ਕਲਯੁਗੀ ਮਾਂ ਨੇ ਗਲੀ ''ਚ ਸੁੱਟੀ ਨਵਜੰਮੀ ਬੱਚੀ, ਮਾਸੂਮ ਚਿਹਰਾ ਦੇਖ ਪਿਘਲਿਆ ਪੁਲਸ ਵਾਲੇ ਦਾ ਦਿਲ (ਤਸਵੀਰਾਂ)
Friday, Jun 24, 2016 - 11:15 AM (IST)
ਜਲੰਧਰ (ਸ਼ੋਰੀ, ਪ੍ਰੀਤ, (ਸੋਨੂੰ) : ਮਾਵਾਂ ਜਿੱਥੇ ਆਪਣੇ ਬੱਚਿਆਂ ਲਈ ਜਾਨ ਤੱਕ ਵਾਰਨ ਤੋਂ ਪਿੱਛੇ ਨਹੀਂ ਹਟਦੀਆਂ, ਉੱਥੇ ਹੀ ਕਲਯੁਗੀ ਮਾਵਾਂ ਵਲੋਂ ਨਵ ਜੰਮੀਆਂ ਬੱਚੀਆਂ ਨੂੰ ਕੂੜੇ ਦੇ ਢੇਰਾਂ ਜਾਂ ਗਲੀਆਂ ''ਚ ਸੁੱਟਣਾ ਆਮ ਗੱਲ ਹੋ ਗਈ ਹੈ। ਅਜਿਹਾ ਹੀ ਇਕ ਮਾਮਲਾ ਸ਼ਹਿਰ ਦੇ ਬਸਤੀ ਬਾਵਾ ਖੇਲ ''ਚ ਸਾਹਮਣੇ ਆਇਆ ਹੈ, ਜਿੱਥੇ ਕਲਯੁਗੀ ਮਾਂ ਨੇ ਤਾਂ ਢਿੱਡੋਂ ਜੰਮ ਕੇ ਬੱਚੀ ਨੂੰ ਗਲੀ ''ਚ ਸੁੱਟ ਦਿੱਤਾ ਪਰ ਉਸ ਦੀ ਹਾਲਤ ਦੇਖ ਇਕ ਪੁਲਸ ਵਾਲੇ ਦਾ ਦਿਲ ਪਿਘਲ ਗਿਆ।
ਜਾਣਕਾਰੀ ਮੁਤਾਬਕ ਬਸਤੀ ਬਾਵਾ ਖੇਲ ਦੇ ਭਸੀਨ ਮੈਡੀਕਲ ਸਟੋਰ ਵਾਲੀ ਗਲੀ ਨੇੜੇ ਇਕ ਕਲਯੁਗੀ ਮਾਂ ਵਲੋਂ ਆਪਣੀ ਨਵ-ਜਨਮੀ ਬੱਚੀ ਨੂੰ ਖਾਲੀ ਪਲਾਟ ਵਿਚ ਸੁੱਟ ਦਿੱਤਾ ਗਿਆ। ਹਾਲਾਂਕਿ ਪਲਾਟ ਦੀ ਚਾਰਦੀਵਾਰੀ ਹੋਈ ਸੀ ਅਤੇ ਬੱਚੀ ਨੂੰ ਕਰੀਬ 10 ਫੁੱਟ ਦੀ ਦੀਵਾਰ ਤੋਂ ਹੇਠਾਂ ਸੁੱਟਿਆ ਗਿਆ ਤਾਂ ਕਿ ਉਸ ਦੀ ਮੌਤ ਹੋ ਸਕੇ ਪਰ ਭਗਵਾਨ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬੱਚੀ ਬੁਰੀ ਤਰ੍ਹਾਂ ਜ਼ਖ਼ਮੀ ਤਾਂ ਹੋ ਗਈ ਪਰ ਬਚ ਗਈ।
ਮੌਕੇ ''ਤੇ ਪਹੁੰਚੀ 108 ਦੀ ਐਂਬੂਲੈਂਸ ਨੇ ਜ਼ਖ਼ਮੀ ਬੱਚੀ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਉਸ ਦਾ ਇਲਾਜ ਕਰਨ ਦੇ ਬਾਅਦ ਉਸ ਨੂੰ ਬੱਚਿਆਂ ਵਾਲੇ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ। ਡਾਕਟਰਾਂ ਮੁਤਾਬਕ ਅਗਲੇ 24 ਘੰਟਿਆਂ ਤੱਕ ਬੱਚੀ ਦੀ ਹਾਲਤ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਜਾਣਕਾਰੀ ਮੁਤਾਬਕ ਪਲਾਟ ਦੇ ਨੇੜੇ ਰਹਿਣ ਵਾਲੇ ਇਕ ਨੌਜਵਾਨ ਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣੀ, ਜਿਵੇਂ ਹੀ ਉਹ ਛੱਤ ''ਤੇ ਚੜ੍ਹਿਆ ਅਤੇ ਉਸ ਨੇ ਪਲਾਟ ਵਿਚ ਦੇਖਿਆ ਕਿ ਇਕ ਬਿੱਲੀ ਨਵ-ਜਨਮੀ ਬੱਚੀ ਦੇ ਕੋਲ ਘੁੰਮ ਰਹੀ ਸੀ। ਨੌਜਵਾਨ ਨੇ ਬਿੱਲੀ ਨੂੰ ਭਜਾਇਆ ਅਤੇ ਪਲਾਟ ਵਿਚ ਜਾ ਕੇ ਬੱਚੀ ਨੂੰ ਬਾਹਰ ਕੱਢਿਆ ਅਤੇ ਤੁਰੰਤ ਪੁਲਸ ਨੂੰ ਸੂਚਨਾ ਦੇ ਕੇ ਨਾਲ ਹੀ 108 ਨੰਬਰ ਗੱਡੀ ਨੂੰ ਫੋਨ ਕਰਕੇ ਉਥੇ ਬੁਲਾਇਆ। ਐਂਬੂਲੈਂਸ ਦੇ ਈ. ਐੱਮ. ਟੀ. ਅਨਿਲ ਸ਼ਰਮਾ ਨੇ ਤੁਰੰਤ ਬੱਚੀ ਨੂੰ ਸਿਵਲ ਹਸਪਤਾਲ ਪਹੁੰਚਾਇਆ।
ਸਿਵਲ ਹਸਪਤਾਲ ਵਾਲੇ ਭੁੱਲੇ ਫਰਜ਼, ਪੁਲਸ ਕਰਮਚਾਰੀ ਨੂੰ ਆਇਆ ਤਰਸ
ਉੱਚੀ ਥਾਂ ਤੋਂ ਪਲਾਟ ਵਿਚ ਸੁੱਟਣ ਕਾਰਨ ਬੱਚੀ ਨੂੰ ਲੱਗੀਆਂ ਸੱਟਾਂ ਦੇ ਕਾਰਨ ਉਸ ਦੇ ਸਰੀਰ ਵਿਚੋਂ ਖੂਨ ਵਹਿ ਰਿਹਾ ਸੀ। ਡਾਕਟਰਾਂ ਨੇ ਤੁਰੰਤ ਉਸ ਦੇ ਸਰੀਰ ਵਿਚੋਂ ਖੂਨ ਸਾਫ ਕਰਨ ਅਤੇ ਉਸ ਨੂੰ ਆਕਸੀਜਨ ਲਗਾਉਣ ਦੇ ਹੁਕਮ ਦਿੱਤੇ ਪਰ ਨਵ-ਜਨਮੀ ਬੱਚੀ ਦੀ ਕਾਫੀ ਦੇਰ ਤੱਕ ਕਿਸੇ ਨੇ ਸੁੱਧ ਨਾ ਲਈ। ਹਸਪਤਾਲ ਦਾ ਸਟਾਫ ਅਤੇ ਬਾਹਰੋਂ ਆਏ ਲੋਕ ਬੱਚੀ ਦੀ ਫੋਟੋ ਖਿੱਚਣ ਵਿਚ ਰੁੱਝੇ ਦਿਖਾਈ ਦੇ ਰਹੇ ਸਨ। ਇਕ ਸੱਜਣ ਤਾਂ ਅਜਿਹਾ ਆਇਆ ਕਿ ਬੱਚੀ ਦੀ ਫੋਟੋ ਖਿੱਚ ਕੇ ਫੇਸਬੁੱਕ ''ਤੇ ਅਪਲੋਡ ਕਰਨ ਲੱਗਾ। ਇਸੇ ਦੌਰਾਨ ਹਸਪਤਾਲ ਵਿਚ ਸਥਾਪਿਤ ਕੈਦੀ ਵਾਰਡ ਵਿਚ ਤਾਇਨਾਤ ਹੈੱਡ ਕਾਂਸਟੇਬਲ ਸੁਰਜੀਤ ਨੂੰ ਤਰਸ ਆਇਆ, ਉਸ ਨੇ ਰੂੰ ਚੁੱਕਿਆ ਅਤੇ ਬੱਚੀ ਦੇ ਸਰੀਰ ਦੇ ਜ਼ਖ਼ਮਾਂ ਨੂੰ ਸਾਫ ਕੀਤਾ।
ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਅਣਪਛਾਤੀ ਔਰਤ ਦੇ ਖਿਲਾਫ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਕੇਸ ਨੂੰ ਟ੍ਰੇਸ ਕਰ ਲਵੇਗੀ