗਮ ਕੋਲ ਇਸ ਲਈ ਮਸ਼ੀਨਰੀ ਹੈ। ਵਰਿਆਣਾ ਡੰਪ ’ਤੇ ਪਏ ਪੁਰਾਣੇ ਕੂੜੇ ਨੂੰ ਬਾਇਓ-ਮਾਈਨਿੰਗ ਪ੍ਰਾਜੈਕਟ ਲਾ ਕੇ ਖਤਮ ਕਰਨ ਦੀ ਪਲਾਨਿੰਗ ਵੀ ਕਈ ਵਾਰ ਫੇਲ ਹੋ ਚੁੱਕੀ ਹੈ ਅਤੇ ਹੁਣ ਵੀ ਕਾਮਯਾਬ ਹੁੰਦੀ ਨਹੀਂ ਦਿਸ ਰਹੀ। ਨਿਗਮ ਨੇ ਭੋਗਪੁਰ ਵਿਚ ਬਾਇਓਗੈਸ ਪਲਾਂਟ ਦੇ ਸੰਚਾਲਕਾਂ ਤੋਂ 100 ਟਨ ਹਰ ਰੋਜ਼ ਗਿੱਲਾ ਕੂੜਾ ਪ੍ਰੋਸੈੱਸ ਕਰਵਾਉਣ ਦੀ ਜੋ ਪਲਾਨਿੰਗ ਤਿਆਰ ਕੀਤੀ ਸੀ, ਉਹ ਵੀ ਲੋਕਲ ਬਾਡੀਜ਼ ਮੰਤਰੀ ਅਤੇ ਲੋਕਾਂ ਦੇ ਵਿਰੋਧ ਕਾਰਨ ਖ਼ਤਮ ਹੋ ਚੁੱਕੀ ਹੈ। ਇਸ ਤਰ੍ਹਾਂ ਫੋਲੜੀਵਾਲ ਵਿਚ ਮਕੈਨੀਕਲ ਕੰਪੋਸਟਿੰਗ ਦਾ ਪ੍ਰਾਜੈਕਟ ਵੀ ਸਿਰੇ ਨਹੀਂ ਚੜ੍ਹ ਪਾ ਰਿਹਾ।

ਇਹ ਵੀ ਪੜ੍ਹੋ- ਵੱਡੀ ਵਾਰਦਾਤ: ਸ਼ਰਾਬ ਪਿਲਾਉਣ ਤੋਂ ਮਨ੍ਹਾ ਕਰਨ 'ਤੇ ਵਿਅਕਤੀ ਨੂੰ ਇੱਟਾਂ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ

ਮਲਟੀ-ਲੇਯਰ ਪਲਾਸਟਿਕ ਨੂੰ ਰੀ-ਸਾਈਕਲਿੰਗ ਲਈ ਫਿਲੌਰ ਭੇਜਣ ਦੀ ਪਲਾਨਿੰਗ ਬਣਾਈ ਗਈ ਸੀ ਪਰ ਉਸ ਪਲਾਂਟ ਦੇ ਸੰਚਾਲਕਾਂ ਨੇ ਵੀ ਜਲੰਧਰ ਨਿਗਮ ਤੋਂ ਪਲਾਸਟਿਕ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਸ਼ਹਿਰ ਦੇ ਕਈ ਡੰਪ ਸੰਸਥਾਨਾਂ ’ਤੇ ਪ੍ਰੋਸੈਸਿੰਗ ਦੀਆਂ ਛੋਟੀਆਂ ਮਸ਼ੀਨਾਂ ਲਾਉਣ ਦੀ ਪਲਾਨਿੰਗ ਵੀ ਅਜੇ ਤਕ ਸਿਰੇ ਨਹੀਂ ਚੜ੍ਹ ਪਾਈ ਹੈ। ਨਿਗਮ ਦਾ ਵੇਸਟ ਐਂਡ ਡਿਮੋਲਿਸ਼ਨ ਪਲਾਂਟ ਵੀ ਸਹੀ ਢੰਗ ਨਾਲ ਕੰਮ ਨਹੀਂ ਕਰ ਪਾ ਰਿਹਾ। ਜਮਸ਼ੇਰ ਵਿਚ ਲੱਗਣ ਜਾ ਰਹੇ ਬਾਇਓ-ਗੈਸ ਪਲਾਂਟ ਵਿਚ ਵੀ ਨਿਗਮ 40 ਟਨ ਗਿੱਲੇ ਕੂੜੇ ਨੂੰ ਰੋਜ਼ ਪ੍ਰੋਸੈੱਸ ਕਰਨਾ ਚਾਹ ਰਿਹਾ ਹੈ ਪਰ ਉਹ ਪਲਾਂਟ ਅਜੇ ਤਕ ਚਾਲੂ ਨਹੀਂ ਹੋਇਆ।

ਨਗਰ ਨਿਗਮ ਨੇ ਸਿਰਫ਼ ਦਿਖਾਵੇ ਲਈ ਪਿਟ ਕੰਪੋਸਟਿੰਗ ਯੂਨਿਟ ਵਿਚ ਕੂੜੇ ਤੋਂ ਖਾਦ ਬਣਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਹੋਇਆ ਹੈ ਪਰ ਨੰਗਲਸ਼ਾਮਾ ਪਿਟਸ ਦਾ ਮਾਮਲਾ ਅਦਾਲਤ ਵਿਚ ਹੈ ਅਤੇ ਬਸਤੀ ਸ਼ੇਖ ਵਿਚ ਬਣੀ ਪਿਟਸ ਦੇ ਉੱਪਰ ਛੱਤ ਹੀ ਨਹੀਂ ਹੈ। ਸਿਰਫ ਦਕੋਹਾ, ਬੜਿੰਗ ਅਤੇ ਫੋਲੜੀਵਾਲ ਵਿਚ ਥੋੜ੍ਹੇ ਜਿਹੇ ਕੂੜੇ ਤੋਂ ਖਾਦ ਤਿਆਰ ਕੀਤੀ ਜਾ ਰਹੀ ਹੈ ਪਰ ਉਸਦਾ ਪ੍ਰੋਸੈੱਸ ਵੀ ਕਾਫੀ ਹੌਲੀ ਹੈ।
ਮੌਸਮ ਦੀ ਖ਼ਰਾਬੀ ਕਾਰਨ ਨਗਰ ਨਿਗਮ ਵਿੰਡ੍ਰੋਂ ਕੰਪੋਸਟਿੰਗ ਪ੍ਰਕਿਰਿਆ ਨਾਲ ਵੀ ਕੂੜੇ ਦੀ ਪ੍ਰੋਸੈਸਿੰਗ ਨਹੀਂ ਕਰ ਪਾ ਰਿਹਾ। ਇਸ ਤਰ੍ਹਾਂ ਕੂੜੇ ਦੀ ਮੈਨੇਜਮੈਂਟ ਨੂੰ ਲੈ ਕੇ ਨਗਰ ਨਿਗਮ ਦੀਆਂ ਸਾਰੀਆਂ ਯੋਜਨਾਵਾਂ ਫੇਲ ਹੁੰਦੀਆਂ ਜਾ ਰਹੀਆਂ ਹਨ। ਜੇਕਰ ਇਹ ਸਾਰਾ ਮਾਮਲਾ ਐੱਨ. ਜੀ. ਟੀ. ਦੇ ਧਿਆਨ ਵਿਚ ਆ ਿਗਆ ਤਾਂ ਨਿਗਮ ਨੂੰ ਲੈਣੇ ਦੇ ਦੇਣੇ ਪੈ ਸਕਦੇ ਹਨ।

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੇ ਵੀ ਨਿਗਮ ਅਧਿਕਾਰੀਆਂ ਨੂੰ ਕੀਤਾ ਤਲਬ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਐੱਨ. ਜੀ. ਟੀ. ਵੱਲੋਂ ਨਿਯੁਕਤ ਕੀਤੀ ਗਈ ਨੋਡਲ ਏਜੰਸੀ ਹੈ, ਜਿਸ ਜ਼ਰੀਏ ਜਲੰਧਰ ਨਿਗਮ ਨੂੰ ਕੂੜੇ ਦੀ ਮੈਨੇਜਮੈਂਟ ਆਦਿ ਨਾਲ ਸਬੰਧਤ ਜਵਾਬ ਦੇਣੇ ਹੁੰਦੇ ਹਨ। ਪਿਛਲੇ ਦਿਨੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੇ ਵੀ ਨਿਗਮ ਅਧਿਕਾਰੀਆਂ ਨੂੰ ਤਲਬ ਕਰ ਕੇ ਕੂੜੇ ਦੀ ਪ੍ਰੋਸੈਸਿੰਗ ਆਦਿ ਬਾਰੇ ਵਿਸਥਾਰਿਤ ਰਿਪੋਰਟ ਤਲਬ ਕੀਤੀ। ਉਸ ਮੀਟਿੰਗ ਦੌਰਾਨ ਜਲੰਧਰ ਨਿਗਮ ਦੀ ਕਾਰਜਸ਼ੈਲੀ ਨੂੰ ਲੈ ਕੇ ਬੋਰਡ ਚੇਅਰਮੈਨ ਨੇ ਸਾਫ਼ ਸ਼ਬਦਾਂ ਵਿਚ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਅਜਿਹੀ ਸਥਿਤੀ ਵਿਚ ਐੱਨ. ਜੀ. ਟੀ. ਵੱਲੋਂ ਕੋਈ ਵੀ ਸਖ਼ਤ ਫੈਸਲਾ ਲਿਆ ਜਾ ਸਕਦਾ ਹੈ। ਪਤਾ ਲੱਗਾ ਹੈ ਕਿ ਬੋਰਡ ਦੇ ਚੇਅਰਮੈਨ ਨੇ ਵੀ ਨਿਗਮ ਅਧਿਕਾਰੀਆਂ ਨੂੰ ਲਿਖਤੀ ਜਵਾਬ ਦੇਣ ਲਈ ਕਿਹਾ ਹੈ।

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਦੇ ਮੇਲੇ ਨੂੰ ਲੈ ਕੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਜਾਰੀ ਹੋਏ ਇਹ ਦਿਸ਼ਾ-ਨਿਰਦੇਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News