ਧਨਵੰਤੀ ਆਯੁਰਵੈਦਿਕ ਕਾਲਜ ਤੇ ਹਸਪਤਾਲ ''ਚ ਸ਼ੱਕੀ ਹਾਲਤ ''ਚ ਨਾਬਾਲਗਾ ਨੇ ਦਿੱਤਾ ਬੱਚੇ ਨੂੰ ਜਨਮ

Tuesday, Nov 14, 2017 - 09:45 AM (IST)

ਧਨਵੰਤੀ ਆਯੁਰਵੈਦਿਕ ਕਾਲਜ ਤੇ ਹਸਪਤਾਲ ''ਚ ਸ਼ੱਕੀ ਹਾਲਤ ''ਚ ਨਾਬਾਲਗਾ ਨੇ ਦਿੱਤਾ ਬੱਚੇ ਨੂੰ ਜਨਮ

ਚੰਡੀਗੜ੍ਹ (ਬਿਓਰੋ) : ਸੈਕਟਰ-46 ਸਥਿਤ ਧਨਵੰਤਰੀ ਆਯੁਰਵੈਦਿਕ ਕਾਲਜ ਤੇ ਹਸਪਤਾਲ ਵਿਚ ਇਕ ਲੜਕੀ ਨੇ ਸ਼ੱਕੀ ਹਾਲਤ ਵਿਚ ਬੱਚੇ ਨੂੰ ਜਨਮ ਦਿੱਤਾ, ਜਿਸ ਦੇ ਪਿਤਾ ਦਾ ਨਾਮ ਨਾ ਦੱਸ ਸਕਣ ਦੀ ਸੂਰਤ ਵਿਚ ਡਾਕਟਰ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਦੁਚਿੱਤੀ ਵਿਚ ਪਈ ਹੈ ਕਿ ਜਾਂਚ ਦਾ ਆਧਾਰ ਕੀ ਬਣਾਇਆ ਜਾਵੇ? ਕਿਉਂਕਿ ਬੱਚੇ ਨੂੰ ਜਨਮ ਦੇਣ ਵਾਲੀ ਲੜਕੀ ਜਾਂ ਉਸ ਦੇ ਪਰਿਵਾਰ ਨੇ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਮਿਲੀ ਜਾਣਕਾਰੀ ਅਨੁਸਾਰ ਜਿਸ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ, ਉਸ ਦਾ ਵਿਆਹ ਨਹੀਂ ਹੋਇਆ ਹੈ ਤੇ ਉਸ ਦੇ ਨਾਬਾਲਿਗ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਫਿਲਹਾਲ ਲੜਕੀ ਤੇ ਨਵਜੰਮਿਆ ਬੱਚਾ ਅਜੇ ਹਸਪਤਾਲ ਵਿਚ ਹਨ, ਜਿਸ ਕਾਰਨ ਪਰਿਵਾਰ 'ਤੇ ਦਬਾਅ ਨਹੀਂ ਬਣਾਇਆ ਜਾ ਰਿਹਾ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਮੋਹਾਲੀ ਵਿਚ ਇਕ ਪਿੰਡ ਵਿਚ ਰਹਿੰਦਾ ਹੈ ਤੇ ਐਤਵਾਰ ਨੂੰ ਲੜਕੀ ਨੇ ਬੱਚੇ ਨੂੰ ਹਸਪਤਾਲ ਵਿਚ ਜਨਮ ਦਿੱਤਾ। ਨਵਜੰਮਿਆ ਬੱਚਾ ਤੇ ਲੜਕੀ ਦੋਵੇਂ ਠੀਕ ਹਨ। ਡਾਕਟਰ ਤੇ ਹੋਰ ਸਟਾਫ ਨੇ ਕਈ ਵਾਰ ਗਰਭਵਤੀ ਲੜਕੀ ਤੇ ਉਸ ਦੇ ਪਰਿਵਾਰ ਨੂੰ ਬੱਚੇ ਦੇ ਬਾਪ ਦਾ ਨਾਮ ਪੁੱਛਿਆ ਪਰ ਉਹ ਟਾਲਦੇ ਰਹੇ ਤੇ ਬੱਚੀ ਦੀ ਉਮਰ ਵੀ ਸਹੀ ਨਹੀਂ ਦੱਸੀ ਜਾ ਰਹੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਮਹਿਲਾ ਤੇ ਚਾਈਲਡ ਹੈਲਪਲਾਈਨ ਦੀ ਮਦਦ ਨਾਲ ਅੱਜ ਲੜਕੀ ਨੂੰ ਕੌਂਸਲਿੰਗ ਦਿੱਤੀ ਪਰ ਅਜੇ ਉਸ 'ਤੇ ਵੱਧ ਪ੍ਰੈਸ਼ਰ ਨਹੀਂ ਪਾਇਆ ਜਾ ਸਕਦਾ। 
ਪੁਲਸ ਕਾਨੂੰਨੀ ਸਲਾਹ ਵੀ ਲੈ ਰਹੀ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਵਿਚ ਕੀ ਕਾਰਵਾਈ ਕੀਤੀ ਜਾਵੇ। ਵਕੀਲ ਸ਼ਿਵਮੂਰਤੀ ਯਾਦਵ ਦਾ ਕਹਿਣਾ ਹੈ ਕਿ ਜਦੋਂ ਤਕ ਲੜਕੀ ਸ਼ਿਕਾਇਤ ਨਹੀਂ ਕਰਦੀ ਕਿ ਉਸ ਨਾਲ ਜਬਰ-ਜ਼ਨਾਹ ਹੋਇਆ ਹੈ, ਉਦੋਂ ਤਕ ਪੁਲਸ ਕੋਈ ਕਾਰਵਾਈ ਨਹੀਂ ਕਰ ਸਕਦੀ ਜੇਕਰ ਲੜਕੀ ਨਾਬਾਲਿਗ ਹੈ, ਤਾਂ ਵੀ ਪਰਿਵਾਰ ਦੀ ਸ਼ਿਕਾਇਤ ਤੋਂ ਬਿਨਾਂ ਕਾਰਵਾਈ ਨਹੀਂ ਕੀਤੀ ਜਾ ਸਕਦੀ। ਮੰਗਲਵਾਰ ਨੂੰ ਇਕ ਵਾਰ ਫਿਰ ਤੋਂ ਕੌਂਸਲਿੰਗ ਕੀਤੀ ਜਾਵੇਗੀ ਤੇ ਮਾਂ ਬਣੀ ਲੜਕੀ ਦੀ ਉਮਰ ਦੇ ਸਬੂਤ ਦੇਖੇ ਜਾਣਗੇ, ਜਿਸ ਤੋਂ ਬਾਅਦ ਹੀ ਕੋਈ ਕਾਰਵਾਈ ਹੋਵੇਗੀ।


Related News