ਵਿਆਜ-ਪੈਨਲਟੀ ਮੁਆਫ਼ੀ ਦੇ ਬਾਵਜੂਦ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾ ਰਹੇ ਲੋਕ
Wednesday, Dec 20, 2023 - 01:09 PM (IST)
ਲੁਧਿਆਣਾ (ਹਿਤੇਸ਼) : ਮਹਾਨਗਰ ਦੇ 70 ਹਜ਼ਾਰ ਤੋਂ ਜ਼ਿਆਦਾ ਲੋਕ ਵਿਆਜ-ਪੈਨਲਟੀ ਦੀ ਮੁਆਫ਼ੀ ਦੇ ਬਾਵਜੂਦ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਨੂੰ ਤਿਆਰ ਨਹੀਂ ਹਨ। ਇਹ ਖ਼ੁਲਾਸਾ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਚਾਰੇ ਜ਼ੋਨਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਹੋਇਆ ਹੈ।
ਇਸ ਦੇ ਮੁਤਾਬਕ ਨਗਰ ਨਿਗਮ ਵੱਲੋਂ ਕਰਵਾਏ ਗਏ ਜੀ. ਆਈ. ਐੱਸ. ਸਰਵੇ ਵਿਚ 4.26 ਯੂਨਿਟ ਸਾਹਮਣੇ ਆਏ ਸਨ, ਜਿਨ੍ਹਾਂ ਵਿਚ 3.60 ਲੋਕਾਂ ਵੱਲੋਂ ਹੀ 2013 ਦੀ ਪ੍ਰਾਪਰਟੀ ਟੈਕਸ ਰਿਟਰਨ ਦਾਖ਼ਲ ਕੀਤੀ ਗਈ ਹੈ।
ਭਾਵੇਂ ਇਨ੍ਹਾਂ ਲੋਕਾਂ ਦੀ ਸੁਵਿਧਾ ਲਈ ਸਰਕਾਰ ਵੱਲੋਂ ਵਿਆਜ-ਪੈਨਲਟੀ ਦੀ ਮੁਆਫ਼ੀ ਦੀ ਸਕੀਮ ਲਾਗੂ ਕੀਤੀ ਗਈ ਹੈ ਪਰ ਇਸ ਦੌਰਾਨ ਵੀ 70 ਹਜ਼ਾਰ ਤੋਂ ਜ਼ਿਆਦਾ ਲੋਕ ਬਕਾਇਆ ਟੈਕਸ ਜਮ੍ਹਾਂ ਕਰਵਾਉਣ ਲਈ ਅੱਗੇ ਨਹੀਂ ਆਏ, ਜਿਸ ਦਾ ਅੰਕੜਾ ਲਗਭਗ 50 ਕਰੋੜ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਲੋਕਾਂ ਨੂੰ ਮਿਲਣ ਵਾਲੀ ਵਿਆਜ-ਪੈਨਲਟੀ ਦੀ ਮੁਆਫ਼ੀ 31 ਦਸੰਬਰ ਤੋਂ ਬਾਅਦ ਅੱਧੀ ਹੋ ਜਾਵੇਗੀ।