ਨਵੀਂ ਟਰਾਂਸਪੋਰਟ ਨੀਤੀ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਹੱਕ ''ਚ : ਐਕਸ਼ਨ ਕਮੇਟੀ
Sunday, Aug 06, 2017 - 07:58 AM (IST)
ਮੋਗਾ (ਗਰੋਵਰ/ਗੋਪੀ) - ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੀ ਸੂਬਾਈ ਮੀਟਿੰਗ ਸਾਥੀ ਗੁਰਦੇਵ ਸਿੰਘ ਐਕਟਿੰਗ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਾਮਰੇਡ ਸਤੀਸ਼ ਲੂੰਬਾ ਭਵਨ ਮੋਗਾ 'ਚ ਹੋਈ। ਇਸ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਕਾ. ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਕਿ ਪ੍ਰਸਤਾਵਿਤ ਨਵੀਂ ਟਰਾਂਸਪੋਰਟ ਨੀਤੀ ਬਾਰੇ ਜਥੇਬੰਦੀ ਚਿੰਤਾ ਜ਼ਾਹਿਰ ਕਰਦੀ ਹੈ ਕਿਉਂਕਿ ਨੈਸ਼ਨਲ ਹਾਈਵੇਜ਼ ਉਪਰ ਸਰਕਾਰੀ ਟਰਾਂਸਪੋਰਟ ਦਾ ਕੋਟਾ 25 ਫੀਸਦੀ ਤੋਂ ਘੱਟ ਕਰਨਾ ਅਤੇ ਸਟੇਟ ਹਾਈਵੇਜ਼ ਉਪਰ ਪਹਿਲੀ ਸਰਕਾਰ ਦੀ ਪਾਲਿਸੀ ਮੁਤਾਬਕ ਸਰਕਾਰੀ ਅਤੇ ਪ੍ਰਾਈਵੇਟ ਦੀ ਰੇਸ਼ੋ 40:60 'ਤੇ ਮੋਹਰ ਲਾਉਣ ਨਾਲ ਇਹ ਪਬਲਿਕ ਅਦਾਰਾ ਹੋਰ ਵੀ ਘਾਟੇ 'ਚ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. 'ਚ ਵੱਡੀ ਪੱਧਰ 'ਤੇ ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਦਾ ਫੈਸਲਾ ਵੀ ਪ੍ਰਾਈਵੇਟ ਲਾਬੀ ਨੂੰ ਉਤਸ਼ਾਹਿਤ ਕਰਨ ਵਾਲਾ ਫੈਸਲਾ ਹੈ। ਇਸ ਨਾਲ ਸਰਕਾਰੀ ਟਰਾਂਸਪੋਰਟ ਅੰਦਰ ਕੰਮ ਕਰਦੇ ਡਰਾਈਵਰਾਂ ਅਤੇ ਵਰਕਸ਼ਾਪ ਸਟਾਫ਼ ਦੀਆਂ ਪੋਸਟਾਂ ਖਤਮ ਹੋ ਜਾਣਗੀਆਂ, ਜੋ ਕਿ ਕੈਪਟਨ ਸਰਕਾਰ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਖਿਲਾਫ਼ ਹੈ। ਮੀਟਿੰਗ 'ਚ ਉਨ੍ਹਾਂ ਫੈਸਲਾ ਕੀਤਾ ਕਿ ਨਵੀਂ ਟਰਾਂਸਪੋਰਟ ਪਾਲਿਸੀ ਖਿਲਾਫ਼ ਅਤੇ ਪਨਬੱਸ ਮੁਲਾਜ਼ਮਾਂ ਨੂੰ ਰੈਗੂਲਰ ਕਰਵਾਉਣ ਲਈ 9 ਅਗਸਤ ਅਤੇ 21 ਅਗਸਤ ਨੂੰ ਪੰਜਾਬ ਦੇ 18 ਡਿਪੂਆਂ ਉਪਰ ਗੇਟ ਰੈਲੀਆਂ ਕੀਤੀਆਂ ਜਾਣਗੀਆਂ। 23 ਅਗਸਤ ਨੂੰ ਜਲੰਧਰ ਬੱਸ ਸਟੈਂਡ 'ਤੇ ਰੋਸ ਰੈਲੀ ਕੀਤੀ ਜਾਵੇਗੀ, ਜੇਕਰ ਸਰਕਾਰ ਨੇ ਐਕਸ਼ਨ ਕਮੇਟੀ ਵੱਲੋਂ ਦਿੱਤੇ ਇਤਾਰਾਜ਼ਾਂ ਉਪਰ ਮੀਟਿੰਗ ਬੁਲਾ ਕੇ ਜਲਦੀ ਇਤਰਾਜ਼ ਦੂਰ ਨਾ ਕੀਤੇ ਤਾਂ 24 ਅਗਸਤ ਦੀ ਰੈਲੀ 'ਚ ਕਿਸੇ ਸਖ਼ਤ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਸਾਥੀ ਚਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰੀ ਹੋਈ ਚੁੱਪ ਖਿਲਾਫ਼ 12 ਅਗਸਤ ਨੂੰ ਜਲੰਧਰ ਵਿਖੇ ਸਮਰਾ ਹਾਲ 'ਚ ਵਿਸ਼ਾਲ ਕਨਵੈਨਸ਼ਨ ਕੀਤੀ ਜਾਵੇਗੀ।
