ਵਿਦੇਸ਼ ਗਏ ਕਾਰੋਬਾਰੀ ਦੇ ਘਰ ਨੇਪਾਲੀ ਨੌਕਰਾਂ ਦਾ ਕਾਰਨਾਮਾ, ਲੱਖਾਂ ਦੀ ਨਕਦੀ ਤੇ ਗਹਿਣਿਆਂ ''ਤੇ ਫੇਰ ਗਏ ਹੱਥ
Saturday, Jun 14, 2025 - 08:37 AM (IST)

ਲੁਧਿਆਣਾ (ਰਾਜ) : ਕੰਮਕਾਜ ਦੇ ਸਿਲਸਿਲੇ ’ਚ ਵਿਦੇਸ਼ ਗਏ ਕਾਰੋਬਾਰੀ ਨੇ ਆਪਣਾ ਘਰ ਨੇਪਾਲੀ ਨੌਕਰਾਂ ਦੇ ਵਿਸ਼ਵਾਸ ’ਤੇ ਛੱਡ ਦਿੱਤਾ ਪਰ ਉਨ੍ਹਾਂ ਨੇਪਾਲੀ ਨੌਕਰਾਂ ਨੇ ਕਾਰੋਬਾਰੀ ਨਾਲ ਵਿਸ਼ਵਾਸਘਾਤ ਕੀਤਾ ਅਤੇ ਘਰ ’ਚੋਂ ਲੱਖਾਂ ਦੀ ਨਕਦੀ, ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਗਏ ਅਤੇ ਜਾਂਦੇ ਹੋਏ ਮੁਲਜ਼ਮ ਕਾਰੋਬਾਰੀ ਦੀ ਲਾਇਸੈਂਸੀ ਰਿਵਾਲਵਰ ਅਤੇ ਕਾਰਤੂਸ ਵੀ ਲੈ ਗਏ।
ਜਦ ਕਾਰੋਬਾਰੀ ਵਿਦੇਸ਼ ਤੋਂ ਵਾਪਸ ਆਇਆ ਤਾਂ ਉਸ ਨੂੰ ਚੋਰੀ ਦੀ ਘਟਨਾ ਦਾ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਪੁਲਸ ਕੰਟਰੋਲ ਰੂਮ ’ਚ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਜਾਂਚ ਤੋਂ ਬਾਅਦ ਔਰਤ ਸਮੇਤ 4 ਮੁਲਜ਼ਮਾਂ ’ਤੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਜੈ ਸਿੰਘ, ਲਕਸ਼ਮੀ ਨਾਥ, ਰਾਮੇਸ਼ ਅਤੇ ਨਵੀਨ ਹੈ। ਸਾਰੇ ਮੁਲਜ਼ਮ ਨੇਪਾਲ ਦੇ ਰਹਿਣ ਵਾਲੇ ਹਨ। ਪੁਲਸ ਨੇ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : 24 ਲੱਖ ਰੁਪਏ ਦੀ ਰਿਸ਼ਵਤ! SDM ਦਾ ਸਟੈਨੋ ਨਕਦੀ ਸਮੇਤ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪੁਲਸ ਸ਼ਿਕਾਇਤ ’ਚ ਮਨੀਸ਼ ਕਪੂਰ ਨੇ ਦੱਸਿਆ ਕਿ ਉਹ ਬਾੜੇਵਾਲ ਦੇ ਸੁਖਮਨੀ ਐਨਕਲੇਵ ’ਚ ਪਰਿਵਾਰ ਸਮੇਤ ਰਹਿੰਦਾ ਹੈ। ਉਸ ਨੇ ਔਰਤ ਸਮੇਤ 4 ਨੇਪਾਲੀ ਨੌਕਰਾਂ ਨੂੰ ਘਰ ਦੇ ਕੰਮਕਾਜ ਲਈ ਰੱਖਿਆ ਹੋਇਆ ਸੀ। ਮਨੀਸ਼ ਮੁਤਾਬਕ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਉਸ ਦੀ ਪਤਨੀ ਬੱਚਿਆਂ ਸਮੇਤ ਆਪਣੇ ਮਾਪਿਆਂ ਘਰ ਗਈ ਹੋਈ ਸੀ, ਜਦਕਿ ਉਹ ਖੁਦ ਕੰਮ ਦੇ ਸਿਲਸਿਲੇ ’ਚ 7 ਜੂਨ ਨੂੰ ਚਾਈਨਾ ਚਲਾ ਗਿਆ ਸੀ।
ਪਿੱਛਿਓਂ ਘਰ ਦੀ ਦੇਖ-ਰੇਖ ਨੇਪਾਲੀ ਨੌਕਰਾਂ ਕੋਲ ਹੀ ਸੀ। ਜਦ ਉਹ 12 ਜੂਨ ਨੂੰ ਵਿਦੇਸ਼ ਤੋਂ ਵਾਪਸ ਘਰ ਪਹੁੰਚਿਆਂ ਤਾਂ ਘਰ ਵਿਚ ਕੋਈ ਵੀ ਨਹੀਂ ਸੀ। ਜਦ ਉਹ ਅੰਦਰ ਗਿਆ ਤਾਂ ਕਮਰਿਆਂ ’ਚ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਸਾਰੀਆਂ ਅਲਮਾਰੀਆਂ ਅਤੇ ਤਿਜੌਰੀਆਂ ਦੇ ਲਾਕ ਟੁੱਟੇ ਹੋਏ ਸਨ, ਜਿਨ੍ਹਾਂ ਅੰਦਰੋਂ ਨਕਦੀ, ਸੋਨੇ ਚਾਂਦੀ ਦੇ ਗਹਿਣੇ ਅਤੇ ਉਸ ਦਾ ਲਾਇਸੈਂਸੀ ਰਿਵਾਲਵਰ ਅਤੇ ਕਾਰਤੂਸ ਨਹੀਂ ਸਨ। ਜਦ ਉਸ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਚਾਰੋਂ ਮੁਲਜ਼ਮ ਨੇਪਾਲੀ ਨੌਕਰਾਂ ਨੇ ਉਸ ਦੇ ਘਰ ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ, ਜੋ ਉਸ ਦੇ ਘਰ ’ਚੋਂ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਜਾਂਚ ਅਧਿਕਾਰੀ ਏ. ਐੱਸ. ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਜਾਂਚ ਲਗਾਤਾਰ ਜਾਰੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : 1 ਜੁਲਾਈ ਤੋਂ ਟਿਕਟ ਬੁੱਕ ਨਹੀਂ ਕਰ ਸਕਣਗੇ ਇਹ ਲੋਕ! ਰੇਲਵੇ ਨੇ ਨਿਯਮ 'ਚ ਕੀਤਾ ਵੱਡਾ ਬਦਲਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8