ESI ਡਿਸਪੈਂਸਰੀ ''ਚ ਗਏ ਮਰੀਜ਼ਾਂ ਨਾਲ ਮੁਲਾਜ਼ਮ ਦੀ ਬਦਮਾਸ਼ੀ! ਵੀਡੀਓ ਵਾਇਰਲ

Thursday, Apr 16, 2026 - 04:20 PM (IST)

ESI ਡਿਸਪੈਂਸਰੀ ''ਚ ਗਏ ਮਰੀਜ਼ਾਂ ਨਾਲ ਮੁਲਾਜ਼ਮ ਦੀ ਬਦਮਾਸ਼ੀ! ਵੀਡੀਓ ਵਾਇਰਲ

ਲੁਧਿਆਣਾ (ਰਾਜ/ਗਣੇਸ਼): ਫੋਕਲ ਪੁਆਇੰਟ ਸਥਿਤ ਈ.ਐੱਸ.ਆਈ. (ESI) ਡਿਸਪੈਂਸਰੀ ਨੰਬਰ 3 ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਦਵਾਈ ਦੀ ਪਰਚੀ ਕੱਟਣ ਵਾਲੇ ਕਾਊਂਟਰ 'ਤੇ ਬੈਠਾ ਇਕ ਨੌਜਵਾਨ ਆਪਣੀ ਕੁਰਸੀ ਦੀ ਹਵਾ ਦਿਖਾਉਂਦੇ ਹੋਏ ਸਾਹਮਣੇ ਖੜ੍ਹੇ ਵਿਅਕਤੀ ਨਾਲ ਸ਼ਰੇਆਮ ਗਾਲੀ-ਗਲੋਚ ਅਤੇ ਬਦਤਮੀਜ਼ੀ ਕਰਦਾ ਨਜ਼ਰ ਆ ਰਿਹਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਪਰਚੀ ਕੱਟਣ ਵਾਲਾ ਨੌਜਵਾਨ ਉੱਥੇ ਆਈ ਇਕ ਬਜ਼ੁਰਗ ਮਹਿਲਾ ਨਾਲ ਗਲਤ ਤਰੀਕੇ ਨਾਲ ਪੇਸ਼ ਆ ਰਿਹਾ ਸੀ। ਲਾਈਨ ਵਿਚ ਖੜ੍ਹੇ ਇਕ ਜਾਗਰੂਕ ਨੌਜਵਾਨ ਤੋਂ ਇਹ ਬਰਦਾਸ਼ਤ ਸਹਿਣ ਨਹੀਂ ਹੋਇਆ ਅਤੇ ਉਸ ਨੇ ਕਰਮਚਾਰੀ ਨੂੰ ਟੋਕਦੇ ਹੋਏ ਬਜ਼ੁਰਗ ਮਹਿਲਾ ਨਾਲ ਤਮੀਜ਼ ਨਾਲ ਗੱਲ ਕਰਨ ਦੀ ਸਲਾਹ ਦਿੱਤੀ। ਬਸ ਫਿਰ ਕੀ ਸੀ, ਕਾਊਂਟਰ 'ਤੇ ਬੈਠੇ ਨੌਜਵਾਨ ਦਾ ਪਾਰਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ ਅਤੇ ਉਸ ਨੇ ਬਜ਼ੁਰਗ ਮਹਿਲਾ ਨੂੰ ਛੱਡ ਕੇ, ਟੋਕਣ ਵਾਲੇ ਨੌਜਵਾਨ 'ਤੇ ਹਮਲਾਵਰ ਰੁਖ ਅਪਣਾ ਲਿਆ।

ਵਾਇਰਲ ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਰਮਚਾਰੀ ਬਿਨਾਂ ਕਿਸੇ ਡਰ ਦੇ ਨੌਜਵਾਨ ਨੂੰ ਗਾਲ੍ਹਾਂ ਕੱਢ ਰਿਹਾ ਹੈ ਅਤੇ ਉਸ ਨੂੰ ਧਮਕੀਆਂ ਦੇ ਰਿਹਾ ਹੈ। ਪੀੜਤ ਨੌਜਵਾਨ ਨੇ ਜਦੋਂ ਇਸ ਬਦਸਲੂਕੀ ਦਾ ਵਿਰੋਧ ਕੀਤਾ ਅਤੇ ਆਪਣੇ ਮੋਬਾਈਲ ਤੋਂ ਵੀਡੀਓ ਬਣਾਉਣੀ ਸ਼ੁਰੂ ਕੀਤੀ, ਤਾਂ ਕਰਮਚਾਰੀ ਹੋਰ ਵੀ ਜ਼ਿਆਦਾ ਭੜਕ ਗਿਆ। ਕੁਝ ਲੋਕਾਂ ਨੇ ਦਬੀ ਜ਼ੁਬਾਨ ਵਿਚ ਦੱਸਿਆ ਕਿ ਈ.ਐੱਸ.ਆਈ. ਡਿਸਪੈਂਸਰੀਆਂ ਵਿਚ ਅਕਸਰ ਗਰੀਬ ਮਜ਼ਦੂਰਾਂ ਅਤੇ ਬਜ਼ੁਰਗਾਂ ਨਾਲ ਅਜਿਹਾ ਹੀ ਵਿਵਹਾਰ ਕੀਤਾ ਜਾਂਦਾ ਹੈ, ਪਰ ਡਰ ਦੇ ਮਾਰੇ ਕੋਈ ਮੂੰਹ ਨਹੀਂ ਖੋਲ੍ਹਦਾ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਗੇਂਦ ਈ.ਐੱਸ.ਆਈ. ਹਸਪਤਾਲ ਦੇ ਉੱਚ ਅਧਿਕਾਰੀਆਂ ਦੇ ਪਾਲੇ ਵਿਚ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗ ਆਪਣੇ ਕਰਮਚਾਰੀ ਦੀ ਇਸ ਗੁੰਡਾਗਰਦੀ 'ਤੇ ਪਰਦਾ ਪਾਉਂਦਾ ਹੈ ਜਾਂ ਪੀੜਤ ਬਜ਼ੁਰਗ ਮਹਿਲਾ ਅਤੇ ਨੌਜਵਾਨ ਨੂੰ ਇਨਸਾਫ਼ ਦਿਵਾਉਂਦੇ ਹੋਏ ਕੋਈ ਠੋਸ ਮਿਸਾਲ ਪੇਸ਼ ਕਰਦਾ ਹੈ।
 


author

Anmol Tagra

Content Editor

Related News