ਲੁਧਿਆਣਾ ''ਚ ਮੀਟ-ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਹੁਕਮ ਜਾਰੀ
Saturday, Mar 28, 2026 - 11:29 PM (IST)
ਲੁਧਿਆਣਾ (ਤਰੁਣ) - ਭਗਵਾਨ ਮਹਾਵੀਰ ਦੇ 2625ਵੇਂ ਜਨਮ ਉਤਸਵ ਦੇ ਮੌਕੇ 'ਤੇ ਲੁਧਿਆਣਾ ਮਹਾਨਗਰ ਵਿੱਚ ਮੀਟ ਦੀਆਂ ਸਾਰੀਆਂ ਦੁਕਾਨਾਂ ਅਤੇ ਸ਼ਰਾਬ ਦੇ ਅਹਾਤੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਇਹ ਫੈਸਲਾ ਜੈਨ ਧਰਮ ਦੇ ਇਸ ਮਹਾਨ ਪੁਰਬ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ।
ਹੁਕਮਾਂ ਅਨੁਸਾਰ, 31 ਮਾਰਚ ਨੂੰ ਸ਼ਹਿਰ ਵਿੱਚ ਮੀਟ ਦੀਆਂ ਦੁਕਾਨਾਂ, ਆਂਡਿਆਂ ਦੀਆਂ ਰੇਹੜੀਆਂ ਅਤੇ ਸ਼ਰਾਬ ਦੇ ਅਹਾਤੇ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸ ਦਿਨ ਹੋਟਲਾਂ ਵਿੱਚ ਵੀ ਕੋਈ ਮਾਸਾਹਾਰੀ ਭੋਜਨ (ਨਾਨ-ਵੈੱਜ) ਨਹੀਂ ਪਰੋਸਿਆ ਜਾਵੇਗਾ। ਡੀਸੀ ਨੇ ਕਿਹਾ ਕਿ ਭਗਵਾਨ ਮਹਾਵੀਰ ਅਹਿੰਸਾ ਦੇ ਪੁਜਾਰੀ ਸਨ ਅਤੇ ਉਨ੍ਹਾਂ ਦਾ ਜਨਮ ਦਿਨ 'ਅਹਿੰਸਾ ਦਿਵਸ' ਵਜੋਂ ਮਨਾਇਆ ਜਾਂਦਾ ਹੈ।
ਜੈਨ ਸਮਾਜ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਜੀਵ ਹੱਤਿਆ ਕਰਕੇ ਮਾਹੌਲ ਖਰਾਬ ਨਾ ਕਰ ਸਕੇ। ਲੁਧਿਆਣਾ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਵੀ ਇਹੀ ਹੁਕਮ ਜਾਰੀ ਕੀਤੇ ਹਨ ਅਤੇ ਲੋਕਾਂ ਨੂੰ ਇਸ ਤਿਉਹਾਰ ਨੂੰ ਸ਼ਾਂਤੀ ਅਤੇ ਅਹਿੰਸਾ ਨਾਲ ਮਨਾਉਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
