ਤਰੇੜਾਂ ਨੇ ਖਾਧੀ ਨਵੀਂ ਇਮਾਰਤ, ਪਾਣੀ ਅਤੇ ਬਾਥਰੂਮ ਤੱਕ ਦਾ ਨਹੀਂ ਇੰਤਜ਼ਾਮ
Monday, Jun 25, 2018 - 08:34 AM (IST)
ਦਿਡ਼੍ਹਬਾ ਮੰਡੀ (ਅਜੈ) – ਚੋਣਾਂ ਤੋਂ ਪਹਿਲਾਂ ਹਰੇਕ ਪਾਰਟੀ ਵੱਲੋਂ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਵੱਡੇ-ਵੱਡੇ ਦਾਅਵੇ ਅਤੇ ਸਰਕਾਰੀ ਅਦਾਰਿਆਂ ’ਚ ਸਹੂਲਤਾਂ ਪੱਖੋਂ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਉਣ ਦੇਣ ਵਰਗੇ ਵਾਅਦੇ ਕੀਤੇ ਜਾਂਦੇ ਹਨ ਪਰ ਜਦੋਂ ਵੀ ਕੋਈ ਵੀ ਪਾਰਟੀ ਸੂਬੇ ਦੀ ਸੱਤਾ ’ਤੇ ਕਾਬਜ਼ ਹੋ ਜਾਂਦੀ ਹੈ ਤਾਂ ਉਸ ਨੂੰ ਚੋਣਾਂ ਪਹਿਲਾਂ ਕੀਤਾ ਕੋਈ ਵੀ ਵਾਅਦਾ ਚੇਤੇ ਹੀ ਨਹੀਂ ਰਹਿੰਦਾ। ਸਰਕਾਰ ਅਤੇ ਸਰਕਾਰ ਦੇ ਨੁਮਾਇੰਦੇ ਲੋਕਾਂ ਦੀਆਂ ਮੁਸ਼ਕਲਾਂ ਤੇ ਤਕਲੀਫਾਂ ਹੱਲ ਕਰਨ ਲਈ ਕੋਈ ਵੀ ਪਹਿਲਕਦਮੀ ਨਹੀਂ ਕਰਦੇ, ਜਿਸ ਕਾਰਨ ਲੋਕ ਥੋਡ਼੍ਹੇ ਸਮੇਂ ’ਚ ਹੀ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਨ ਲੱਗਦੇ ਹਨ, ਜਿਸ ਦੀ ਉਦਾਹਰਣ ਸਬ-ਤਹਿਸੀਲ ਤੋਂ ਤਹਿਸੀਲ ਬਣਾਈ ਦਿਡ਼੍ਹਬਾ ਤਹਿਸੀਲ ਵਿਖੇ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਆ ਰਹੀਆਂ ਅਨੇਕਾਂ ਮੁਸ਼ਕਲਾਂ ਤੋਂ ਮਿਲਦੀ ਹੈ। ਭਾਵੇਂ ਸਰਕਾਰ ਨੂੰ ਆਪਣੇ ਇਸ ਅਦਾਰੇ ਤੋਂ ਹਰ ਮਹੀਨੇ ਮਾਲੀਏ ਦੇ ਰੂਪ ਵਿਚ ਲੱਖਾਂ ਰੁਪਏ ਦੀ ਆਮਦਨ ਹੁੰਦੀ ਹੈ ਪਰ ਫਿਰ ਵੀ ਸਰਕਾਰ ਨੂੰ ਲੋਕਾਂ ਨੂੰ ਦਰਪੇਸ਼ ਦਿੱਕਤਾਂ ਨੂੰ ਦੂਰ ਕਰਨ ਲਈ ਸ਼ਾਇਦ ਫੰਡਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਸਰਕਾਰ ਦੀ ਇਸ ਨਾਕਾਮੀ ਨੂੰ ਲੈ ਕੇ ਲੋਕਾਂ ’ਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ।
ਮੀਂਹ ’ਚ ਬਿਲਡਿੰਗ ’ਚੋਂ ਰਿਸਦੈ ਪਾਣੀ
ਤਹਿਸੀਲ ਕੰਪਲੈਕਸ ਦੀ ਨਵੀਂ ਉਸਾਰੀ ਇਮਾਰਤ ਪੂਰੀ ਈਮਾਨਦਾਰੀ ਨਾਲ ਸਰਕਾਰੀ ਮਾਪਦੰਡਾਂ ਅਨੁਸਾਰ ਨਾ ਬਣੀ ਹੋਣ ਕਰਕੇ ਥੋਡ਼੍ਹੇ ਸਮੇਂ ’ਚ ਹੀ ਆਪਣਾ ਵਜੂਦ ਗੁਆ ਚੁੱਕੀ ਸੀ ਅਤੇ ਅੱਜ ਦੇ ਤਾਜ਼ਾ ਹਾਲਾਤ ਇਹ ਹਨ ਕਿ ਇਮਾਰਤ ਦੇ ਕਈ ਕਮਰਿਆਂ ’ਚ ਸਣੇ ਤਹਿਸੀਲ ਅੰਦਰ ਬਣੇ ਫਰਦ ਕੇਂਦਰ ’ਚ ਵੱਖ-ਵੱਖ ਥਾਵਾਂ ’ਤੇ ਤਰੇਡ਼ਾਂ ਆ ਚੁੱਕੀਆਂ ਹਨ, ਜਿੱਥੋਂ ਬਾਰਸ਼ ਦੇ ਮੌਸਮ ਵਿਚ ਪਾਣੀ ਰਿੱਸਣ ਲੱਗਦਾ ਹੈ, ਜਿਸ ਕਰਕੇ ਜਿਥੇ ਰਿਕਾਰਡ ਖਰਾਬ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਉੱਥੇ ਕੰਪਿਊਟਰ ਰੂਮ ’ਚ ਲੱਗੀਆਂ ਜ਼ਿਆਦਾਤਰ ਟਾਈਲਾਂ ਵੀ ਇਕ-ਇਕ ਕਰ ਕੇ ਟੁੱਟ ਚੁੱਕੀਆਂ ਹਨ ਅਤੇ ਬਾਕੀ ਬਚੀਆਂ ਟਾਈਲਾਂ ਵੀ ਲਗਾਤਾਰ ਟੁੱਟ ਰਹੀਆਂ ਹਨ।
