ਪੰਜਾਬੀਆਂ ਦਾ ਮੁਫ਼ਤ ਰਾਸ਼ਨ ਬੰਦ ਕਰਨ ਦੇ ਮਾਮਲੇ 'ਚ 'ਆਪ' ਲੀਡਰਸ਼ਿਪ ਨੇ ਕੇਂਦਰ ਸਰਕਾਰ ਨੂੰ ਦਿੱਤਾ 2 ਟੁੱਕ ਜਵਾਬ
Sunday, Aug 24, 2025 - 06:34 PM (IST)

ਗੁਰਦਾਸਪੁਰ (ਹਰਮਨ)-ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਪੰਜਾਬ ਦੇ ਕੁੱਲ 1.53 ਕਰੋੜ ਰਾਸ਼ਨ ਕਾਰਡਾਂ ਵਿੱਚੋਂ 55 ਲੱਖ ਗ਼ਰੀਬ ਪੰਜਾਬੀਆਂ ਨੂੰ ਮਿਲਣ ਵਾਲਾ ਮੁਫ਼ਤ ਰਾਸ਼ਨ ਬੰਦ ਕਰਨ ਦੇ ਮਾਮਲੇ ਵਿਚ ਅੱਜ ਆਮ ਆਦਮੀ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਲੀਡਰਸ਼ਿਪ ਨੇ ਕੇਂਦਰ ਸਰਕਾਰ ਨੂੰ ਦੋ ਟੁੱਕ ਜੁਆਬ ਦਿੱਤਾ ਹੈ ਕਿ ਆਮ ਆਦਮਪੀ ਪਾਰਟੀ ਦੀ ਸਰਕਾਰ ਕਿਸੇ ਵੀ ਗਰੀਬ ਪੰਜਾਬੀ ਦਾ ਰਾਸ਼ਨ ਬੰਦ ਨਹੀਂ ਕਰੇਗੀ। ਇਸ ਸਬੰਧੀ ਗੁਰਦਾਸਪੁਰ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਗਰੀਬਾਂ ਨਾਲ ਇਹ ਧੱਕਾ ਸਹਿਣ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ 27 ਤਰੀਖ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸ਼ੈਰੀ ਕਲਸੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਕੇ.ਵਾਈ.ਸੀ. ਨਾ ਹੋਣ ਦਾ ਬਹਾਨਾ ਲਗਾ ਕੇ 23 ਲੱਖ ਗ਼ਰੀਬਾਂ ਦਾ ਰਾਸ਼ਨ ਜੁਲਾਈ ਤੋਂ ਹੀ ਬੰਦ ਕਰ ਦਿੱਤਾ ਹੈ ਅਤੇ ਹੁਣ 32 ਲੱਖ ਹੋਰ ਲੋਕਾਂ ਦਾ ਰਾਸ਼ਨ 30 ਸਤੰਬਰ ਤੋਂ ਬਾਅਦ ਬੰਦ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਲੋਕ ਤੇ ਗ਼ਰੀਬ ਵਿਰੋਧੀ ਫ਼ੈਸਲਾ ਪੰਜਾਬ ਉੱਪਰ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਨਾਜ ਪੈਦਾ ਕਰਕੇ ਪੂਰੇ ਦੇਸ਼ ਦਾ ਪੇਟ ਪਾਲਦੇ ਹਨ ਅਤੇ ਹੁਣ ਕੇਂਦਰ ਦੀ ਉਹੀ ਸਰਕਾਰ ਪੰਜਾਬ ਦੇ ਗ਼ਰੀਬ ਪਰਿਵਾਰਾਂ ਦੀਆਂ ਪਲੇਟਾਂ ਖ਼ਾਲੀ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਨੂੰ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਮੰਨਦੀ ਹੈ ਅਤੇ ਇਸ ਬੇਇਨਸਾਫ਼ੀ ਵਿਰੁੱਧ ਆਮ ਆਦਮੀ ਪਾਰਟੀ ਹਰ ਪੱਧਰ 'ਤੇ ਲੜਾਈ ਲੜੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਖ਼ਤਰੇ ਦੀ ਘੰਟੀ, ਰਾਵੀ ਦਰਿਆ 'ਚ ਪਾਣੀ ਛੱਡਣ ਕਾਰਨ ਟੁੱਟਿਆ 7 ਪਿੰਡਾਂ ਦਾ ਲਿੰਕ
ਕਲਸੀ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਸਜ਼ਾ ਦੇਣਾ ਚਾਹੁੰਦੀ ਹੈ। ਭਾਜਪਾ ਕਹਿੰਦੀ ਹੈ ਕਿ ਉਨ੍ਹਾਂ ਲਾਭਪਾਤਰੀਆਂ ਦਾ ਰਾਸ਼ਨ ਬੰਦ ਕਰੋ ਜਿਨ੍ਹਾਂ ਕੋਲ ਕਾਰ ਹੈ, 2.5 ਏਕੜ ਜ਼ਮੀਨ ਹੈ, ਪੁੱਤਰ ਨੌਕਰੀ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਦਿੱਲੀ ਦੇ ਏ.ਸੀ. ਕਮਰਿਆਂ ਵਿੱਚ ਬੈਠੇ ਲੋਕ ਪੰਜਾਬ ਦੇ ਪਿੰਡਾਂ ਦੀ ਅਸਲ ਹਾਲਤ ਨੂੰ ਨਹੀਂ ਸਮਝਦੇ। ਉਨ੍ਹਾਂ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਜੇਕਰ ਪੁੱਤਰ ਨੂੰ ਨੌਕਰੀ ਮਿਲਦੀ ਹੈ ਤਾਂ ਕੀ ਇਸ ਨਾਲ ਪੂਰਾ ਪਰਿਵਾਰ ਅਮੀਰ ਹੋ ਜਾਂਦਾ ਹੈ? ਕੀ ਪੁਰਾਣੀ ਕਾਰ ਹੋਣ ਦਾ ਮਤਲਬ ਹੈ ਕਿ ਪਰਿਵਾਰ ਭੁੱਖਾ ਨਹੀਂ ਰਹਿ ਸਕਦਾ? ਉਨ੍ਹਾਂ ਕਿਹਾ ਕਿ ਅਸਲ ਵਿੱਚ ਭਾਜਪਾ ਪੰਜਾਬ ਦੇ ਗ਼ਰੀਬਾਂ ਦੇ ਦਰਦ ਨੂੰ ਨਹੀਂ ਸਮਝਣਾ ਚਾਹੁੰਦੀ, ਇਹ ਸਿਰਫ਼ ਬਹਾਨੇ ਲੱਭ ਕੇ ਰਾਸ਼ਨ ਬੰਦ ਕਰ ਰਹੀ ਹੈ।
ਇਹ ਵੀ ਪੜ੍ਹੋ-ਪੰਜਾਬ ਦੀ ਵੱਡੀ ਦਾਣਾ ਮੰਡੀ 'ਚ ਲੱਗੀਆਂ ਵਿਸ਼ੇਸ਼ ਪਾਬੰਦੀਆਂ, ਆੜ੍ਹਤੀਆ ਐਸੋਸੀਏਸ਼ਨ ਨੇ ਬਣਾਏ ਨਵੇਂ ਨਿਯਮ
ਜਿੰਨਾ ਚਿਰ ਸੂਬੇ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੈ, ਕਿਸੇ ਵੀ ਗ਼ਰੀਬ ਦਾ ਰਾਸ਼ਨ ਨਹੀਂ ਰੁਕੇਗਾ। ਉਨ੍ਹਾਂ ਕਿਹਾ ਕਿ 1.29 ਕਰੋੜ ਰਾਸ਼ਨ ਲਾਭਪਾਤਰੀਆਂ ਦੀ ਤਸਦੀਕ ਪੂਰੀ ਹੋ ਗਈ ਹੈ ਅਤੇ ਬਾਕੀ ਰਹਿੰਦੇ ਲੋਕਾਂ ਦੀ ਤਸਦੀਕ ਅਗਲੇ 6 ਮਹੀਨਿਆਂ ਵਿੱਚ ਘਰ-ਘਰ ਜਾ ਕੇ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਭਗਵੰਤ ਮਾਨ ਸਰਕਾਰ ਦਾ ਪੰਜਾਬੀਆਂ ਨਾਲ ਵਾਅਦਾ ਹੈ ਕਿ ਕਿਸੇ ਵੀ ਲਾਭਪਾਤਰੀ ਦਾ ਰਾਸ਼ਨ ਕਾਰਡ ਕੱਟਿਆ ਨਹੀਂ ਜਾਵੇਗਾ, ਕਿਸੇ ਮਾਂ ਦੀ ਥਾਲ਼ੀ ਖ਼ਾਲੀ ਨਹੀਂ ਰਹੇਗੀ ਅਤੇ ਨਾ ਹੀ ਕਿਸੇ ਦਾ ਬੱਚਾ ਭੁੱਖਾ ਰਹੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਰਾਸ਼ਨ ਨਹੀਂ, ਸਨਮਾਨ ਦੀ ਲੜਾਈ ਹੈ, ਅਧਿਕਾਰਾਂ ਦੀ ਲੜਾਈ ਹੈ ਅਤੇ ਜੇਕਰ ਲੋੜ ਪਈ ਤਾਂ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਵਿੱਚ ਅੰਦੋਲਨ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਗ਼ਰੀਬਾਂ ਦੇ ਅਧਿਕਾਰਾਂ ਨਾਲ ਸਮਝੌਤਾ ਨਹੀਂ ਕਰਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8