ਕਿਡਨੀ ਹਸਪਤਾਲ ਦੇ ਡਾ. ਰਾਹੁਲ ਸੂਦ ''ਤੇ ਹੋਈ ਫਾਇਰਿੰਗ ਦਾ ਮਾਮਲਾ ਟ੍ਰੇਸ, ਇਕ ਮੁਲਜ਼ਮ ਗ੍ਰਿਫ਼ਤਾਰ
Monday, Aug 25, 2025 - 03:22 PM (IST)

ਜਲੰਧਰ (ਕੁੰਦਨ, ਪੰਕਜ)- ਅਰਬਨ ਅਸਟੇਟ ਫੇਜ਼-2 ਵਿਚ ਸੁਪਰ ਮਾਰਕਿਟ ਦੇ ਬਾਹਰ ਕਿਡਨੀ ਹਸਪਤਾਲ ਦੇ ਡਾਕਟਰ ਰਾਹੁਲ ਸੂਦ ਨੂੰ ਗੋਲ਼ੀਆਂ ਮਾਰਨ ਦਾ ਮਾਮਲਾ ਪੁਲਸ ਨੇ ਪੰਜ ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਟਰੇਸ ਕਰ ਲਿਆ ਹੈ। ਲੁਟੇਰੇ ਜਲੰਧਰ ਦੇ ਹੀ ਨਿਕਲੇ ਹਨ ਅਤੇ ਹੈਰਾਨੀ ਦੀ ਗੱਲ ਹੈ ਕਿ ਉਕਤ ਬਦਮਾਸ਼ ਇਕ ਪ੍ਰਵਾਸੀ ਪਰਿਵਾਰ ਨਾਲ ਸੰਬੰਧਤ ਹਨ। ਗੋਲ਼ੀਬਾਰੀ ਦੀ ਘਟਨਾ ਵਿੱਚ ਤਿੰਨ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਚੋਂ ਇਕ ਦੋਸ਼ੀ ਨੂੰ ਸਫ਼ਲਤਾ ਪੂਰਵਕ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸੀ. ਪੀ. ਜਲੰਧਰ ਧਨਪ੍ਰੀਤ ਕੋਰ ਨੇ ਦੱਸਿਆ ਕਿ ਮੁਕੱਦਮਾ ਨੰਬਰ 113 ਮਿਤੀ 19 ਅਗਸਤ ਨੂੰ ਧਾਰਾ 109, 3(5) BNS ਅਤੇ 25/27/54/59 Arms Act ਵਾਧਾ ਜੁਰਮ 118(1)(2) BNS ਥਾਣਾ ਡਿਵੀਜ਼ਨ ਨੰਬਰ 7 ਜਲੰਧਰ ਵਿੱਖੇ ਬਰਬਿਆਨ ਡਾ. ਰਾਹੁਲ ਸੂਦ ਵਾਸੀ ਜਲੰਧਰ ਹਾਈਟਸ-2, ਜਲੰਧਰ ਦਰਜ ਕੀਤਾ ਗਿਆ, ਜੋਕਿ ਕਿਡਨੀ ਹਸਪਤਾਲ ਜਲੰਧਰ ਵਿਖੇ ਡਾਕਟਰ ਹੈ। ਪੀੜਤ ਨੇ ਦੱਸਿਆ ਕਿ ਮਿਤੀ 19 ਅਗਸਤ ਨੂੰ ਮੋਰ ਸੁਪਰ ਮਾਰਕਿਟ ਸਟੋਰ ਦੇ ਸਾਹਮਣੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਵਿੱਚ ਉਸ 'ਤੇ ਗੋਲ਼ੀਬਾਰੀ ਕੀਤੀ ਗਈ।
ਇਹ ਵੀ ਪੜ੍ਹੋ: ਅਮਰੀਕਾ ਬੈਠੇ ਗੈਂਗਸਟਰਾਂ ਨੇ ਪੰਜਾਬ 'ਚ ਕਰਵਾਇਆ ਵੱਡਾ ਕਾਂਡ, DGP ਗੌਰਵ ਯਾਦਵ ਦੇ ਵੱਡੇ ਖ਼ੁਲਾਸੇ
ਇਸ ਘਟਨਾ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਕਮਿਸ਼ਨਰ ਜਲੰਧਰ ਵੱਲੋਂ ਇਕ ਟੀਮ ਮਨਪ੍ਰੀਤ ਸਿੰਘ ਢਿਲੋਂ ( DCP INV.),ਜੇਯੰਤ ਪੁਰੀ ( ADCP INV.),ਹਰਿੰਦਰ ਸਿੰਘ ਗਿੱਲ (ADCP ਸਿਟੀ-2), ਪਰਮਜੀਤ ਸਿੰਘ (ADCP)ਅਤੇ ਰੂਪਦੀਪ ਕੌਰ (ACP ਮਾਡਲ ਟਾਊਨ) ਦੀ ਸਿੱਧੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਬਲਜਿੰਦਰ ਸਿੰਘ ਅਤੇ CIA ਇੰਚਾਰਜ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਸ ਟੀਮ ਸਮੇਤ CIA ਸਟਾਫ਼ ਦੀਆਂ ਟੀਮਾ ਦਾ ਗਠਨ ਕੀਤਾ ਗਿਆ। ਤਫ਼ਤੀਸ਼ ਦੌਰਾਨ ਸੀ. ਸੀ. ਟੀ. ਵੀ. ਕੈਮਰੇ, ਤਕਨੀਕੀ ਸਹਾਇਤਾ ਅਤੇ ਹੋਰ ਸਰੋਤਾਂ ਦੀ ਮਦਦ ਨਾਲ ਘਟਨਾ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਦੀ ਪਛਾਣ ਕੀਤੀ ਗਈ। ਇਨ੍ਹਾਂ ਵਿਚੋਂ ਇਕ ਦੋਸ਼ੀ ਸਤਿਆ ਨਾਰਾਇਣ ਪੁੱਤਰ ਛੋਟੀ ਰਾਮ, ਹਾਲ ਵਾਸੀ ਮਕਾਨ ਨੰਬਰ 236, ਰਾਮ ਸਿੰਘ ਦਾ ਵਿਹੜਾ, ਇੰਡਸਟਰੀ ਏਰੀਆ, ਥਾਣਾ ਡਿਵੀਜ਼ਨ ਨੰਬਰ 8, ਜਲੰਧਰ ਨੂੰ ਮਿਤੀ 24 ਅਗਸਤ ਨੂੰ ਅਯੋਧਿਆ, ਉੱਤਰ ਪ੍ਰਦੇਸ਼ ਤੋਂ ਪੁਲਸ ਪਾਰਟੀ ਵੱਲੋਂ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਜਲੰਧਰ ਵਿਖੇ ਪੇਸ਼ ਕੀਤਾ ਗਿਆ ।
ਇਹ ਵੀ ਪੜ੍ਹੋ: ਰਾਸ਼ਨ ਕਾਰਡ ਦੇ ਮੁੱਦੇ 'ਤੇ CM ਭਗਵੰਤ ਮਾਨ ਦੀ ਪੰਜਾਬੀਆਂ ਨੂੰ ਖੁੱਲ੍ਹੀ ਚਿੱਠੀ
ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਦਾ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਇਸ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਬਾਕੀ ਬਚੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਜਲਦੀ ਕੀਤੀ ਜਾ ਸਕੇ। ਸੀ. ਪੀ. ਜਲੰਧਰ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਗੈਰ-ਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜੋ ਵੀ ਵਿਅਕਤੀ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ 5 ਦਿਨਾਂ ਵਿਚ 250 ਤੋਂ ਵੱਧ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਕੇ ਇਹ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਅਰਬਨ ਅਸਟੇਟ ਫੇਜ਼-2 ਤੋਂ ਹੀ ਮੁਲਜ਼ਮਾਂ ਦਾ ਰੂਟ ਬ੍ਰੇਕ ਕਰਨਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਰਸਤੇ ਵਿਚ ਮੁਲਜ਼ਮਾਂ ਨੇ ਪੁਲਸ ਨੂੰ ਝਕਾਨੀ ਦੇਣ ਲਈ ਕਈ ਰਸਤੇ ਬਦਲੇ ਪਰ ਜਲੰਧਰ ਪੁਲਸ ਦੀਆਂ ਟੀਮਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਅਤੇ ਸਖ਼ਤ ਜਾਂਚ ਕੀਤੀ ਅਤੇ ਮੁਲਜ਼ਮਾਂ ਦਾ ਸਹੀ ਰੂਟ ਬ੍ਰੇਕ ਕੀਤਾ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਭਾਰੀ ਬਾਰਿਸ਼ ਕਾਰਨ ਉਫਾਨ 'ਤੇ ਸਤਲੁਜ ਦਰਿਆ, ਪੁਲ ਤੱਕ ਪਹੁੰਚਿਆ ਪਾਣੀ
ਪੁਲਸ ਨੇ ਅਰਬਨ ਅਸਟੇਟ ਤੋਂ ਕੈਮਰਿਆਂ ਦੀ ਜਾਂਚ ਸ਼ੁਰੂ ਕੀਤੀ ਅਤੇ ਦੋਮੋਰੀਆ ਪੁਲ, ਕਿਸ਼ਨਪੁਰਾ ਚੌਕ, ਦੋਆਬਾ ਚੌਂਕ, ਸੋਢਲ ਚੌਕ ਹੁੰਦੇ ਹੋਏ ਛੋਟਾ ਸਈਪੁਰ ਰੋਡ ਅਤੇ ਫਿਰ ਵੇਰਕਾ ਮਿਲਕ ਪਲਾਂਟ ਇਲਾਕੇ ਵਿਚ ਪਹੁੰਚ ਗਈ। ਉੱਥੇ ਜਾ ਕੇ ਪੁਲਸ ਟੀਮਾਂ ਨੇ ਤਕਨੀਕੀ ਜਾਂਚ ਅਤੇ ਮਨੁੱਖੀ ਸਰੋਤਾਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ। ਪੁਲਸ ਨੂੰ ਮੁਲਜ਼ਮਾਂ ਦੇ ਘਰਾਂ ਦੇ ਪਤੇ ਵੀ ਮਿਲੇ, ਜਿੱਥੇ ਪੁਲਸ ਟੀਮਾਂ ਨੇ ਛਾਪਾ ਮਾਰਿਆ ਤਾਂ ਮੁਲਜ਼ਮ ਘਰਾਂ ਤੋਂ ਫਰਾਰ ਮਿਲੇ। ਪੁਲਸ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਇਕ ਏ. ਸੀ. ਪੀ. ਸਮੇਤ ਤਿੰਨ ਗੱਡੀਆਂ ਨੇ ਕੀਤੀ ਮੁਲਜ਼ਮਾਂ ਦੇ ਘਰਾਂ ’ਤੇ ਰੇਡ
ਸ਼ਾਮੀਂ ਲਗਭਗ 4-5 ਵਜੇ ਇਕ ਏ. ਸੀ. ਪੀ. ਸਮੇਤ ਤਿੰਨ ਗੱਡੀਆਂ ਵਿਚ ਸਵਾਰ ਹੋ ਕੇ ਆਈਆਂ ਪੁਲਸ ਟੀਮਾਂ ਨੇ ਮੁਲਜ਼ਮਾਂ ਦੇ ਘਰਾਂ ’ਤੇ ਰੇਡ ਕੀਤੀ। ਹਥਿਆਰਾਂ ਨਾਲ ਲੈਸ ਪੁਲਸ ਨੂੰ ਸ਼ੱਕ ਸੀ ਕਿ ਜੇਕਰ ਮੁਲਜ਼ਮ ਆਪਣੇ ਘਰਾਂ ਵਿਚ ਮਿਲੇ ਤਾਂ ਉਹ ਫਾਇਰਿੰਗ ਕਰ ਸਕਦੇ ਹਨ, ਜਿਸ ਕਾਰਨ ਪੁਲਸ ਨੇ ਆਮ ਲੋਕਾਂ ਦੀ ਸੁਰੱਖਿਆ ਦੇ ਨਾਲ-ਨਾਲ ਸੈਲਫ ਡਿਫੈਂਸ ਦੇ ਵੀ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਸਨ।
ਇਹ ਵੀ ਪੜ੍ਹੋ: Punjab: ਪਿਆਰ ਦਾ ਖ਼ੌਫ਼ਨਾਕ ਅੰਤ! ਦੋ ਪਤੀਆਂ ਨੂੰ ਛੱਡ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਸੀ ਵਿਆਹੁਤਾ, ਪ੍ਰੇਮੀ ਨੇ ਹੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e