ਨਵੇਂ ਟਿਕਟ ਕਾਊਂਟਰਾਂ ਦੀ ਭੇਟ ਚੜ੍ਹਿਆ ''ਉਡੀਕ ਘਰ''

05/26/2018 5:17:23 AM

ਅੰਮ੍ਰਿਤਸਰ, (ਜਸ਼ਨ)- ਗੁਰੂ ਕੀ ਨਗਰੀ ਦਾ ਰੇਲਵੇ ਸਟੇਸ਼ਨ ਉਂਝ ਤਾਂ ਦੇਸ਼ ਦੇ ਚੋਣਵੇਂ ਉੱਚ ਵਰਗ ਤੇ ਮਾਡਲ ਰੇਲਵੇ ਸਟੇਸ਼ਨਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ ਪਰ ਇਥੇ ਆਮ ਵਰਗ ਦੇ ਰੇਲ ਯਾਤਰੀਆਂ ਲਈ ਸੁਵਿਧਾਵਾਂ ਜ਼ੀਰੋ ਹੀ ਹਨ। ਇਹ ਨਹੀਂ, ਇਸ ਸਾਰੀ ਹਾਲਤ ਤੋਂ ਰੇਲਵੇ ਦੇ ਉੱਚ ਅਧਿਕਾਰੀ ਵੀ ਜਾਣੂ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਇਸ ਪ੍ਰਤੀ ਅਜੇ ਤੱਕ ਚੁੱਪ ਧਾਰੀ ਰੱਖੀ, ਜੋ ਕਈ ਤਰ੍ਹਾਂ ਦੇ ਪ੍ਰਸ਼ਨਾਂ ਨੂੰ ਜਨਮ ਦੇ ਰਿਹਾ ਹੈ। ਰੇਲਵੇ ਨੇ ਬੀਤੇ ਕੁਝ ਸਮਾਂ ਪਹਿਲਾਂ ਪੁਰਾਣੇ ਟਿਕਟ ਘਰ ਨੂੰ ਬੰਦ ਕਰ ਕੇ ਇਥੇ ਇਸ ਹਾਲ ਵਿਚ ਨਵਾਂ ਟਿਕਟ ਘਰ ਖੋਲ੍ਹ ਦਿੱਤਾ, ਜਿਸ ਵਿਚ ਉਨ੍ਹਾਂ ਨੇ 6 ਟਿਕਟ ਵਿੰਡੋ ਬਣਾ ਦਿੱਤੇ, ਇਨ੍ਹਾਂ ਟਿਕਟ ਕਾਊਂਟਰਾਂ 'ਤੇ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਦਿਨ-ਰਾਤ ਲੱਗੀਆਂ ਰਹਿੰਦੀਆਂ ਹਨ। ਇਸ ਕਰ ਕੇ ਉਕਤ ਆਮ ਵਰਗ ਨੂੰ ਉਡੀਕ ਘਰ 'ਚ ਬੈਠਣ ਦੀ ਜਗ੍ਹਾ ਤੱਕ ਨਹੀਂ ਮਿਲਦੀ, ਜਿਸ ਕਾਰਨ ਲੋਕਾਂ ਨੂੰ ਮਜਬੂਰੀਵੱਸ ਤਪਦੀ ਗਰਮੀ ਵਿਚ ਬਾਹਰ ਖੁੱਲ੍ਹੇ ਆਸਮਾਨ ਹੇਠਾਂ ਬੈਠ ਕੇ ਰੇਲ ਗੱਡੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
ਇਕਮਾਤਰ ਉਡੀਕ ਘਰ ਬੰਦ
ਨਿਯਮ ਦੱਸਦੇ ਹਨ ਕਿ ਜੇਕਰ ਕੋਈ ਆਮ ਵਰਗ ਦਾ ਰੇਲ ਯਾਤਰੀ ਉਕਤ ਹਾਲ ਵਿਚ ਬੈਠ ਵੀ ਜਾਂਦਾ ਹੈ ਤਾਂ ਰੇਲਵੇ ਪੁਲਸ ਕਰਮਚਾਰੀ ਉਸ ਨੂੰ ਗੁੱਸੇ ਨਾਲ ਝਿੜਕ ਕੇ ਬਾਹਰ ਦਾ ਰਸਤਾ ਦਿਖਾ ਦਿੰਦੇ ਹਨ। ਟਿਕਟ ਕਾਊਟਰਾਂ 'ਤੇ ਲੰਬੀਆਂ-ਲੰਬੀਆਂ ਲਾਈਨਾਂ ਕਾਰਨ ਲੋਕਾਂ ਦਾ ਬੈਠਣਾ ਮੁਸ਼ਕਿਲ ਹੋ ਚੁੱਕਾ ਹੈ। ਜਗ ਬਾਣੀ ਨੂੰ ਕਈ ਪਾਠਕਾਂ ਨੇ ਦੱਸਿਆ ਕਿ ਸਟੇਸ਼ਨ 'ਤੇ ਆਮ ਵਰਗ ਦੇ ਲੋਕਾਂ ਲਈ ਬਣਿਆ ਇਕਮਾਤਰ ਉਡੀਕ ਘਰ ਲਗਭਗ ਬੰਦ ਹੀ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਲੋਕਾਂ ਨੂੰ ਹੁਣ ਸਟੇਸ਼ਨ ਦੇ ਬਾਹਰ ਖੁੱਲ੍ਹੇ ਆਸਮਾਨ ਦੇ ਹੇਠਾਂ ਹੀ ਦਿਨ ਅਤੇ ਰਾਤ ਭਰ ਰੁਕ ਕੇ ਆਪਣੀ ਗੱਡੀ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਜਿਸ ਕਰ ਕੇ ਹੁਣ ਇਸ ਤਪਦੀ ਗਰਮੀ 'ਚ ਕਈ ਲੋਕਾਂ ਦੀ ਸਿਹਤ ਕਾਫ਼ੀ ਵਿਗੜ ਰਹੀ ਹੈ ਅਤੇ ਕਈ ਤਾਂ ਬੀਮਾਰ ਵੀ ਹੋ ਚੁੱਕੇ ਹਨ।
ਟਿਕਟ ਦੇਣ ਵਾਲੇ ਸਟਾਫ ਦਾ ਮਾੜਾ ਰਵੱਈਆ
ਜਗ ਬਾਣੀ ਨੇ ਇਸ ਬਾਰੇ ਜਦੋਂ ਉਥੋਂ ਦਾ ਦੌਰਾ ਕੀਤਾ ਤਾਂ ਹਾਲਾਤ ਕਾਫ਼ੀ ਭਿਆਨਕ ਦਿਸੇ। ਉਥੇ ਟਿਕਟ ਕਾਊਂਟਰਾਂ 'ਤੇ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਇਸ ਦੌਰਾਨ ਰੇਲ ਯਾਤਰੀਆਂ ਵੰਦਨਾ ਗੁਪਤਾ, ਵਿਜੇ ਸੋਹੀ, ਨੇਹਾ, ਅਜੇ ਰਾਜਦਾਨ, ਵਿਵੇਕ ਸੋਹੀ, ਮਨਿੰਦਰ ਸਿੰਘ, ਜੁਗਰਾਜ ਸਿੰਘ, ਵਿਵੇਕ ਪ੍ਰਸਾਦ, ਰਾਮ ਲਾਲ ਆਦਿ ਨੇ ਕਿਹਾ ਕਿ ਇਥੇ ਟਿਕਟ ਦੇਣ ਵਾਲੇ ਸਟਾਫ ਦਾ ਰਵੱਈਆ ਵੀ ਬਹੁਤ ਮਾੜਾ ਹੈ। ਇਸ ਦੇ ਨਾਲ ਟਿਕਟ ਦੇਣ ਵਾਲੇ ਸਾਡੇ ਤੋਂ ਖੁੱਲ੍ਹੇ ਪੈਸਿਆਂ ਦੇ ਨਾਂ 'ਤੇ ਸਾਡਾ ਸ਼ੋਸ਼ਣ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਉਨ੍ਹਾਂ ਨੂੰ ਬਾਕੀ ਰਾਸ਼ੀ ਵਾਪਸ ਮੰਗਦੇ ਹਾਂ ਤਾਂ ਉਹ ਸਾਨੂੰ ਟਿਕਟ ਨਹੀਂ ਦਿੰਦੇ ਅਤੇ ਸਾਨੂੰ ਪੂਰੇ ਪੈਸੇ ਲੈ ਕੇ ਆਉਣ ਨੂੰ ਕਹਿੰਦੇ ਹਨ।PunjabKesari
ਅਕਸਰ ਬੰਦ ਰਹਿੰਦੀਆਂ ਨੇ ਸਵੈ-ਚਾਲਿਤ ਟਿਕਟ ਮਸ਼ੀਨਾਂ
ਕੁਝ ਹੋਰ ਯਾਤਰੀਆਂ ਨੇ ਜਗ ਬਾਣੀ ਨੂੰ ਦੱਸਿਆ ਕਿ ਇਥੇ ਰੇਲ ਪ੍ਰਸ਼ਾਸਨ ਨੇ 2 ਸਵੈ-ਚਾਲਿਤ ਟਿਕਟ ਮਸ਼ੀਨਾਂ (ਸਮਾਰਟ ਕਾਰਡ ਆਪ੍ਰੇਟਡ ਮਸ਼ੀਨਾਂ) ਲਾ ਰੱਖੀਆਂ ਹਨ ਪਰ ਇਨ੍ਹਾਂ 'ਚੋਂ ਇਕ ਤਾਂ ਹੈ ਤੇ ਦੂਜਾ ਇਨ੍ਹਾਂ ਥਾਵਾਂ 'ਤੇ ਰੇਲ ਪ੍ਰਸ਼ਾਸਨ ਨੇ ਆਪਣੇ ਕਿਸੇ ਕਰਮਚਾਰੀ ਦੀ ਡਿਊਟੀ ਨਹੀਂ ਲਾਈ, ਜੋ ਕਿ ਲੋਕਾਂ ਨੂੰ ਟਿਕਟ ਕੱਢਣ ਸਬੰਧੀ ਜਾਣਕਾਰੀ ਦੇ ਸਕੇ। ਇਸ ਕਾਰਨ ਅਨਪੜ੍ਹ ਤੇ ਆਮ ਲੋਕਾਂ ਨੂੰ ਅਜਿਹੀਆਂ ਮਸ਼ੀਨਾਂ ਦਾ ਕੀ ਫਾਇਦਾ? ਇਸ ਤਰ੍ਹਾਂ ਜਦੋਂ ਰੇਲਵੇ ਸਟੇਸ਼ਨ ਦੇ ਬਾਹਰੀ ਖੇਤਰ ਦਾ ਜਾਇਜ਼ਾ ਲਿਆ ਤਾਂ ਉਥੋਂ ਦੇ ਹਾਲਾਤ ਹੋਰ ਵੀ ਤਰਸਯੋਗ ਦਿਸੇ। ਉਥੇ ਆਮ ਵਰਗ ਦੇ ਲੋਕ ਦੁਪਹਿਰ ਅਤੇ ਸ਼ਾਮ ਵੇਲੇ ਤਪਦੀ ਗਰਮੀ 'ਚ ਸੜਕ 'ਤੇ ਖੁੱਲ੍ਹੇ ਆਸਮਾਨ ਹੇਠਾਂ ਆਪਣਾ ਸਾਮਾਨ ਰੱਖ ਕੇ ਆਪਣੀ ਗੱਡੀ ਦਾ ਇੰਤਜ਼ਾਰ ਕਰ ਰਹੇ ਸਨ। ਅਜਿਹੇ ਲੋਕਾਂ ਦਾ ਹਜੂਮ ਰੇਲਵੇ ਸਟੇਸ਼ਨ ਦੇ ਮੁੱਖ ਗੇਟ ਤੱਕ ਲੱਗਾ ਹੋਇਆ ਸੀ। ਇਸ ਸਬੰਧੀ ਰੇਲ ਯਾਤਰੀ ਰਾਮ ਮੂਰਤੀ, ਦਿਨੇਸ਼ ਪ੍ਰਸਾਦ, ਰਾਮ ਲੱਲਾ, ਪ੍ਰਾਰਥਨਾ ਪ੍ਰਸਾਦ, ਰਮੇਸ਼ ਸ਼ੁਕਲਾ ਤੇ ਕਈ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਯੂ. ਪੀ ਤੇ ਬਿਹਾਰ ਜਾਣਾ ਹੈ, ਪਤਾ ਕਰਨ 'ਤੇ ਜਾਣਕਾਰੀ ਮਿਲੀ ਕਿ ਸਾਡੀ ਰੇਲ ਗੱਡੀ 6 ਤੋਂ 8 ਘੰਟੇ ਦੇਰੀ ਨਾਲ ਹੈ, ਹੁਣ ਸਾਨੂੰ ਖੁੱਲ੍ਹੇ ਆਸਮਾਨ ਹੇਠਾਂ ਹੀ ਬੈਠ ਕੇ ਰਾਤ ਗੁਜ਼ਾਰਨੀ ਪਵੇਗੀ। 
ਕੀ ਕਹਿੰਦੇ ਹਨ ਅਧਿਕਾਰੀ?
ਇਸ ਬਾਰੇ ਰੇਲਵੇ ਸਟੇਸ਼ਨ ਦੇ ਕਈ ਉੱਚ ਅਧਿਕਾਰੀਆਂ ਤੋਂ ਪ੍ਰਤੀਕਿਰਿਆ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਸਾਰਿਆਂ ਨੇ ਇਸ ਪ੍ਰਤੀ ਕੁਝ ਵੀ ਕਹਿਣ ਦੀ ਬਜਾਏ ਚੁੱਪ ਧਾਰ ਲਈ ਪਰ ਇਕ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਟਿਕਟ ਕਾਊਂਟਰ ਵਾਲਿਆਂ ਵੱਲੋਂ ਲੋਕਾਂ ਨਾਲ ਮਾੜਾ ਵਿਵਹਾਰ ਕਰਨ ਦੇ ਮਾਮਲੇ ਦੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਵਿਭਾਗ ਆਪਣੇ ਪੱਧਰ 'ਤੇ ਕਾਰਵਾਈ ਵੀ ਕਰਦਾ ਹੈ ਪਰ ਉਨ੍ਹਾਂ ਮੰਨਿਆ ਕਿ 
ਹਾਲਾਤ ਅਜੇ ਜਿਉਂ ਦੇ ਤਿਉਂ ਹਨ। ਉਥੇ ਹੀ ਉਨ੍ਹਾਂ ਕਿਹਾ ਕਿ ਉਥੇ ਟਿਕਟ ਘਰ ਖੋਲ੍ਹਣ ਦੇ ਆਦੇਸ਼ ਹਾਈਕਮਾਨ ਦੇ ਸਨ, ਇਸ ਬਾਰੇ ਉਹੀ ਕੁਝ ਕਰ ਸਕਦੇ ਹਨ।


Related News