1 ਅਗਸਤ ਨੂੰ ਦੇਸ਼ ਭਰ ’ਚ 11 ਭਾਸ਼ਾਵਾਂ ’ਚ ਹੋਵੇਗਾ ‘ਨੀਟ’
Saturday, Mar 13, 2021 - 11:26 AM (IST)
ਲੁਧਿਆਣਾ (ਵਿੱਕੀ) : ਨੈਸ਼ਨਲ ਟੈਸਟਿੰਗ ਏਜੰਸੀ ਨੇ ਨੀਟ-2021 ਪ੍ਰੀਖਿਆ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਇਹ ਪ੍ਰੀਖਿਆ 1 ਅਗਸਤ ਨੂੰ ਲਈ ਜਾਵੇਗੀ। ਮੈਡੀਕਲ ਕਾਲਜਾਂ ਦੇ ਅੰਡਰ ਗ੍ਰੈਜੂਏਟ ਕੋਰਸਾਂ ’ਚ ਦਾਖ਼ਲੇ ਲਈ ਹੋਣ ਵਾਲਾ ਨੈਸ਼ਨਲ ਐਲਿਜੀਬਿਲਟੀ ਐਂਟਰੈਂਸ ਟੈਸਟ ਕੁੱਲ 11 ਭਾਸ਼ਾਵਾਂ ’ਚ ਹੋਵੇਗਾ। ਐੱਨ. ਟੀ. ਏ. ਦੀ ਆਫੀਸ਼ੀਅਲ ਵੈੱਬਸਾਈਟ ’ਤੇ ਐੱਮ. ਬੀ. ਬੀ. ਐੱਸ., ਬੀ. ਡੀ. ਐੱਸ. ਵਿਚ ਦਾਖ਼ਲੇ ਲਈ ਹੋਣ ਵਾਲੀ ਨੀਟ-2021 ਪ੍ਰੀਖਿਆ ਦੀ ਤਾਰੀਖ਼ ਦਾ ਐਲਾਨ ਕੀਤਾ ਗਿਆ ਹੈ।
‘ਨੀਟ’ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਜਲਦ ਹੀ ਸ਼ੁਰੂ ਹੋਵੇਗੀ। ‘ਨੀਟ’ ਪ੍ਰੀਖਿਆ ਵਿਚ ਹਰ ਸਾਲ ਕਰੀਬ 14 ਲੱਖ ਵਿਦਿਆਰਥੀ ਅਪਲਾਈ ਕਰਦੇ ਹਨ। ਐੱਮ. ਬੀ. ਬੀ. ਐੱਸ., ਬੀ. ਡੀ. ਐੱਸ. ਵਿਚ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀ ‘ਨੀਟ’ ਦੀ ਆਫੀਸ਼ੀਅਲ ਵੈੱਬਸਾਈਟ ’ਤੇ ਜਾ ਕੇ ਦਾਖ਼ਲਾ ਪ੍ਰੀਖਿਆ ਲਈ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣਗੇ। ‘ਨੀਟ’ ਪ੍ਰੀਖਿਆ ’ਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਦਾ 17 ਤੋਂ 25 ਸਾਲ ਦੇ ਦਰਮਿਆਨ ਹੋਣਾ ਜ਼ਰੂਰੀ ਹੈ।
ਨਾਲ ਹੀ ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਅਤੇ ਇੰਗਲਿਸ਼ ਦੇ ਨਾਲ 12ਵੀਂ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ। ਇਸ ਸਾਲ 12ਵੀਂ ਬੋਰਡ ਦੀ ਪ੍ਰੀਖਿਆ ’ਚ ਹਿੱਸਾ ਲੈਣ ਵਾਲੇ ਉਮੀਦਵਾਰ ਵੀ ‘ਨੀਟ’ ਲਈ ਅਪਲਾਈ ਕਰਨ ਦੇ ਯੋਗ ਮੰਨੇ ਜਾਣਗੇ। ਅਰਜ਼ੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਅਪਲਾਈ ਫਾਰਮ ਦੇ ਨਾਲ ਹੀ 10ਵੀਂ, 12ਵੀਂ ਦੇ ਸਰਟੀਫਿਕੇਟ, ਆਧਾਰ ਕਾਰਡ, ਪਾਸਪੋਰਟ ਨੰਬਰ, ਬੈਂਕ ਅਕਾਊਂਟ ਡਿਟੇਲਜ਼ ਆਦਿ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਸਬਮਿੱਟ ਕਰਨੀਆਂ ਹੋਣਗੀਆਂ। ਇਸ ਦੇ ਨਾਲ ਹੀ ਪਾਸਪੋਰਟ ਸਾਈਜ਼ ਦੀਆਂ ਫੋਟੋਗ੍ਰਾਫਸ, ਸਿਗਨੇਚਰ ਅਤੇ ਖੱਬੇ ਹੱਥ ਦੇ ਅੰਗੂਠੇ ਦੇ ਨਿਸ਼ਾਨ ਦੀ ਕਾਪੀ ਸਬਮਿੱਟ ਕਰਨੀ ਹੋਵੇਗੀ। ‘ਨੀਟ’ ਦੀ ਪ੍ਰੀਖਿਆ ਦੇਸ਼ ਦੇ ਮਾਨਤਾ ਪ੍ਰਾਪਤ ਮੈਡੀਕਲ ਕਾਲਜ, ਡੈਂਟਲ ਕਾਲਜਾਂ ਅਤੇ ਹੋਰਨਾਂ ਸੰਸਥਾਵਾਂ ’ਚ ਐੱਮ. ਬੀ. ਬੀ. ਐੱਸ. ਅਤੇ ਬੀ. ਡੀ. ਐੱਸ. ਕੋਰਸਾਂ ਲਈ ਕਰਵਾਈ ਜਾਂਦੀ ਹੈ।