ਪਿਆਕੜਾਂ ਲਈ ਚੰਗੀ ਖ਼ਬਰ: ਰੇਟ ਲਿਸਟ ਤਿਆਰ, ਹੁਣ ਮਹਾਨਗਰ ਜਲੰਧਰ ’ਚ 24 ਘੰਟੇ ਵਿਕੇਗੀ ਸ਼ਰਾਬ

Saturday, Jul 02, 2022 - 05:39 PM (IST)

ਪਿਆਕੜਾਂ ਲਈ ਚੰਗੀ ਖ਼ਬਰ: ਰੇਟ ਲਿਸਟ ਤਿਆਰ, ਹੁਣ ਮਹਾਨਗਰ ਜਲੰਧਰ ’ਚ 24 ਘੰਟੇ ਵਿਕੇਗੀ ਸ਼ਰਾਬ

ਜਲੰਧਰ (ਪੁਨੀਤ)–ਨਵੀਂ ਐਕਸਾਈਜ਼ ਪਾਲਿਸੀ ਤਹਿਤ ਠੇਕਿਆਂ ’ਚ ਆਈ ਰੇਟ ਲਿਸਟ ਮੁਤਾਬਕ ਸ਼ਰਾਬ ਦੀਆਂ ਕੀਮਤਾਂ ਵਿਚ 30 ਤੋਂ 40 ਫ਼ੀਸਦੀ ਤੱਕ ਵੱਡੀ ਗਿਰਾਵਟ ਦਰਜ ਹੋਈ ਹੈ। ਉਥੇ ਹੀ, ਸ਼ਰਾਬ ਦੀ ਵਿਕਰੀ ਲਈ ਬਣਾਏ ਗਏ ਨਿਯਮ ਮੁਤਾਬਕ ਮਹਾਨਗਰ ਵਿਚ 24 ਘੰਟੇ ਸ਼ਰਾਬ ਦੀ ਵਿਕਰੀ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਖੁੱਲ੍ਹਣ ਵਾਲੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿਚ ਵੀ ਵਾਧਾ ਦਰਜ ਹੋਇਆ ਹੈ, ਜਿਸ ਤਹਿਤ ਸ਼ਨੀਵਾਰ ਤੋਂ ਜਲੰਧਰ ਜ਼ਿਲ੍ਹੇ ਅੰਦਰ 300 ਤੋਂ ਵੱਧ ਸ਼ਰਾਬ ਦੇ ਠੇਕੇ ਖੁੱਲ੍ਹ ਜਾਣਗੇ। ਐਕਸਾਈਜ਼ ਮਹਿਕਮੇ ਵੱਲੋਂ ਟੈਂਡਰ ਲਾਉਣ ਦੀ ਮਿਆਦ ਇਕ ਦਿਨ ਵਧਾਉਣ ਨਾਲ ਸ਼ਨੀਵਾਰ ਸ਼ਾਮ ਨੂੰ ਠੇਕਿਆਂ ਦੀ ਗਿਣਤੀ ਵਧਣ ਦੇ ਆਸਾਰ ਹਨ ਕਿਉਂਕਿ 30 ਜੂਨ ਨੂੰ ਮਹਿਕਮੇ ਵੱਲੋਂ ਸਮਾਂ ਵਧਾਉਣ ਕਰਕੇ ਪੰਜਾਬ ਵਿਚ 35 ਨਵੇਂ ਗਰੁੱਪ ਸੇਲ ਹੋਏ ਹਨ। ਇਸ ਵਿਚ ਜਲੰਧਰ ਜ਼ੋਨ ਦੇ 9 ਗਰੁੱਪਾਂ ਲਈ ਸਫ਼ਲ ਟੈਂਡਰ ਹੋਏ ਹਨ।

ਜ਼ਿਲ੍ਹੇ ਵਿਚ ਸ਼ੁੱਕਰਵਾਰ ਫਿਲੌਰ ਗਰੁੱਪ ਲਈ ਸਫ਼ਲ ਟੈਂਡਰ ਹੋਇਆ, ਜਿਸ ਤਹਿਤ 36 ਠੇਕੇ ਖੋਲ੍ਹਣ ਦੀ ਵਿਵਸਥਾ ਕੀਤੀ ਗਈ ਹੈ। ਮਹਾਨਗਰ ਵਿਚ ਜਿਹੜੇ ਸਫ਼ਲ ਟੈਂਡਰ ਹੋਏ ਹਨ, ਉਨ੍ਹਾਂ ਵਿਚ ਰੇਲਵੇ ਸਟੇਸ਼ਨ, ਜੋਤੀ ਚੌਂਕ, ਲੰਮਾ ਪਿੰਡ ਅਤੇ ਅਵਤਾਰ ਨਗਰ ਦੇ ਗਰੁੱਪ ਸ਼ਾਮਲ ਹਨ, ਜਦਕਿ ਦਿਹਾਤੀ ਦੇ ਭੋਗਪੁਰ, ਨੂਰਮਹਿਲ, ਸ਼ਾਹਕੋਟ ਅਤੇ ਫਿਲੌਰ ਸ਼ਾਮਲ ਹਨ। ਇਨ੍ਹਾਂ ਗਰੁੱਪਾਂ ਦੇ ਠੇਕਿਆਂ ਦੀ ਕੁੱਲ ਗਿਣਤੀ 305 ਹੈ, ਜਿਨ੍ਹਾਂ ਵਿਚੋਂ ਅਵਤਾਰ ਨਗਰ (ਬਸਤੀਆਂ) ਵਾਲੇ ਗਰੁੱਪ ਵਿਚ ਸਭ ਤੋਂ ਵੱਧ 30 ਠੇਕੇ ਹਨ, ਜਦਕਿ ਦਿਹਾਤੀ ਵਿਚ ਸ਼ਾਹਕੋਟ ਦੇ ਸਭ ਤੋਂ ਵੱਧ 64 ਠੇਕੇ ਹਨ।

ਇਹ ਵੀ ਪੜ੍ਹੋ: ਜਲੰਧਰ: ਪੰਡਿਤ ਦੀ ਸ਼ਰਮਨਾਕ ਕਰਤੂਤ, ਉਪਾਅ ਦੱਸਣ ਬਹਾਨੇ ਹੋਟਲ 'ਚ ਬੁਲਾ ਵਿਆਹੁਤਾ ਨਾਲ ਕੀਤਾ ਜਬਰ-ਜ਼ਿਨਾਹ

PunjabKesari

ਸ਼ਰਾਬ ਵੇਚਣ ਦੇ ਨਿਯਮਾਂ ਮੁਤਾਬਕ ਠੇਕੇ ਖੁੱਲ੍ਹਣ ਦਾ ਸਮਾਂ ਸਵੇਰੇ 9 ਤੋਂ ਲੈ ਕੇ 12 ਵਜੇ ਰਹੇਗਾ, ਜਦਕਿ ਰੇਲਵੇ ਸਟੇਸ਼ਨ ਵਾਲੇ ਠੇਕੇ ’ਤੇ 24 ਘੰਟੇ ਸ਼ਰਾਬ ਦੀ ਵਿਕਰੀ ਕੀਤੀ ਜਾ ਸਕਦੀ ਹੈ। ਜ਼ਿਲ੍ਹੇ ਵਿਚ ਕੁੱਲ 8 ਗਰੁੱਪਾਂ ਦੇ ਟੈਂਡਰ ਸਫ਼ਲ ਹੋ ਚੁੱਕੇ ਹਨ, ਜਦਕਿ 12 ਗਰੁੱਪ ਬਾਕੀ ਬਚੇ ਹਨ। ਇਨ੍ਹਾਂ ਬਚੇ ਹੋਏ ਗਰੁੱਪਾਂ ਦੀ ਕੀਮਤ ’ਚ ਸ਼ੁਰੂਆਤੀ ਕੀਮਤ ਦੇ ਮੁਕਾਬਲੇ 10 ਫ਼ੀਸਦੀ ਦੀ ਵੱਡੀ ਗਿਰਾਵਟ ਹੋ ਚੁੱਕੀ ਹੈ। ਮਹਿਕਮੇ ਨੇ ਟੈਂਡਰ ਭਰਨ ਦੀ ਤਾਰੀਖ਼ ਵਿਚ ਇਕ ਦਿਨ ਦਾ ਵਾਧਾ ਤਾਂ ਕਰ ਦਿੱਤਾ ਪਰ ਇਸ ਵਾਰ ਗਰੁੱਪਾਂ ਦੀ ਫ਼ੀਸ ਵਿਚ ਕਮੀ ਨਹੀਂ ਕੀਤੀ ਗਈ। ਕਈ ਠੇਕੇਦਾਰਾਂ ਵੱਲੋਂ ਕੀਮਤ ਘਟਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ, ਜਿਸ ਤਹਿਤ ਉਹ ਠੇਕੇ ਲੈਣ ਵਿਚ ਦੇਰੀ ਕਰ ਰਹੇ ਸਨ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਕੀਮਤਾਂ ਵਿਚ ਗਿਰਾਵਟ ਨਾ ਹੋਣ ਕਰਕੇ ਸ਼ਨੀਵਾਰ ਨੂੰ ਜ਼ਿਲ੍ਹੇ ਦੇ ਬਾਕੀ ਬਚੇ 12 ਟੈਂਡਰਾਂ ਵਿਚੋਂ ਵਧੇਰੇ ਟੈਂਡਰ ਪ੍ਰਾਪਤ ਹੋਣ ਦੀ ਪੂਰੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ਸ਼ਰਾਬ ਦੀਆਂ ਕੀਮਤਾਂ ’ਚ ਗਿਰਾਵਟ ਦੀ ਗੱਲ ਕਰੀਏ ਤਾਂ ਰਾਇਲ ਸਟੈਗ ਸ਼ਰਾਬ ਪਹਿਲਾਂ 760 ਤੋਂ ਲੈ ਕੇ 820 ਰੁਪਏ ਤੱਕ ਵੇਚੀ ਜਾ ਰਹੀ ਸੀ, ਇਸ ਦੀ ਨਵੀਂ ਕੀਮਤ 500 ਰੁਪਏ ਨਿਰਧਾਰਿਤ ਕੀਤੀ ਗਈ ਹੈ। ਇਸੇ ਤਰ੍ਹਾਂ ਮੈਕਡਾਵਲ ਨੰਬਰ-1 ਸ਼ਰਾਬ ਦੀ ਬੋਤਲ 650 ਰੁਪਏ ਵਿਚ ਵਿਕਦੀ ਰਹੀ ਹੈ, ਜਿਹੜੀ ਹੁਣ 400 ਰੁਪਏ ਮਿਲੇਗੀ। ਇਸੇ ਤਰ੍ਹਾਂ 100 ਪਾਈਪਰ, ਵੈਟ 69, ਬੀ. ਐਂਡ ਡਬਲਿਊ., ਪਾਸਪੋਰਟ ਦੀ ਮਹਿੰਗੀ ਰੇਂਜ ਵਾਲੀ ਸ਼ਰਾਬ ਦੀ ਬੋਤਲ 1000 ਰੁਪਏ ਵਿਚ ਉਪਲੱਬਧ ਹੋਵੇਗੀ, ਉਥੇ ਹੀ ਦੇਸੀ ਸ਼ਰਾਬ ਦੀ ਬੋਤਲ 200 ਰੁਪਏ ਵਿਚ ਵਿਕੇਗੀ।

ਇਹ ਵੀ ਪੜ੍ਹੋ: ਗੈਂਗਸਟਰ ਦਿਲਪ੍ਰੀਤ ਬਾਬਾ ਦੀ ਮਾਂ ਆਈ ਮੀਡੀਆ ਸਾਹਮਣੇ, ਬਠਿੰਡਾ ਜੇਲ੍ਹ ਅਧਿਕਾਰੀਆਂ ’ਤੇ ਲਾਏ ਵੱਡੇ ਦੋਸ਼

ਨਵੇਂ ਹੋਏ 9 ਟੈਂਡਰਾਂ ਤੋਂ ਬਾਅਦ ਜ਼ਿਲ੍ਹੇ ਦੇ 27 ਗਰੁੱਪ ਬਾਕੀ ਬਚੇ: ਡਿਪਟੀ ਕਮਿਸ਼ਨਰ
ਐਕਸਾਈਜ਼ ਵਿਭਾਗ ਜਲੰਧਰ ਜ਼ੋਨ ਦੇ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ ਖਹਿਰਾ ਨੇ ਕਿਹਾ ਕਿ ਜ਼ੋਨ ਵਿਚ ਸ਼ੁੱਕਰਵਾਰ ਨੂੰ 9 ਨਵੇਂ ਟੈਂਡਰ ਪ੍ਰਾਪਤ ਹੋਏ ਹਨ, ਜਿਸ ਤੋਂ ਬਾਅਦ ਬਾਕੀ ਬਚੇ ਗਰੁੱਪਾਂ ਦੀ ਗਿਣਤੀ 27 ਰਹਿ ਗਈ ਹੈ। ਜਿਸ ਤਰ੍ਹਾਂ ਨਾਲ ਆਖਰੀ ਦਿਨਾਂ ’ਚ ਰਿਸਪਾਂਸ ਮਿਲਿਆ ਹੈ, ਉਸ ਤੋਂ ਉਮੀਦ ਹੈ ਕਿ ਬਾਕੀ ਬਚੇ 27 ਗਰੁੱਪਾਂ ਲਈ ਸਫ਼ਲ ਟੈਂਡਰ ਪ੍ਰਾਪਤ ਹੋਣਗੇ। ਨਵੇਂ ਠੇਕੇਦਾਰਾਂ ਵੱਲੋਂ ਵਿਭਾਗ ਨਾਲ ਸੰਪਰਕ ਕੀਤਾ ਗਿਆ ਹੈ। ਉਨ੍ਹਾਂ ਨੂੰ ਟੈਂਡਰ ਭਰਨ ਦੀ ਪੂਰੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਸ਼ਨੀਵਾਰ ਸ਼ਾਮ ਨੂੰ ਟੈਂਡਰਾਂ ਦੀ ਜਾਂਚ ਹੋਣ ਤੋਂ ਬਾਅਦ ਪੂਰੀ ਸਥਿਤੀ ਸਪੱਸ਼ਟ ਹੋਵੇਗੀ।

ਇਹ ਵੀ ਪੜ੍ਹੋ: ਵਿਦੇਸ਼ੋਂ ਆਏ ਫੋਨ ਨੇ ਘਰ 'ਚ ਪੁਆਏ ਵੈਣ, ਇਟਲੀ ’ਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News