ਪੰਜਾਬ ''ਚ ਵੱਡੀ ਲੁੱਟ, ਸ਼ਰਾਬ ਠੇਕੇਦਾਰ ਦੇ ਕਰਿੰਦੇ ਕੋਲੋਂ ਨਕਦੀ ਨਾਲ ਭਰਿਆ ਬੈਗ ਖੋਹ ਕੇ 3 ਨਕਾਬਪੋਸ਼ ਫਰਾਰ

Saturday, Apr 18, 2026 - 07:47 PM (IST)

ਪੰਜਾਬ ''ਚ ਵੱਡੀ ਲੁੱਟ, ਸ਼ਰਾਬ ਠੇਕੇਦਾਰ ਦੇ ਕਰਿੰਦੇ ਕੋਲੋਂ ਨਕਦੀ ਨਾਲ ਭਰਿਆ ਬੈਗ ਖੋਹ ਕੇ 3 ਨਕਾਬਪੋਸ਼ ਫਰਾਰ

ਲੁਧਿਆਣਾ, (ਰਾਜ)- ਸ਼ਹਿਰ ਵਿੱਚ ਬੇਖੌਫ਼ ਲੁਟੇਰਿਆਂ ਨੇ ਇੱਕ ਵਾਰ ਫਿਰ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਚੁਣੌਤੀ ਦਿੰਦੇ ਹੋਏ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਵਾਰ 'ਗੰਗਾਨਗਰ ਗਰੁੱਪ' ਦੇ ਸ਼ਰਾਬ ਠੇਕਿਆਂ ਦਾ ਕੈਸ਼ ਨਿਸ਼ਾਨਾ ਬਣਿਆ ਹੈ। ਥਾਣਾ ਦੁੱਗਰੀ ਅਧੀਨ ਆਉਂਦੀ ਵਿਸ਼ਾਲ ਨਗਰ ਕਾਲੋਨੀ ਵਿੱਚ ਸ਼ੁੱਕਰਵਾਰ ਰਾਤ ਨੂੰ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਸ਼ਰਾਬ ਠੇਕੇਦਾਰ ਦੇ ਕਰਮਚਾਰੀ ਤੋਂ ਨਕਦੀ ਨਾਲ ਭਰਿਆ ਬੈਗ ਜ਼ਬਰਦਸਤੀ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੈਗ ਵਿੱਚ ਕਰੀਬ 22.15 ਲੱਖ ਰੁਪਏ ਕੈਸ਼ ਸੀ। ਇਹ ਘਟਨਾ ਕੋਲ ਹੀ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ। ਥਾਣਾ ਦੁੱਗਰੀ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਗੁਰੂਦੇਵ ਨਗਰ ਨਿਵਾਸੀ ਸ਼ਿਵਕਰਨ ਸਿੰਘ ਬਿਸਲਾ ਨੇ ਦੱਸਿਆ ਕਿ ਉਹ ਸ਼ਰਾਬ ਦੇ ਠੇਕਿਆਂ ਵਿੱਚ ਪਾਰਟਨਰ ਹਨ। ਬੀਤੀ ਰਾਤ ਕਰੀਬ 10:15 ਵਜੇ ਉਨ੍ਹਾਂ ਦਾ ਕਰਮਚਾਰੀ ਅਤੇ ਠੇਕਿਆਂ ਦਾ ਇੰਚਾਰਜ ਹਰਦੀਪ ਸਿੰਘ ਉਰਫ ਹੈਪੀ ਆਪਣੀ ਮਹਿੰਦਰਾ ਬੋਲੇਰੋ ਕੈਂਪਰ ਗੱਡੀ (PB-10-JZ-5285) ਵਿੱਚ ਠੇਕਿਆਂ ਤੋਂ ਇਕੱਠਾ ਕੀਤਾ ਗਿਆ ਕੈਸ਼ ਲੈ ਕੇ ਵਿਸ਼ਾਲ ਨਗਰ ਸਥਿਤ ਦਫ਼ਤਰ ਜਾ ਰਿਹਾ ਸੀ। ਜਿਵੇਂ ਹੀ ਹੈਪੀ ਦਫ਼ਤਰ ਦੇ ਬਿਲਕੁਲ ਸਾਹਮਣੇ ਪਹੁੰਚਿਆ, ਪਿੱਛੇ ਤੋਂ ਇੱਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ 3 ਅਣਪਛਾਤੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਝਪਟਾ ਮਾਰ ਕੇ ਕੈਸ਼ ਵਾਲਾ ਬੈਗ ਜ਼ਬਰਦਸਤੀ ਖੋਹ ਕੇ ਫ਼ਰਾਰ ਹੋ ਗਏ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਦੁੱਗਰੀ ਅਤੇ ਚੌਕੀ ਐੱਸ.ਬੀ.ਐੱਸ. ਨਗਰ ਦੀ ਪੁਲਸ ਸਰਗਰਮ ਹੋ ਗਈ। ਏ.ਐੱਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਿਵਕਰਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 3 ਅਣਪਛਾਤੇ ਬਾਈਕ ਸਵਾਰਾਂ ਖਿਲਾਫ ਬੀ.ਐੱਨ.ਐੱਸ.  ਦੀ ਧਾਰਾ 304 ਅਤੇ 3(5) ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਕੈਸ਼ ਦੀ ਸਹੀ ਮਾਤਰਾ ਦਾ ਖੁਲਾਸਾ ਅਜੇ ਨਹੀਂ ਕੀਤਾ ਗਿਆ ਹੈ, ਜਿਸ ਦੀ ਡਿਟੇਲ ਪੀੜਤ ਪੱਖ ਬਾਅਦ ਵਿੱਚ ਪੁਲਿਸ ਨੂੰ ਸੌਂਪੇਗਾ। ਪੁਲਿਸ ਦੀਆਂ ਟੀਮਾਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀਆਂ ਹਨ ਤਾਂ ਜੋ ਮੁਲਜ਼ਮਾਂ ਦੇ ਭੱਜਣ ਦੇ ਰੂਟ ਅਤੇ ਮੋਟਰਸਾਈਕਲ ਦੇ ਨੰਬਰ ਦਾ ਸੁਰਾਗ ਲਗਾਇਆ ਜਾ ਸਕੇ।


author

Rakesh

Content Editor

Related News