ਸਖਤੀ ਦੇ ਮੂਡ ’ਚ ਆਏ ਨਵੇਂ ਨਗਰ ਨਿਗਮ ਕਮਿਸ਼ਨਰ

Thursday, Aug 02, 2018 - 06:59 AM (IST)

ਸਖਤੀ ਦੇ ਮੂਡ ’ਚ ਆਏ ਨਵੇਂ ਨਗਰ ਨਿਗਮ ਕਮਿਸ਼ਨਰ

ਜਲੰਧਰ, (ਖੁਰਾਣਾ)- ਡਾ. ਬਸੰਤ ਗਰਗ ਦੇ ਜਾਣ ਤੋਂ ਬਾਅਦ  ਅਹੁਦਾ ਸੰਭਾਲਣ ਵਾਲੇ ਨਵੇਂ ਨਗਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਆਉਂਦਿਅਾਂ ਹੀ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਕਈ ਵਿਭਾਗਾਂ ਦੇ ਸਕਰਿਊ ਟਾਈਟ ਕਰ ਕੇ ਟੈਕਸ ਡਿਫਾਲਟਰਾਂ ਨੂੰ ਸੰਕੇਤ ਦੇ ਦਿੱਤੇ ਹਨ ਕਿ ਹੁਣ ਟੈਕਸ ਨਾ ਭਰਨ ਵਾਲਿਅਾਂ ਦੀ  ਖੈਰ ਨਹੀਂ। 
ਨਿਗਮ ਕਮਿਸ਼ਨਰ ਨੇ ਪਿਛਲੇ ਦਿਨੀਂ ਤੇ ਅੱਜ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਦੀਅਾਂ ਬੈਠਕਾਂ ਲੈ ਕੇ ਸਟਾਫ ਨੂੰ ਵਸੂਲੀ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਾਰੇ  ਵਿਭਾਗ ਪ੍ਰਧਾਨਾਂ ਨੂੰ ਵੀ ਸਾਫ ਨਿਰਦੇੇਸ਼ ਦਿੱਤੇ ਕਿ ਫੀਲਡ ਸਟਾਫ ਦਾ ਟੀਚਾ ਮਿੱਥ ਕੇ ਪੁਰਾਣੇ ਬਕਾਇਅਾਂ ਤੇ ਮੌਜੂਦਾ ਟੈਕਸਾਂ ਦੀ ਵਸੂਲੀ ਤੇਜ਼ ਕੀਤੀ ਜਾਵੇ। 
ਪ੍ਰਾਪਰਟੀ ਟੈਕਸ  ਸ਼ਾਖਾ ਨੇ ਲਾਈਅਾਂ ਦੋ ਸੀਲਾਂ ਦੋਵਾਂ ਡਿਫਾਲਟਰਾਂ ਨੇ ਜਮ੍ਹਾ ਕਰਵਾਏ 5 ਲੱਖ
ਨਵੇਂ ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੇ ਪ੍ਰਾਪਰਟੀ ਟੈਕਸ  ਸ਼ਾਖਾ ਵਿਚ ਜੋ ਵਸੂਲੀ ਮੁਹਿੰਮ ਚਲਾਈ ਹੈ, ਉਸਦੇ ਤਹਿਤ ਸੁਪਰਿੰਟੈਂਡੈਂਟ ਮਹੀਪ ਸਰੀਨ ਅਤੇ ਰਾਜੀਵ ਰਿਸ਼ੀ ਦੀ ਅਗਵਾਈ ਵਿਚ ਗਈ ਟੀਮ ਨੇ ਸਵੇਰੇ ਲਿੰਕ ਰੋਡ ’ਤੇ ਸਥਿਤ ਇਕ ਕਲੀਨਿਕ ਤੇ ਭਗਤ ਸਿੰਘ ਚੌਕ ਕੋਲ ਇਕ ਗੈਸਟ ਹਾਊਸ ਨੂੰ ਸੀਲ ਕਰ ਦਿੱਤਾ। ਦੋਵਾਂ ਡਿਫਾਲਟਰਾਂ ਨੇ ਸੀਲ ਖੁਲ੍ਹਵਾਉਣ ਲਈ ਨਿਗਮ ਦੇ ਖਜ਼ਾਨੇ ਵਿਚ 5 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਜ਼ਿਕਰਯੋਗ ਹੈ ਕਿ ਪ੍ਰਾਪਰਟੀ ਟੈਕਸ ਦੇ ਹਜ਼ਾਰਾਂ ਡਿਫਾਲਟਰ ਕਈ ਸਾਲਾਂ ਤੋਂ ਨਿਗਮ ਨੂੰ ਟੈਕਸ ਨਹੀਂ ਦੇ ਰਹੇ। ਜੇਕਰ ਸੀਲਿੰਗ ਮੁਹਿੰਮ ਹੋਰ ਤੇਜ਼ ਕੀਤੀ ਜਾਵੇ ਤਾਂ ਨਿਗਮ ਨੂੰ ਕਰੋੜਾਂ ਰੁਪਏ ਅਾਮਦਨ ਹੋ ਸਕਦੀ ਹੈ। 
ਸਵੇਰੇ ਕੂੜੇ ਦੇ ਪਹਾੜਾਂ ’ਤੇ ਚੜ੍ਹ ਗਏ ਨਿਗਮ ਕਮਿਸ਼ਨਰ ਨਿਗਮ ਦੀ ਵਰਕਸ਼ਾਪ ਜਾ ਕੇ ਸਾਰਾ ਸਿਸਟਮ ਵੇਖਿਆ
ਨਵੇਂ ਨਗਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਅੱਜ ਫਿਰ ਫੀਲਡ ਵਿਚ ਉਤਰ ਕੇ ਸਵੇਰੇ-ਸਵੇਰੇ ਨਗਰ ਨਿਗਮ ਦੀ ਲੰਮਾ ਪਿੰਡ ਸਥਿਤ ਵਰਕਸ਼ਾਪ ਅਤੇ ਵਰਿਆਣਾ ਸਥਿਤ ਕੂੜੇ ਦੇ ਮੇਨ ਡੰਪ ਦਾ ਦੌਰਾ ਕੀਤਾ। ਵਰਕਸ਼ਾਪ ਵਿਚ ਗੱਡੀਅਾਂ ਦੀ ਸਥਿਤੀ, ਉਨ੍ਹਾਂ ਦੇ ਚੱਲਣ ਦਾ ਸਿਸਟਮ ਤੇ ਤੇਲ ਦੀ ਵੰਡ ਆਦਿ ਦੀ ਜਾਂਚ ਕਰਨ ਤੋਂ ਬਾਅਦ ਵਰਿਆਣਾ ਪਹੁੰਚੇ ਨਗਰ ਨਿਗਮ ਕਮਿਸ਼ਨਰ ਕੂੜੇ ਦੇ ਉੱਚੇ-ਉੱਚੇ ਪਹਾੜਾਂ ’ਤੇ ਚੜ੍ਹ ਗਏ ਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਹੈਲਥ ਕਮਿਸ਼ਨਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਵੀ ਸਨ।
ਪੈਰਾਡਾਈਜ਼ ਕਾਲੋਨੀ ਵੱਲ ਖੁੱਲ੍ਹਦੇ ਨਾਜਾਇਜ਼ ਗੇਟ ਨਿਗਮ ਵਲੋਂ ਸੀਲ
ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਅੱਜ ਹੁਸ਼ਿਆਰਪੁਰ ਰੋਡ ’ਤੇ ਪੈਂਦੀ ਪੈਰਾਡਾਈਜ਼ ਕਾਲੋਨੀ ਵੱਲ ਖੁੱਲ੍ਹਦੇ ਨਾਜਾਇਜ਼ ਗੇਟਾਂ ਨੂੰ ਸੀਲ ਕਰ ਦਿੱਤਾ । ਜ਼ਿਕਰਯੋਗ ਹੈ ਕਿ ਇਸ ਕਾਲੋਨੀ ਵੱਲ ਜਾਂਦੀ ਮੇਨ ਸੜਕ ਦੇ ਕਿਨਾਰੇ ਕੁਝ ਫੈਕਟਰੀ ਮਾਲਕਾਂ ਨੇ ਆਪਣੇ ਪਿਛਲੇ ਗੇਟ ਕਾਲੋਨੀ ਦੀ ਸੜਕ ਵੱਲ ਖੋਲ੍ਹ ਲਏ ਸਨ। ਜਿਸ ’ਤੇ ਕਾਲੋਨੀ ਵਾਸੀਅਾਂ ਦੀ ਐਸੋ. ਨੇ ਇਤਰਾਜ਼ ਜਤਾਇਆ ਸੀ। ਮਾਮਲਾ ਵਿਧਾਇਕ ਬਾਵਾ ਹੈਨਰੀ ਕੋਲ ਵੀ ਪਹੁੰਚਿਆ ਸੀ। ਜਿਨ੍ਹਾਂ ਨੇ ਕਾਲੋਨੀ ਵਾਸੀਅਾਂ ਦਾ ਪੱਖ ਲੈਂਦਿਅਾਂ ਨਾਜਾਇਜ਼ ਗੇਟਾਂ ਨੂੰ ਸੀਲ ਕਰਨ  ਦੇ ਨਿਰਦੇਸ਼ ਦਿੱਤੇ ਸਨ। ਮੇਅਰ ਤੇ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਅੱਜ ਨਿਗਮ ਟੀਮ ਨੇ ਅੱਜ ਕਾਲੋਨੀ ਵੱਲ ਖੁੱਲ੍ਹਣ ਵਾਲੇ ਪੰਜ ਗੇਟਾਂ ਨੂੰ ਸੀਲ ਕਰ ਦਿੱਤਾ। ਇਸ ਦੌਰਾਨ ਫੈਕਟਰੀ ਮਾਲਕਾਂ ਨੇ ਨਿਗਮ ਦੀ ਕਾਰਵਾਈ ਦਾ ਵਿਰੋਧ ਜਤਾਉਂਦਿਅਾਂ ਕਿਹਾ ਕਿ ਇਹ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ। ਨਿਗਮ ਨੇ ਬਿਨਾਂ ਕੋਈ ਨੋਟਿਸ ਦਿੱਤਿਅਾਂ ਗੇਟ ਸੀਲ ਕਰ ਦਿੱਤੇ ਹਨ ਜੋ ਕਿ ਸਰਾਸਰ  ਧੱਕੇਸ਼ਾਹੀ ਹੈ। ਇਲਾਕੇ ਦੇ ਕੌਂਸਲਰ ਨਿਰਮਲ ਸਿੰਘ ਨਿੰਮਾ ਨੇ ਵੀ ਨਿਗਮ ਦੀ ਕਾਰਵਾਈ ਨੂੰ ਸਹੀ ਕਰਾਰ ਦਿੰਦਿਅਾਂ  ਕਿਹਾ ਕਿ  ਫੈਕਟਰੀ ਮਾਲਕਾਂ ਦੇ ਆਉਣ-ਜਾਣ ਦਾ ਰਸਤਾ ਦੂਜਾ ਹੈ ਜਦੋਂ ਕਿ ਇਸ ਰਸਤੇ ਦੀ ਵਰਤੋਂ ਵੱਡੇ ਵਾਹਨਾਂ ਨਾਲ ਸਾਮਾਨ ਲਿਆਉਣ ਲਿਜਾਣ ਲਈ ਕੀਤੀ ਜਾ ਰਹੀ ਸੀ। 
ਵਾਟਰ ਟੈਕਸ ਦੇ 500 ਡਿਫਾਲਟਰਾਂ ਨੂੰ ਨੋਟਿਸ ਜਾਰੀ
ਨਿਗਮ ਕਮਿਸ਼ਨਰ  ਨੇ ਵਾਟਰ ਸਪਲਾਈ ਵਿਭਾਗ ਦੀ ਬੈਠਕ ਕਰਕੇ ਪੁਰਾਣੇ  ਬਕਾਏ ਵਸੂਲਣ ਦੇ ਜੋ ਨਿਰਦੇਸ਼ ਦਿੱਤੇ ਸਨ, ਉਨ੍ਹਾਂ ’ਤੇ ਅਮਲ ਕਰਦਿਅਾਂ ਵਾਟਰ ਟੈਕਸ ਵਿਭਾਗ ਨੇ 500 ਡਿਫਾਲਟਰਾਂ ਨੂੰ ਨੋਟਿਸ ਸਰਵ ਕਰ ਦਿੱਤੇ ਹਨ ਤੇ ਧੜਾਧੜ ਪੈਸੇ ਆਉਣੇ ਵੀ ਸ਼ੁਰੂ ਹੋ ਗਏ ਹਨ। ਅੱਜ ਬਕਾਇਅਾਂ ਦੇ ਰੂਪ ਵਿਚ ਹੀ 3 ਲੱਖ ਦੀ ਰਕਮ ਇੱਕਠੀ ਹੋਈ ਜੋ ਮੌਜੂਦਾ ਬਿੱਲਾਂ ਦੀ ਰਕਮ ਤੋਂ ਵੱਖਰੀ ਸੀ। ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਜੋ ਡਿਫਾਲਟਰ ਪੈਸੇ ਨਹੀਂ ਦਿੰਦੇ ਉਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਜਾਣ। 


Related News